ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ : ਸ਼ੁਰੂਆਤੀ ਲੀਗ ਮੈਚ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ

ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਲੀਗ ਮੁਕਾਬਲਿਆਂ ’ਚ ਮਲੇਸ਼ੀਆ ਨੇ ਚੀਨ ਨੂੰ 5-4 ਗੋਲਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਖੇਡੇ ਗਏ ਇਸ ਮੁਕਾਬਲੇ ਦੌਰਾਨ ਦੋਵਾਂ ਟੀਮਾਂ ਨੇ ਤੇਜ਼ ਰਫ਼ਤਾਰ ਹਾਕੀ ਦਾ ਪ੍ਰਦਰਸ਼ਨ ਕੀਤਾ ਤੇ ਆਖਰੀ ਕੁਆਰਟਰ ਤੱਕ ਮੁਕਾਬਲਾ ਰੋਮਾਂਚਕ ਬਣਿਆ ਰਿਹਾ। ਮੈਚ ਦੇ ਚੌਥੇ ਮਿੰਟ ’ਚ ਮਲੇਸ਼ੀਆ ਦੇ ਅਜ਼ਰਾਈ ਅਬੂ ਕਮਾਲ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ 1-0 ਦੀ ਅਗੇਤ ਦਿਵਾਈ। ਚੀਨ ਦੇ ਵਾਂਗ ਯਾਕੀ ਨੇ 11ਵੇਂ ਮਿੰਟ ’ਚ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਅਗਲੇ ਹੀ ਮਿੰਟ ’ਚ ਨੀ ਮੋਦਾ ਨੇ ਗੋਲ ਕਰਕੇ ਚੀਨ ਨੂੰ 2-1 ਨਾਲ ਅੱਗੇ ਕਰ ਦਿੱਤਾ। ਮਲੇਸ਼ੀਆ ਦੇ ਅਜ਼ਰਾਈ ਅਬੂ ਕਮਾਲ ਨੇ 14ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ, ਜਦਕਿ ਅਨੁਆਰ ਅਖਿਮੁੱਲਾ ਨੇ ਉਸੇ ਮਿੰਟ ’ਚ ਗੋਲ ਕਰਕੇ ਮਲੇਸ਼ੀਆ ਨੂੰ 3-2 ਦੀ ਅਗੇਤ ਦਿਵਾ ਦਿੱਤੀ। 27ਵੇਂ ਮਿੰਟ ’ਚ ਚੀਨ ਦੇ ਚੇਨ ਬੇਨਹਾਈ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ 3-3 ਕਰ ਦਿੱਤਾ। ਇਸ ਤੋਂ ਬਾਅਦ ਮਲੇਸ਼ੀਆ ਨੇ ਤੀਜੇ ਕੁਆਰਟਰ ’ਚ ਦਬਦਬਾ ਬਣਾਇਆ। ਸਾਰੀ ਫੈਜ਼ਲ ਨੇ 34ਵੇਂ ਮਿੰਟ ’ਚ ਪੈਨਾਲਟੀ ਸਟ੍ਰੋਕ ਰਾਹੀਂ ਗੋਲ ਕਰਕੇ ਟੀਮ ਨੂੰ 4-3 ਨਾਲ ਅੱਗੇ ਕਰ ਦਿੱਤਾ। ਅਗਲੇ ਹੀ ਮਿੰਟ ’ਚ ਅਜ਼ੀਮੁੱਦੀਨ ਕਮਰੁੱਦੀਨ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਕੋਰ 5-3 ਕਰ ਦਿੱਤਾ। ਮੈਚ ਦੇ 44ਵੇਂ ਮਿੰਟ ’ਚ ਚੇਨ ਬੇਨਹਾਈ ਨੇ ਪੈਨਾਲਟੀ ਕਾਰਨਰ ਰਾਹੀਂ ਗੋਲ ਕਰਕੇ ਚੀਨ ਦੀ ਵਾਪਸੀ ਦੀ ਉਮੀਦ ਜਗਾਈ ਤੇ ਸਕੋਰ 5-4 ਕਰ ਦਿੱਤਾ। ਹਾਲਾਂਕਿ ਚੀਨ ਦੀ ਟੀਮ ਇਸ ਤੋਂ ਅੱਗੇ ਗੋਲ ਨਹੀਂ ਕਰ ਸਕੀ ਤੇ ਮਲੇਸ਼ੀਆ ਨੇ 5-4 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਪਹਿਲੇ ਦਿਨ ਦੇ ਰਮਾਂਸ਼ਿਕ ਮੈਚ ਤੋਂ ਬਾਅਦ ਹਾਕੀ ਪ੍ਰੇਮੀਆਂ ਲਈ ਖੁਸ਼ਖਬਰੀ ਹੈ ਕਿ ਅਗਲੇ ਮੈਚ ਵੀ ਬੇਹੱਦ ਰੋਮਾਂਚਕ ਹੋਣਗੇ।
