📰 11/03/2026
ਪੰਜਾਬ📍 ਪੰਜਾਬ

ਮਾਨਸਾ ਦੇ ਨੌਜਵਾਨ ਦਲਜੀਤ ਸਿੰਘ ਦਾ ਦੂਜਾ ਪੋਸਟਮਾਰਟਮ ਕਰਵਾਉਣ ਦਾ ਹਾਈ ਕੋਰਟ ਨੇ ਦਿੱਤਾ ਆਦੇਸ਼, 15 ਘੰਟੇ ‘ਚ ਸੌਂਪਣੀ ਹੋਵੇਗੀ ਰਿਪੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਨਸਾ ਦੇ ਨੌਜਵਾਨ ਦਲਜੀਤ ਸਿੰਘ ਦਾ ਚੰਡੀਗੜ੍ਹ ਪੀਜੀਆਈ ਵਿਖੇ ਦੂਜੀ ਵਾਰ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ।
ਮਾਨਸਾ ਦੇ ਨੌਜਵਾਨ ਦਲਜੀਤ ਸਿੰਘ ਦਾ ਦੂਜਾ ਪੋਸਟਮਾਰਟਮ ਕਰਵਾਉਣ ਦਾ ਹਾਈ ਕੋਰਟ ਨੇ ਦਿੱਤਾ ਆਦੇਸ਼, 15 ਘੰਟੇ ‘ਚ ਸੌਂਪਣੀ ਹੋਵੇਗੀ ਰਿਪੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਨਸਾ ਦੇ ਨੌਜਵਾਨ ਦਲਜੀਤ ਸਿੰਘ ਦਾ ਚੰਡੀਗੜ੍ਹ ਪੀਜੀਆਈ ਵਿਖੇ ਦੂਜੀ ਵਾਰ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ 15 ਘੰਟਿਆਂ 'ਚ ਦੇਹ ਪੀਜੀਆਈ ਸੌਂਪਣ ਅਤੇ ਰਿਪੋਰਟ ਪਰਸੋਂ ਪੇਸ਼ ਕਰਨ ਲਈ ਕਿਹਾ ਹੈ। ਨਾਲ ਹੀ ਚੰਡੀਗੜ੍ਹ ਦੇ ਸੈਕਟਰ 25 'ਚ ਪੁਲਿਸ ਪਹਿਰੇ ਹੇਠ ਅੰਤਿਮ ਸਸਕਾਰ ਦੇ ਆਦੇਸ਼ ਦਿੱਤੇ ਹਨ, ਜਿੱਥੇ ਸਿਆਸੀ ਆਗੂਆਂ ਦੇ ਜਾਣ 'ਤੇ ਮੁਕੰਮਲ ਰੋਕ ਰਹੇਗੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਉਂਦਿਆਂ ਚੰਡੀਗੜ੍ਹ ਸਥਿਤ ਪੀ.ਜੀ.ਆਈ. ਵਿਖੇ ਉਸ ਦਾ ਦੂਜੀ ਵਾਰ ਪੋਸਟਮਾਰਟਮ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਹਦਾਇਤ ਕੀਤੀ ਹੈ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਦਾ ਅੰਤਿਮ ਸਸਕਾਰ ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਕੀਤਾ ਜਾਵੇ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਅਤੇ ਬੇਹੱਦ ਨਜ਼ਦੀਕੀਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਅਦਾਲਤੀ ਹੁਕਮਾਂ ਅਨੁਸਾਰ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਲੇ 15 ਘੰਟਿਆਂ ਦੇ ਅੰਦਰ ਪੀ.ਜੀ.ਆਈ. ਪ੍ਰਸ਼ਾਸਨ ਹਵਾਲੇ ਕੀਤਾ ਜਾਵੇਗਾ। ਇਸ ਦੂਜੇ ਪੋਸਟਮਾਰਟਮ ਦੀ ਮੁਕੰਮਲ ਰਿਪੋਰਟ ਪਰਸੋਂ ਦੁਪਹਿਰ 1:45 ਵਜੇ ਹਾਈ ਕੋਰਟ ਦੇ ਬੈਂਚ ਸਾਹਮਣੇ ਪੇਸ਼ ਕਰਨੀ ਲਾਜ਼ਮੀ ਕੀਤੀ ਗਈ ਹੈ।

ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਏਮਜ਼ ਬਠਿੰਡਾ ਵੱਲੋਂ ਤਿਆਰ ਕੀਤੀ ਗਈ ਪਹਿਲੀ ਪੋਸਟਮਾਰਟਮ ਰਿਪੋਰਟ ਵੀ ਅਦਾਲਤ ਸਾਹਮਣੇ ਰੱਖੀ, ਜਿਸ ਵਿੱਚ ਮ੍ਰਿਤਕ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਰਿਪੋਰਟ ਦੇਖ ਕੇ ਹਾਈ ਕੋਰਟ ਨੇ ਪੁੱਛਿਆ ਕਿ ਕੀ ਇਹ ਸੱਟਾਂ ਮੌਤ ਤੋਂ ਪਹਿਲਾਂ ਲੱਗੀਆਂ ਸਨ ਜਾਂ ਮੌਤ ਤੋਂ ਬਾਅਦ? ਅਦਾਲਤ ਨੇ ਟਿੱਪਣੀ ਕੀਤੀ ਕਿ ਮਾਮਲੇ ਨਾਲ ਜੁੜੇ ਸਾਰੇ ਸ਼ੰਕਿਆਂ ਨੂੰ ਦੂਰ ਕਰਨ ਲਈ ਧਿਰਾਂ ਦੀ ਆਪਸੀ ਸਹਿਮਤੀ ਨਾਲ ਪੀ.ਜੀ.ਆਈ. ਵਿੱਚ ਮੁੜ ਪੋਸਟਮਾਰਟਮ ਕਰਵਾਉਣਾ ਹੀ ਸਭ ਤੋਂ ਉਚਿਤ ਕਦਮ ਹੋਵੇਗਾ। ਇਸ ਦੇ ਨਾਲ ਹੀ ਬੈਂਚ ਨੇ ਵਿਸ਼ੇਸ਼ ਤੌਰ ‘ਤੇ ਜ਼ੋਰ ਦੇ ਕੇ ਕਿਹਾ ਕਿ ਹਰ ਮ੍ਰਿਤਕ ਦੇਹ ਨੂੰ ਸਤਿਕਾਰ ਅਤੇ ਮਰਿਆਦਾ ਸਹਿਤ ਅੰਤਿਮ ਸਸਕਾਰ ਦਾ ਪੂਰਾ ਹੱਕ ਹਾਸਲ ਹੈ।

ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਨਿਰਦੇਸ਼ ਦਿੱਤੇ ਹਨ ਕਿ ਪੀ.ਜੀ.ਆਈ. ਵਿਖੇ ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਪੰਜਾਬ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਖ਼ੁਦ ਸਾਂਝੇ ਤੌਰ ‘ਤੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਦਾ ਪ੍ਰਬੰਧ ਕਰਨਗੇ। ਅਦਾਲਤ ਨੇ ਸਖ਼ਤ ਸ਼ਬਦਾਂ ਵਿੱਚ ਤਾਕੀਦ ਕੀਤੀ ਹੈ ਕਿ ਅੰਤਿਮ ਸਸਕਾਰ ਮੌਕੇ ਸਿਰਫ਼ ਪਰਿਵਾਰ ਅਤੇ ਨੇੜਲੇ ਸਬੰਧੀ ਹੀ ਹਾਜ਼ਰ ਹੋ ਸਕਣਗੇ। ਇਸ ਦੌਰਾਨ ਕਿਸੇ ਵੀ ਸਿਆਸੀ ਆਗੂ ਨੂੰ ਉੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਬਾਹਰੀ ਵਿਅਕਤੀ ਨੂੰ ਸ਼ਮਸ਼ਾਨਘਾਟ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ 35 ਸਾਲਾ ਦਲਜੀਤ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਜ਼ਿਆਦਾ ਵਰਤੋਂ ਕਾਰਨ ਹੀ ਉਸ ਦੀ ਜਾਨ ਗਈ ਹੈ। ਪਰਿਵਾਰ ਨੇ ਪੁਲਿਸ ‘ਤੇ ਦੋਸ਼ ਲਾਇਆ ਕਿ ਜਦੋਂ ਉਹ ਦੇਹ ਨੂੰ ਲੈ ਕੇ ਜਾ ਰਹੇ ਸਨ ਤਾਂ ਪੁਲਿਸ ਨੇ ਧੱਕੇ ਨਾਲ ਮ੍ਰਿਤਕ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ।

ਦੂਜੇ ਪਾਸੇ, ਪੁਲਿਸ ਨੇ ਪਰਿਵਾਰ ਨੂੰ ਦੇਹ ਨਸ਼ਾ ਵਿਰੋਧੀ ਧਰਨੇ ‘ਤੇ ਲਿਜਾਣ ਤੋਂ ਰੋਕਦਿਆਂ ਦਾਅਵਾ ਕੀਤਾ ਸੀ ਕਿ ਉਹ ਇਸ ਮਾਮਲੇ ਨੂੰ ਕਤਲ ਦੇ ਸ਼ੱਕ ਵਜੋਂ ਲੈ ਕੇ ਜਾਂਚ ਕਰ ਰਹੇ ਹਨ। ਇਸ ਪੂਰੀ ਘਟਨਾ, ਪੁਲਿਸ ਕਾਰਵਾਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਮਾਮਲੇ ਦਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਜਾ ਚੁੱਕਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' ਛੱਡਣ ਵਾਲੇ 3 ਵਿਧਾਇਕ ਭਾਜਪਾ 'ਚ ਸ਼ਾਮਲਪੜ੍ਹੋ →
ਜਗਤਾਰ ਹਵਾਰਾ ਨੂੰ ਪੰਜਾਬ ਸ਼ਿਫ਼ਟ ਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਰਿਪੋਰਟ ਮਗਰੋਂ 3 ਮਹੀਨੇ ਟਲੀ ਸੁਣਵਾਈਪੜ੍ਹੋ →
ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਮਿਲ ਸਕਦਾ ਹੈ ਸੇਵਾ ਵਿਸਥਾਰ, ਕੇਂਦਰ ਸਰਕਾਰ ਪ੍ਰਸਤਾਵ ‘ਤੇ ਕਰ ਰਹੀ ਹੈ ਵਿਚਾਰਪੜ੍ਹੋ →
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: 11 ਮੁਲਜ਼ਮ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰੇਨੇਡ ਅਤੇ ਹੈਰੋਇਨ ਬਰਾਮਦਪੜ੍ਹੋ →
ਨਾ ਕੋਈ ਸਵਿੱਚ, ਨਾ ਬਿਜਲੀ ਦੀ ਤਾਰ ਪਾਣੀ ਦੀ ਬੂੰਦ ਪੈਂਦੇ ਹੀ ਕਿਵੇਂ ਜਗਮਗਾਉਣ ਲੱਗ ਪੈਂਦਾ ਹੈ ਇਹ ਦੀਵਾ?ਪੜ੍ਹੋ →
ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, ਸਰਕਾਰ ਨੇ 5 ਆਈਏਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ; ਤੁਰੰਤ ਚਾਰਜ ਸੰਭਾਲਣ ਦੇ ਹੁਕਮਪੜ੍ਹੋ →