ਖ਼ਤਰਨਾਕ ਗੈਂਗਸਟਰ ਅੰਮ੍ਰਿਤਪਾਲ ਬਾਠ ਕੈਨੇਡਾ ’ਚ ਗ੍ਰਿਫ਼ਤਾਰ, 24 ਗੰਭੀਰ ਅਪਰਾਧਿਕ ਮਾਮਲਿਆਂ ’ਚ ਸੀ ਲੋੜੀਂਦਾ

ਤਰਨਤਾਰਨ - ਪੰਜਾਬ ਪੁਲਸ ਲਈ ਲੰਮੇ ਸਮੇਂ ਤੋਂ ਸਿਰਦਰਦੀ ਬਣਿਆ ਜ਼ਿਲਾ ਤਰਨਤਾਰਨ ਦਾ ਖ਼ਤਰਨਾਕ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਆਖਿਰਕਾਰ ਕੈਨੇਡਾ ਪੁਲਸ ਦੇ ਹੱਥੇ ਚੜ੍ਹ ਗਿਆ। ਕਰੀਬ 24 ਗੰਭੀਰ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਬਾਠ ਦੀ ਗ੍ਰਿਫ਼ਤਾਰੀ ਨੂੰ ਪੰਜਾਬ ਪੁਲਸ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਜਾਅਲੀ ਪਾਸਪੋਰਟ ਦੇ ਸਹਾਰੇ ਭਾਰਤ ਤੋਂ ਫਰਾਰ ਹੋ ਕੇ ਕੈਨੇਡਾ ਪੁੱਜੇ ਇਸ ਗੈਂਗਸਟਰ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੁਣ ਉਸ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆ ਕੇ ਪੰਜਾਬ ਪੁਲਸ ਦੇ ਹਵਾਲੇ ਕਰਨ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲਾ ਤਰਨਤਾਰਨ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪਿੰਡ ਮੀਆਂਪੁਰ ਨਿਵਾਸੀ ਅੰਮ੍ਰਿਤਪਾਲ ਸਿੰਘ ਬਾਠ ਖ਼ਿਲਾਫ਼ ਕਤਲ ਦੇ 3, ਇਰਾਦਾ ਕਤਲ ਦੇ 7 ਮਾਮਲਿਆਂ ਤੋਂ ਇਲਾਵਾ ਅਸਲਾ ਐਕਟ, ਫਿਰੌਤੀ ਮੰਗਣ ਸਮੇਤ ਕਰੀਬ 24 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਵੱਖ-ਵੱਖ ਅਪਰਾਧਿਕ ਵਾਰਦਾਤਾਂ ਵਿਚ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਪੁਲਸ ਦੇ ਚੁੰਗਲ ਤੋਂ ਬਚਣ ਲਈ ਕਥਿਤ ਤੌਰ ’ਤੇ ਜਾਅਲੀ ਪਾਸਪੋਰਟ ਤਿਆਰ ਕਰਵਾ ਕੇ ਕੈਨੇਡਾ ਫਰਾਰ ਹੋ ਗਿਆ ਸੀ। ਉਸ ਦੀ ਭਾਲ ਲਈ ਪੰਜਾਬ ਪੁਲਸ ਲਗਾਤਾਰ ਕੇਂਦਰੀ ਜਾਂਚ ਏਜੰਸੀਆਂ ਦੇ ਸੰਪਰਕ ’ਚ ਸੀ।
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਸ਼ਹਿਰ ’ਚ ਸਥਾਨਕ ਪੁਲਸ ਵੱਲੋਂ ਸੜਕ ’ਤੇ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਲਈ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਬਾਠ ਦੀ ਗੱਡੀ ਨੂੰ ਜਾਂਚ ਲਈ ਰੋਕਿਆ ਗਿਆ। ਪੁਲਸ ਵੱਲੋਂ ਪੁੱਛਗਿੱਛ ਕਰਨ ਮੌਕੇ ਉਸ ਨੇ ਆਪਣੀ ਅਸਲ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਦਸਤਾਵੇਜ਼ਾਂ ਅਤੇ ਪੁਲਸ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਉਸ ਦੀ ਅਸਲ ਪਛਾਣ ਸਾਹਮਣੇ ਆ ਗਈ ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
