33 ਸਾਲਾ ਮਸ਼ਹੂਰ ਅਦਾਕਾਰ ਦੀ ਮੌਤ, ਨੀਂਦ ਵਿਚ ਦੌਰਾ ਪੈਣ ਨਾਲ ਗਈ ਜਾਨ
ਛੋਟੇ ਪਰਦੇ ਦੇ ਮਸ਼ਹੂਰ ਕਲਾਕਾਰ ਅਨੁਜ ਠਾਕੁਰ ਦਾ ਨੀਂਦ ਵਿਚ ਦੌਰਾ ਪੈਣ ਕਾਰਨ ਅਕਸਮਾਤ ਨਿਧਨ ਹੋ ਗਿਆ ਹੈ।
ਹਾਲ ਹੀ ਵਿਚ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਗੁਪਤਾ ਦੀ ਮੌਤ ਦੀ ਖ਼ਬਰ ਨੇ ਸਿਨੇਮਾਈ ਜਗਤ ਨੂੰ ਝੰਜੋੜ ਕੇ ਰੱਖ ਦਿਤਾ ਸੀ ਅਤੇ ਹੁਣ ਟੀਵੀ ਇੰਡਸਟਰੀ ਦੇ ਫੇਮਸ ਐਕਟਰ ਅਨੁਜ ਠਾਕੁਰ ਦੇ ਨਿਧਨ ਦੀ ਖ਼ਬਰ ਸਾਹਮਣੇ ਆ ਰਹੀ ਹੈ। 33 ਸਾਲ ਦੀ ਉਮਰ ਵਿਚ ਅਨੁਜ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।
ਬੰਧਨ ਸਾਤ ਜਨਮੋਂ ਕਾ ਵਰਗੇ ਕਈ ਧਾਰਾਵਾਹਿਕਾਂ ਨਾਲ ਫੈਂਸ ਦਾ ਦਿਲ ਜਿੱਤਣ ਵਾਲੇ ਅਨੁਜ ਠਾਕੁਰ ਦੇ ਅਕਸਮਾਤ ਨਿਧਨ ਨਾਲ ਹਰ ਕੋਈ ਹੈਰਾਨ ਹੈ। ਉਨ੍ਹਾਂ ਦੇ ਦੋਸਤ ਅਤੇ ਟੀਵੀ ਇੰਡਸਟਰੀ ਦੇ ਕਾਸਟਿੰਗ ਡਾਇਰੈਕਟਰ ਰੂਪੇਸ਼ ਸੋਨਾਰ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਇੰਨੀ ਘੱਟ ਉਮਰ ਵਿਚ ਅਨੁਜ ਠਾਕੁਰ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ ਵਿਚ ਮਾਤਮ ਪਸਰ ਗਿਆ ਹੈ। ਹਰ ਕੋਈ ਇਸ ਗੱਲ ਤੋਂ ਹੈਰਾਨ ਹੈ ਕਿ ਇਕ ਹੈਲਦੀ ਲਾਈਫਸਟਾਈਲ ਜੀਣ ਵਾਲੇ ਅਨੁਜ ਅਜਿਹੇ ਕਿਵੇਂ ਇਸ ਦੁਨੀਆ ਨੂੰ ਛੱਡ ਸਕਦੇ ਹਨ। ਅਨੁਜ ਠਾਕੁਰ ਦੇ ਦੋਸਤ ਰੂਪੇਸ਼ ਸੋਨਾਰ ਨੇ ਆਪਣੇ ਅਫ਼ੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ ਹੈ-
"ਮੈਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਤੂੰ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਤੂੰ ਸਿਰਫ਼ ਇਕ ਦੋਸਤ ਹੀ ਨਹੀਂ, ਬਲਕਿ ਮੇਰੇ ਛੋਟੇ ਭਰਾ ਵਰਗਾ ਸੀ। ਅਸੀਂ ਇਕੱਠੇ ਮਿਲ ਕੇ ਕਈ ਪ੍ਰੋਜੈਕਟਾਂ ਦੀ ਯੋਜਨਾ ਬਣਾਈ ਸੀ। ਮੈਨੂੰ ਅਜੇ ਵੀ ਯਾਦ ਹੈ ਕਿ ਕਿਵੇਂ ਮੈਂ ਤੇਰੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ਾਂ ਨੂੰ ਦੇਖਿਆ ਅਤੇ ਤੇਰੇ ਪੂਰੇ ਸਫ਼ਰ ਦਾ ਗਵਾਹ ਬਣਿਆ। ਜੀਵਨ ਸੱਚਮੁੱਚ ਅਨਿਸ਼ਚਿਤ ਹੈ, ਇਸਦਾ ਕੋਈ ਭਰੋਸਾ ਨਹੀਂ। ਇਹ ਮੰਨਣਾ ਬਹੁਤ ਦੁਖਦਾਈ ਹੈ ਕਿ ਤੂੰ ਇੰਨੀ ਜਲਦੀ ਚਲਾ ਗਿਆ। ਤੈਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਮੇਰੇ ਭਰਾ। ਈਸ਼ਵਰ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ।"
ਇਸ ਤਰ੍ਹਾਂ ਰੂਪੇਸ਼ ਸੋਨਾਰ ਨੇ ਅਨੁਜ ਠਾਕੁਰ ਦੇ ਦੇਹਾਂਤ 'ਤੇ ਸ਼ੋਕ ਜਤਾਇਆ ਹੈ। ਇੰਨਾ ਹੀ ਨਹੀਂ, ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੰਟਰਵਿਊ ਵਿਚ ਰੂਪੇਸ਼ ਨੇ ਅਨੁਜ ਦੀ ਮੌਤ ਦਾ ਕਾਰਨ ਵੀ ਦੱਸਿਆ ਹੈ ਅਤੇ ਕਿਹਾ- "ਕਰੀਬ ਤਿੰਨ ਦਿਨ ਪਹਿਲਾਂ ਉਸ ਦੀ ਮੌਤ ਹੋਈ ਹੈ। ਮੈਂ ਉਸ ਦੇ ਘਰ ਗਿਆ, ਪਰਿਵਾਰ ਵਾਲਿਆਂ ਨਾਲ ਮਿਲਿਆ। ਤਦ ਪਤਾ ਲੱਗਾ ਕਿ ਉਸ ਨੂੰ ਨੀਂਦ ਵਿਚ ਦੌਰਾ ਆਇਆ ਸੀ, ਸਵੇਰੇ 4:30 ਵਜੇ, ਜਦੋਂ ਉਸ ਦੇ ਫੋਨ ਦਾ ਅਲਾਰਮ ਵੱਜਾ, ਤਾਂ ਉਸ ਦੀ ਮਾਂ ਉਸ ਨੂੰ ਜਗਾਉਣ ਗਈ, ਪਰ ਅਨੁਜ ਨਹੀਂ ਉੱਠਾ।"
ਬਤੌਰ ਐਕਟਰ ਅਨੁਜ ਠਾਕੁਰ ਨੇ ਟੀਵੀ ਇੰਡਸਟਰੀ ਵਿਚ ਆਪਣੀ ਖ਼ਾਸ ਪਛਾਣ ਬਣਾਈ ਸੀ। ਉਨ੍ਹਾਂ ਨੇ ਧੂਮ ਮਚਾਓ ਧੂਮ, ਬੰਧਨ ਸਾਤ ਜਨਮੋਂ ਕਾ, ਬੀਂਦ ਬਣੂੰਗਾ ਘੋੜੀ ਚੜ੍ਹੂੰਗਾ ਅਤੇ ਮਹਿਸਾਗਰ ਵਰਗੇ ਕਈ ਟੀਵੀ ਸੀਰੀਅਲਾਂ ਵਿਚ ਆਪਣੇ ਦਮਦਾਰ ਅਭਿਨੈ ਦਾ ਲੋਹਾ ਮਨਵਾਇਆ ਸੀ।
