ਦਿਲਜੀਤ ਦੀ ਜੱਫੀ ਨਾਲ ਭਾਵੁਕ ਹੋਇਆ ਮਾਹੌਲ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ‘ਔਰਾ ਇੰਡੀਆ ਟੂਰ 2026’ ਦੀ ਸ਼ੁਰੂਆਤ ਕੌਮੀ ਰਾਜਧਾਨੀ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ਾਨਦਾਰ ਸ਼ੋਅ ਨਾਲ ਕੀਤੀ। ਸ਼ੋਅ ਦੌਰਾਨ ਉਸ ਵੇਲੇ ਉਥੇ ਮਾਹੌਲ ਬਹੁਤ ਭਾਵੁਕ ਹੋ ਗਿਆ ਜਦੋਂ ਦਿਲਜੀਤ ਨੇ ਮਹਿਲਾ ਸੀ ਆਰ ਪੀ ਐਫ਼ ਅਧਿਕਾਰੀ ਨੂੰ ਸਟੇਜ ’ਤੇ ਬੁਲਾਇਆ ਤੇ ਕਿਹਾ, ‘‘ਮੈਨੂੰ ਤੁਹਾਡੇ ਵਿੱਚ ਆਪਣੀ ਮਾਂ ਨਜ਼ਰ ਆਈ ਹੈ। ਜਦੋਂ ਤੁਸੀਂ ਉੱਥੇ ਖੜ੍ਹੇ ਸੀ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਆਪਣੀ ਮਾਂ ਨੂੰ ਦੇਖ ਰਿਹਾ ਸਾਂ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੀ ਮਾਂ ਇੱਥੇ ਮੇਰੇ ਨਾਲ ਖੜ੍ਹੀ ਹੈ ਤੇ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ।’’ ਇਸ ਮੌਕੇ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਸੰਗੀਤ, ਮਨੋਰੰਜਨ ਅਤੇ ਪੰਜਾਬੀ ਮਾਣ ਨਾਲ ਭਰਪੂਰ ਜੋਸ਼ੀਲੀ ਸ਼ਾਮ ਦੇਖਣ ਨੂੰ ਮਿਲੀ। ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਦੀ ਗਿਣਤੀ ’ਚ ਪ੍ਰਸ਼ੰਸਕਾਂ ਨੇ ਜੋਸ਼ੀਲੇ ਅੰਦਾਜ਼ ’ਚ ਦਿਲਜੀਤ ਦਾ ਸ਼ਾਨਦਾਰ ਸਵਾਗਤ ਕੀਤਾ। ‘ਮੋਰਨੀ’ ਗੀਤ ਨਾਲ ਕੰਸਰਟ ਦੀ ਸ਼ੁਰੂਆਤ ਕਰਦਿਆਂ ਦਿਲਜੀਤ ਨੇ ਬਿਨਾਂ ਸਮਾਂ ਗੁਆਏ ਮਾਹੌਲ ਵਿੱਚ ਜੋਸ਼ ਭਰ ਦਿੱਤਾ। ਉਸ ਨੇ ਆਪਣੇ ਸਭ ਤੋਂ ਮਸ਼ਹੂਰ ਅਤੇ ਪ੍ਰਸ਼ੰਸਕਾਂ ਦੇ ਪਸੰਦੀਦਾ ਗੀਤਾਂ ਦੀ ਛਹਿਬਰ ਲਾ ਦਿੱਤੀ। ‘ਇੱਕ ਕੁੜੀ’, ‘ਲਲਕਾਰਾ’, ‘ਇਸ਼ਕ ਦੀ ਬਾਜ਼ੀਆਂ’, ‘ਨੈਣਾਂ’ ਅਤੇ ‘ਕਿੰਨੀ ਕਿੰਨੀ’ ਤੋਂ ਲੈ ਕੇ ‘ਕੇਸ’, ‘ਪੰਜਤਾਰਾ’, ‘ਹੱਸ ਹੱਸ’ ਅਤੇ ‘ਵਾਟਰ’ ਵਰਗੇ ਗੀਤਾਂ ਰਾਹੀਂ ਦਿਲਜੀਤ ਦੁਸਾਂਝ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਦਿਲਜੀਤ ਵੱਲੋਂ ਗਾਏ ‘ਸਾਂਸੋਂ ਕੀ ਮਾਲਾ’ ਗੀਤ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਕੰਸਰਟ ਦੌਰਾਨ ਗਾਇਕ ਅਤੇ ਉਸ ਦੇ ਪ੍ਰਸ਼ੰਸਕਾਂ ਦੇ ਕਈ ਦਿਲ ਨੂੰ ਛੂਹ ਲੈਣ ਵਾਲੇ ਪਲ ਵੀ ਨਜ਼ਰ ਆਏ। ਦਿਲਜੀਤ ਨੇ ਕੁਝ ਦਰਸ਼ਕਾਂ ਨੂੰ ਸਟੇਜ ’ਤੇ ਬੁਲਾਇਆ। ਇਸ ਨਾਲ ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਕਲਾਕਾਰ ਨਾਲ ਨੱਚਣ ਅਤੇ ਗਾਉਣ ਦਾ ਮੌਕਾ ਮਿਲਿਆ। ਸ਼ੋਅ ਦੌਰਾਨ ਦਿਲਜੀਤ ਨੇ ਦਿੱਲੀ ਪੁਲੀਸ, ਸੀ ਆਰ ਪੀ ਐੱਫ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦਾ ਧੰਨਵਾਦ ਕੀਤਾ। ਦਿਲਜੀਤ ਦੋਸਾਂਝ ਦਾ ‘ਔਰਾ ਇੰਡੀਆ ਟੂਰ’ ਅਗਲੇ ਦੋ ਮਹੀਨਿਆਂ ਦੌਰਾਨ ਕਈ ਹੋਰ ਸ਼ਹਿਰਾਂ ਵਿੱਚ ਜਾਵੇਗਾ। ਉਹ 15 ਨਵੰਬਰ ਨੂੰ ਇੰਦੌਰ, 21 ਨਵੰਬਰ ਨੂੰ ਅਹਿਮਦਾਬਾਦ, 27 ਨਵੰਬਰ ਨੂੰ ਮੁੰਬਈ, 29 ਨਵੰਬਰ ਨੂੰ ਬੰਗਲੁੂਰੂ ਅਤੇ 5 ਦਸੰਬਰ ਨੂੰ ਲਖਨਊ ਵਿੱਚ ਪੇਸ਼ਕਾਰੀ ਦੇਣਗੇ। ਇਸ ਟੂਰ ਵਿੱਚ 12 ਦਸੰਬਰ ਨੂੰ ਚੰਡੀਗੜ੍ਹ ਅਤੇ 19 ਦਸੰਬਰ ਨੂੰ ਕੋਲਕਾਤਾ ਵਿੱਚ ਹੋਣ ਵਾਲੇ ਸ਼ੋਅ ਵੀ ਸ਼ਾਮਲ ਹਨ।
