ਵਿਸ਼ਵ ਕੱਪ ਜੇਤੂ ਹਾਕੀ ਖਿਡਾਰੀ ਇੰਦਰਜੀਤ ਚੱਢਾ ਦਾ ਨਵਾਂ ਸਫ਼ਰ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਆਸਤ 'ਚ ਉਤਰਨ ਦੀ ਤਿਆਰੀ

ਅੱਜ ਦਾ ਨੌਜਵਾਨ ਜਦੋਂ ਆਪਣੇ ਭਵਿੱਖ, ਕਰੀਅਰ ਤੇ ਸਮਾਜਿਕ ਜ਼ਿੰਮੇਵਾਰੀਆਂ ਦੇ ਚੌਰਾਹੇ ’ਤੇ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਅਜਿਹੇ ਰੋਲ ਮਾਡਲ ਦੀ ਭਾਲ ਹੁੰਦੀ ਹੈ, ਜਿਸ ਨੇ ਹਰ ਖੇਤਰ ’ਚ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੋਵੇ। ਹਾਕੀ ਦੇ ਸਾਬਕਾ ਕੌਮਾਂਤਰੀ ਖਿਡਾਰੀ ਇੰਦਰਜੀਤ ਚੱਢਾ ਦਾ ਜੀਵਨ ਅਜਿਹਾ ਹੀ ਮਿਸਾਲੀ ਸਫ਼ਰ ਹੈ, ਜੋ ਹਰ ਨੌਜਵਾਨ ਨੂੰ ਸੁਪਨੇ ਦੇਖਣ ਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ।
ਇੰਦਰਜੀਤ ਚੱਢਾ ਦਾ ਜਨਮ ਇਕ ਸੁਲਝੇ ਹੋਏ ਵਕੀਲ ਪਰਿਵਾਰ ’ਚ ਹੋਇਆ। ਉਨ੍ਹਾਂ ਦੇ ਪਿਤਾ ਹਰਨੇਕ ਸਿੰਘ ਸੀਨੀਅਰ ਐਡਵੋਕੇਟ ਸਨ। ਉਹ ਛੇ ਭੈਣ-ਭਰਾ (ਤਿੰਨ ਭਰਾ ਤੇ ਤਿੰਨ ਭੈਣਾਂ) ਹਨ, ਜਿਨ੍ਹਾਂ ਦੇ ਘਰ ’ਚ ਖੇਡਾਂ ਤੇ ਪੜ੍ਹਾਈ ਦੋਵਾਂ ਨੂੰ ਬਰਾਬਰ ਮਹੱਤਤਾ ਦਿੱਤੀ ਜਾਂਦੀ ਸੀ। ਵੱਡੀ ਭੈਣ ਪਰਮਜੀਤ ਕੌਰ ਨੇ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸਕੂਲ ਫ਼ਤਿਹਗੜ੍ਹ ਸਾਹਿਬ ਤੋਂ ਜ਼ਿਲ੍ਹਾ ਪੱਧਰ ’ਤੇ ਅਤੇ ਵੱਡੇ ਭਰਾ ਹਰਦੀਪ ਸਿੰਘ ਦੀਵਾਨਾ ਨੇ 1990 ਦੇ ਦਹਾਕੇ ਦੇ ਅਖ਼ੀਰ ’ਚ ਨੈਸ਼ਨਲ ਪੱਧਰ ’ਤੇ ਹਾਕੀ ਖੇਡੀ। ਹਰਦੀਪ ਨੇ ਨੈਸ਼ਨਲ ਖੇਡਣ ਤੋਂ ਬਾਅਦ ਵਕਾਲਤ ਨੂੰ ਚੁਣਿਆ (ਜੋ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਤਿੰਨ ਵਾਰ ਪ੍ਰਧਾਨ ਰਹੇ)। ਇੰਦਰਜੀਤ ਨੇ ਮੁੱਢਲੀ ਪੜ੍ਹਾਈ ਬੱਸੀ ਪਠਾਣਾਂ ਤੋਂ ਕੀਤੀ। ਪਿਤਾ ਦੀ ਹਾਈ ਕੋਰਟ ’ਚ ਪ੍ਰੈਕਟਿਸ ਕਾਰਨ ਪਰਿਵਾਰ ਫ਼ਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਸ਼ਿਫਟ ਹੋ ਗਿਆ। ਉਸ ਨੇ ਖ਼ਾਲਸਾ ਸਕੂਲ ਸੈਕਟਰ-35 ’ਚ ਸੀਨੀਅਰ ਸੈਕੰਡਰੀ ਤੱਕ ਪੜ੍ਹਾਈ ਕੀਤੀ, ਜਦ ਕਿ ਤਾਮਿਲਨਾਡੂ ਦੀ ਵਿਨਾਇਕਾ ਯੂਨੀਵਰਸਿਟੀ ਤੋਂ ਐੱਮਬੀਏ ਦੀ ਪੜ੍ਹਾਈ ਪੂਰੀ ਕੀਤੀ।
ਖੇਡਣ ਦੀ ਚੰਗਿਆਰੀ ਉਸ ਨੂੰ ਵੱਡੇ ਭਰਾ ਹਰਦੀਪ ਸਿੰਘ ਦੀਵਾਨਾ ਤੋਂ ਲੱਗੀ, ਜਦੋਂ ਉਹ ਇਕ ਦਿਨ ਟਰਾਫ਼ੀ ਲੈ ਕੇ ਘਰ ਆਇਆ ਸੀ। ਇੰਦਰਜੀਤ ਨੇ ਆਪਣੇ ਭਰਾ ਤੋਂ ਟਰਾਫ਼ੀ ਮੰਗੀ ਤਾਂ ਉਸ ਦਾ ਕਹਿਣਾ ਸੀ ਕਿ ਇਹ ਐਵੇਂ ਨਹੀਂ ਮਿਲਦੀ। ਇਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਵੱਡੇ ਭਰਾ ਦੀ ਇਹ ਗੱਲ ਸੁਣ ਕੇ ਇੰਦਰਜੀਤ ਨੇ ਮਨ ’ਚ ਧਾਰ ਲਿਆ ਕਿ ਇਕ ਦਿਨ ਉਹ ਵੀ ਟਰਾਫ਼ੀ ਲੈ ਕੇ ਘਰ ਆਵੇਗਾ। ਇਸ ਮਗਰੋਂ ਉਸ ਨੇ 1993-94 ’ਚ ਚੰਡੀਗੜ੍ਹ ’ਚ ਸਕੂਲ ਪੱਧਰ ’ਤੇ ਹਾਕੀ ਖੇਡਣੀ ਸ਼ੁਰੂ ਕੀਤੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਖ਼ਾਲਸਾ ਸਕੂਲ (ਸੈਕਟਰ-35) ਤੋਂ ਆਪਣੇ ਹੱਥ ’ਚ ਹਾਕੀ ਫੜੀ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ਉਹ ਅੰਡਰ-14, ਅੰਡਰ-17, ਅੰਡਰ-19 ਤੇ ਅੰਡਰ-21 ਦੇ ਸੂਬਾ ਤੇ ਨੈਸ਼ਨਲ ਵਰਗਾਂ ’ਚ ਚੋਟੀ ਦਾ ਸਕੋਰਰ ਰਿਹਾ। ਚੰਡੀਗੜ੍ਹ ਸੂਬਾ ਪੱਧਰ ’ਤੇ ਸੋਨ ਤਮਗ਼ਾ ਜਿੱਤ ਕੇ ਆਪਣੀ ਪਛਾਣ ਬਣਾਈ। 1998-99 ’ਚ ਉਹ ਭਾਰਤ ਦੀ ਅੰਡਰ-18/19 ਟੀਮ ਲਈ ਚੁਣਿਆ ਗਿਆ ਤੇ ਤਿੰਨ ਦੇਸ਼ਾਂ ਦਾ ਦੌਰਾ ਕੀਤਾ। ਹਰ ਵੱਡੀ ਸਫ਼ਲਤਾ ਦੀ ਸ਼ੁਰੂਆਤ ਇਕ ਛੋਟੇ ਜਿਹੇ ਸੁਪਨੇ ਤੇ ਦ੍ਰਿੜ੍ਹ ਸੰਕਲਪ ਤੋਂ ਹੁੰਦੀ ਹੈ। ਉਸ ਨੇ ਇਤਿਹਾਸ ਰਚਣ ਲਈ ਨਿਰੰਤਰ ਮਿਹਨਤ ਕੀਤੀ ਤੇ ਖੇਡਾਂ ਦੇ ਖੇਤਰ ’ਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ। 1975 ਤੋਂ ਬਾਅਦ ਭਾਰਤੀ ਹਾਕੀ ’ਚ ਵਿਸ਼ਵ ਕੱਪ ਸੋਨ ਤਮਗ਼ੇ ਦਾ ਸੁਪਨਾ ਅਧੂਰਾ ਸੀ ਪਰ 2001 ’ਚ ਭਾਰਤੀ ਅੰਡਰ-21 ਹਾਕੀ ਟੀਮ ਨੇ ਵਿਸ਼ਵ ਕੱਪ ’ਚ ਸੋਨ ਤਮਗ਼ਾ ਜਿੱਤ ਕੇ ਪੂਰੀ ਦੁਨੀਆ ’ਚ ਤਰਥੱਲੀ ਮਚਾ ਦਿੱਤੀ। ਇੰਦਰਜੀਤ ਚੱਢਾ ਉਸ ਇਤਿਹਾਸਕ ਟੀਮ ਦਾ ਅਹਿਮ ਹਿੱਸਾ ਸੀ। 2007 ਤੱਕ 200 ਤੋਂ ਵੱਧ ਮੈਚ ਖੇਡਣ ਦੌਰਾਨ ਉਸ ਨੂੰ ਕਈ ਵਾਰ ਸੱਟਾਂ ਲੱਗੀਆਂ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਉਸ ਦਾ ਮੰਨਣਾ ਹੈ ਕਿ ਮੁਸ਼ਕਲਾਂ ਤੇ ਸੱਟਾਂ ਕਰੀਅਰ ਦਾ ਹਿੱਸਾ ਹਨ ਪਰ ਮੈਦਾਨ ਛੱਡ ਕੇ ਭੱਜਣਾ ਹੱਲ ਨਹੀਂ। ਅਕਸਰ ਇਹ ਮੰਨਿਆ ਜਾਂਦਾ ਹੈ ਕਿ ਖੇਡਾਂ ਨਾਲ ਪੜ੍ਹਾਈ ਪਿੱਛੇ ਛੁੱਟ ਜਾਂਦੀ ਹੈ ਪਰ ਇੰਦਰਜੀਤ ਨੇ ਇਸ ਧਾਰਨਾ ਨੂੰ ਗ਼ਲਤ ਸਾਬਿਤ ਕੀਤਾ। ਖੇਡਾਂ ਦੇ ਨਾਲ-ਨਾਲ ਉਸ ਨੇ ਐੱਮਬੀਏ ਦੀ ਡਿਗਰੀ ਹਾਸਲ ਕੀਤੀ ਤੇ ਆਪਣੀ ਯੋਗਤਾ ਦੇ ਬਲਬੂਤੇ ਇੰਡੀਅਨ ਆਇਲ ਕਾਰਪੋਰੇਸ਼ਨ ’ਚ ਸੀਨੀਅਰ ਮੈਨੇਜਰ ਦਾ ਅਹੁਦਾ ਹਾਸਲ ਕੀਤਾ।
ਇੰਦਰਜੀਤ ਚੱਢਾ ਉਰਫ਼ ਇੰਦਰਜੀਤ ਸਿੰਘ ਦੀਵਾਨਾ ਦਾ ਮੰਨਣਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਖੇਡ ਕਲਚਰ ਨੂੰ ਮੁੜ ਸੁਰਜੀਤ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਹੱਥ ’ਚ ਰਾਜਸੀ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ, ਜਿਸ ਲਈ ਉਹ ਹੁਣ ਸਿਆਸੀ ਪਾਰੀ ਖੇਡਣ ਦੀ ਤਿਆਰੀ ਕਰ ਰਿਹਾ ਹੈ। ਉਹ ਬੱਸੀ ਪਠਾਣਾਂ ਤੋਂ ਚੋਣ ਮੈਦਾਨ ’ਚ ਨਿੱਤਰਨ ਦਾ ਚਾਹਵਾਨ ਹੈ। ਉਸ ਦਾ ਸੁਪਨਾ ਹੈ ਕਿ ਹਰ ਪਿੰਡ ’ਚ ਖੇਡ ਗਰਾਊਂਡ ਹੋਵੇ ਤਾਂ ਜੋ ਸਾਡੇ ਨੌਜਵਾਨ ਨਸ਼ੇ ਛੱਡ ਕੇ ਦੁਬਾਰਾ ਹਾਕੀ ਤੇ ਖੇਡਾਂ ਦੇ ਖੇਤਰ ’ਚ ਪੰਜਾਬ ਦਾ ਨਾਂ ਰੋਸ਼ਨ ਕਰਨ।
