ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ, ਪੰਜ ਜਣਿਆਂ ਦੀ ਮੌਤ; ਇਕ ਜ਼ਖ਼ਮੀ
ਅਸਾਮ ਦੇ ਗੁਹਾਟੀ ਵਿੱਚ ਸੋਮਵਾਰ ਰਾਤ ਇੱਕ ਹੋਟਲ ਦੇ ਮਾਲਕ ਅਤੇ ਹੋਟਲ ਲੀਜ਼ ’ਤੇ ਲੈਣ ਵਾਲੇ ਠੇਕੇਦਾਰ ਵਿਚਾਲੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਗੋਲੀਬਾਰੀ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਹੋਟਲ ਲੀਜ਼ ’ਤੇ ਲੈਣ ਵਾਲੇ ਨੇ ਗੋਲੀਆਂ ਚਲਾਈਆਂ ਜਿਸ ਨੂੰ ਘਟਨਾ ਤੋਂ ਇੱਕ ਘੰਟੇ ਦੇ ਅੰਦਰ ਕਾਬੂ ਕਰ ਲਿਆ ਗਿਆ।
ਇਹ ਘਟਨਾ ਰਾਤ ਕਰੀਬ 9 ਵਜੇ ਮੁੱਖ ਜੀ ਐੱਸ ਰੋਡ ’ਤੇ ਬੋਰਾ ਸਰਵਿਸ ਦੇ ਸਾਹਮਣੇ ਸਥਿਤ ਹੋਟਲ ਬਿਲਾਸ ਇਨ ਵਿੱਚ ਵਾਪਰੀ। ਇਹ ਹੋਟਲ ਅਸਾਮ ਪੁਲੀਸ ਦੇ ਮੁੱਖ ਦਫ਼ਤਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ।
ਗੁਹਾਟੀ ਦੇ ਪੁਲੀਸ ਕਮਿਸ਼ਨਰ ਪਾਰਥ ਸਾਰਥੀ ਮਹੰਤਾ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਛੇ ਜਣਿਆਂ ਨੂੰ ਗੋਲੀਆਂ ਲੱਗੀਆਂ ਸਨ। ਇਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ, ਜਦਕਿ ਇੱਕ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ .32 ਬੋਰ ਦਾ ਲਾਇਸੈਂਸੀ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਹੋਟਲ ਦੇ ਪਟੇ ਦੇ ਸਮਝੌਤੇ ਨਾਲ ਜੁੜਿਆ ਜਾਇਦਾਦ ਦਾ ਵਿਵਾਦ ਸਾਹਮਣੇ ਆਇਆ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮਾਰੇ ਗਏ ਸਾਰੇ ਪੰਜ ਜਣੇ ਹੋਟਲ ਦੇ ਮਾਲਕ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਖ਼ੁਦ ਗੋਲੀਆਂ ਚਲਾ ਕੇ ਇਨ੍ਹਾਂ ਦੀ ਹੱਤਿਆ ਕੀਤੀ।
ਪੁਲੀਸ ਮੁਤਾਬਕ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੇ ਹੋਰ ਵੇਰਵਿਆਂ ਅਤੇ ਵਿਵਾਦ ਦੇ ਪਿਛੋਕੜ ਦੀ ਜਾਂਚ ਜਾਰੀ ਹੈ।
ਘਟਨਾ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਹੋਟਲ ਦੇ ਰਿਸੈਪਸ਼ਨ ਨੇੜੇ ਤੇ ਸੜਕ ’ਤੇ ਮ੍ਰਿਤਕ ਦੇਹਾਂ ਦਿਖਾਈ ਦੇ ਰਹੀਆਂ ਹਨ।
ਇਹ ਪਤਾ ਲੱਗਿਆ ਹੈ ਕਿ ਹਮਲਾਵਰ ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਜਿਸ ਨੂੰ ਪੁਲੀਸ ਨੇ ਹੁਣ ਕਾਬੂ ਕਰ ਲਿਆ ਹੈ।
