ਭਾਰਤ ‘ਚ ਬਣੀ ਐੱਚ.ਆਈ.ਵੀ. ਦਵਾਈ ਨੂੰ ਮਿਲੀ ਮਨਜ਼ੂਰੀ
ਲੂਇਸਵਿਲੇ (ਅਮਰੀਕਾ), 3 ਨਵੰਬਰ (ਪੰਜਾਬ ਮੇਲ)- ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਯੂ.ਐੱਸ.-ਐੱਫ.ਡੀ.ਏ.) ਵੱਲੋਂ ਐੱਚ.ਆਈ.ਵੀ. ਤੋਂ ਬਚਾਅ ਲਈ ਭਾਰਤ ਵਿਚ ਬਣੇ ਇੰਜੈਕਸ਼ਨ ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਇੱਕ ਵੱਡੀ ਉਮੀਦ ਜਾਗੀ ਹੈ। ਇਸ ਮਨਜ਼ੂਰੀ ਨਾਲ 120 ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਇਸ ਜਾਨਲੇਵਾ ਬਿਮਾਰੀ ਦੀ ਦਵਾਈ ਜਲਦੀ ਅਤੇ ਘੱਟ ਕੀਮਤ ‘ਤੇ ਮਿਲਣ ਦੀ ਆਸ ਬੱਝੀ ਹੈ।
ਭਾਰਤ ਵਿਚ ਤਿਆਰ ਕੀਤੇ ਗਏ ਇਸ ਇੰਜੈਕਸ਼ਨ (ਦਵਾਈ ਦੇ ਜੈਨੇਰਿਕ ਸੰਸਕਰਣ) ਨੂੰ ਸਾਲ ਵਿਚ ਸਿਰਫ਼ ਦੋ ਵਾਰ ਲੈਣ ਦੀ ਲੋੜ ਹੋਵੇਗੀ। ਇਸ ਨੂੰ ‘ਲੇਨਾਕਾਪਾਵੀਰ’ ਦਾ ਨਾਮ ਦਿੱਤਾ ਗਿਆ ਹੈ।
ਯੂ.ਐੱਸ.-ਐੱਫ.ਡੀ.ਏ. ਤੋਂ ਮਨਜ਼ੂਰੀ ਮਿਲਣ ਦਾ ਐਲਾਨ ਸੋਮਵਾਰ ਸਵੇਰੇ ਦਵਾਈ ਬਣਾਉਣ ਵਾਲੀ ਕੰਪਨੀ ਅਤੇ ਇਸਦੇ ਵਿਕਾਸ ਕਾਰਜ ਵਿਚ ਮਦਦ ਕਰਨ ਵਾਲੀਆਂ ਸੰਸਥਾਵਾਂ ਨੇ ਕੀਤਾ। ਇਹ ਜੈਨੇਰਿਕ ਦਵਾਈ ਭਾਰਤ ਦੀ ‘ਡਾ. ਰੈੱਡੀਜ਼ ਲੈਬਾਰਟਰੀਜ਼’ ਵੱਲੋਂ ਵਿਕਸਿਤ ਕੀਤੀ ਗਈ ਹੈ। ਇਸ ਨੂੰ ‘ਯੂਨਿਟੇਡ’, ‘ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ’ ਅਤੇ ਅਫਰੀਕਾ ਦੇ ਸਿਹਤ ਖੋਜ ਸੰਸਥਾਨ ‘ਵਿਟਸ ਆਰ.ਐੱਚ.ਆਈ.’ ਵਿਚਾਲੇ ਹੋਏ ਸਮਝੌਤੇ ਤਹਿਤ ਤਿਆਰ ਕੀਤਾ ਗਿਆ ਹੈ। ਇਨ੍ਹਾਂ ਭਾਈਵਾਲਾਂ ਦਾ ਮੁੱਖ ਉਦੇਸ਼ ਦਵਾਈ ਦੇ ਵਿਕਾਸ ਵਿਚ ਤੇਜ਼ੀ ਲਿਆਉਣਾ ਅਤੇ ਇਸਨੂੰ ਕਿਫਾਇਤੀ ਦਰਾਂ ‘ਤੇ ਲੋਕਾਂ ਤੱਕ ਪਹੁੰਚਾਉਣਾ ਹੈ।
ਜਿਨ੍ਹਾਂ ਦੇਸ਼ਾਂ ਵਿਚ ਇਹ ਇੰਜੈਕਸ਼ਨ ਉਪਲਬਧ ਹੋਵੇਗਾ, ਉੱਥੇ ਪ੍ਰਤੀ ਵਿਅਕਤੀ ਇਸਦਾ ਸਾਲਾਨਾ ਖਰਚਾ ਲਗਪਗ 40 ਅਮਰੀਕੀ ਡਾਲਰ ਹੋਣ ਦੀ ਉਮੀਦ ਹੈ। ਇਹ ਕੀਮਤ ਓਨੀ ਹੀ ਹੈ, ਜਿੰਨੀ ਰੋਜ਼ਾਨਾ ਖਾਣ ਵਾਲੀਆਂ ਗੋਲੀਆਂ ‘ਤੇ ਆਉਂਦੀ ਹੈ। ਪਰ, ਗੋਲੀਆਂ ਦੇ ਮੁਕਾਬਲੇ ਇਹ ਇੰਜੈਕਸ਼ਨ ਕਿਤੇ ਜ਼ਿਆਦਾ ਸੁਵਿਧਾਜਨਕ ਹੈ ਕਿਉਂਕਿ ਇਸਨੂੰ ਵਾਰ-ਵਾਰ ਲੈਣ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ, ਵੱਧ ਖਤਰੇ ਵਾਲੇ ਲੋਕਾਂ ‘ਤੇ ਕੀਤੇ ਗਏ ਦੋ ਅਹਿਮ ਅਧਿਐਨਾਂ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਇੰਜੈਕਸ਼ਨਾਂ ਨੇ ਨਵੇਂ ਇਨਫੈਕਸ਼ਨ ਨੂੰ ਲਗਪਗ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ।
