ਹੁਸ਼ਿਆਰਪੁਰ ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਸਿਵਲ ਹਸਪਤਾਲ ਦੇ ਡਾਕਟਰ ਅਨੁਸਾਰ, ਜਦੋਂ ਭੁਵਨੇਸ਼ ਚੋਪੜਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਪਹਿਲਾਂ ਹੀ ਦਮ ਤੋੜ ਚੁੱਕਾ ਸੀ। ਫਿਲਹਾਲ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੋਸਟਮਾਰਟਮ ਤੇ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ ਦੇਰ ਰਾਤ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਮੌਤ।
ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਭੁਵਨੇਸ਼ ਚੋਪੜਾ ਨੂੰ ਮੱਧ ਏਸ਼ੀਆ ਦੇ ਇੱਕ ਦੇਸ਼ ਤੋਂ ਡਿਪੋਰਟ ਕਰਵਾ ਕੇ 12 ਮਾਰਚ 2026 ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਫਿਰੋਜ਼ਪੁਰ, ਫਾਜ਼ਿਲਕਾ ਤੇ ਪਟਿਆਲਾ ਜ਼ਿਲ੍ਹਿਆਂ ‘ਚ ਕਈ ਮਾਮਲੇ ਦਰਜ ਸਨ। ਤੀਹਰੇ ਕਤਲ ਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸੀ ਲੋੜੀਂਦਾ।
ਭੁਵਨੇਸ਼ ਚੋਪੜਾ ਸਤੰਬਰ 2024 ‘ਚ ਫਿਰੋਜ਼ਪੁਰ ਵਿਖੇ ਹੋਏ ਤੀਹਰੇ ਕਤਲਕਾਂਡ ਤੇ ਨਸ਼ਾ ਤਸਕਰੀ ਦੇ ਕਈ ਮਾਮਲਿਆਂ ‘ਚ ਮੁਲਜ਼ਮ ਸੀ। ਉਸ ਤੇ ਪਾਕਿਸਤਾਨ ਤੋਂ ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨੂੰ ਚਲਾਉਣ ‘ਚ ਅਹਿਮ ਭੂਮਿਕਾ ਨਿਭਾਉਣ ਦੇ ਇਲਜ਼ਾਮ ਵੀ ਸਨ।
