5,000 ਲੋਕਾਂ ਨੂੰ ਮਿਲੇਗਾ ਜ਼ਿੰਦਗੀ ਭਰ ਲਈ ਆਸ਼ਿਆਨਾ, ਨੀਤਾ ਅੰਬਾਨੀ ਨੇ ਰੱਖਿਆ ਨੀਂਹ ਪੱਥਰ

ਮੁੰਬਈ: ਦੇਸ਼ ਵਿੱਚ ਸਮਾਜਿਕ ਭਲਾਈ ਅਤੇ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਵੱਡੀ ਪਹਿਲ ਕਰਦਿਆਂ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਕਰਜਤ ਵਿੱਚ ‘ਨੀਤਾ ਮੁਕੇਸ਼ ਅੰਬਾਨੀ ਅਨੰਤ ਆਸ਼ਰਯ’ ਦਾ ਐਲਾਨ ਕੀਤਾ ਹੈ। ਕਰੀਬ 100 ਏਕੜ ਵਿੱਚ ਵਿਕਸਤ ਹੋਣ ਵਾਲੀ ਇਹ ਵਿਸ਼ੇਸ਼ ਟਾਊਨਸ਼ਿਪ ਦਿਵਿਆਂਗ ਵਿਅਕਤੀਆਂ, ਅਨਾਥ ਬੱਚਿਆਂ ਅਤੇ ਬਜ਼ੁਰਗਾਂ ਨੂੰ ਜੀਵਨ ਭਰ ਲਈ ਸੁਰੱਖਿਅਤ, ਸਨਮਾਨਜਨਕ ਅਤੇ ਸਹੂਲਤਾਂ ਨਾਲ ਲੈਸ ਰਿਹਾਇਸ਼ ਮੁਹੱਈਆ ਕਰਵਾਏਗੀ।
‘ਨੀਤਾ ਮੁਕੇਸ਼ ਅੰਬਾਨੀ ਅਨੰਤ ਆਸ਼ਰਯ’ ਨੂੰ ਇੱਕ ਸਥਾਈ ਅਤੇ ਗੈਰ-ਮੁਨਾਫ਼ਾ ਰਿਹਾਇਸ਼ੀ ਭਾਈਚਾਰੇ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ 5,000 ਤੋਂ ਵੱਧ ਦਿਵਿਆਂਗ ਵਿਅਕਤੀਆਂ, ਅਨਾਥ ਬੱਚਿਆਂ ਅਤੇ ਬਜ਼ੁਰਗਾਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ।
ਇਸ ਤੋਂ ਇਲਾਵਾ, ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ, ਡਾਕਟਰਾਂ, ਮੈਡੀਕਲ ਮਾਹਿਰਾਂ, ਸਹਾਇਕ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਾ ਕੇ ਇਸ ਕੈਂਪਸ ਵਿੱਚ ਲਗਭਗ 15,000 ਲੋਕਾਂ ਦਾ ਇੱਕ ਵੱਡਾ ਭਾਈਚਾਰਾ ਵਿਕਸਤ ਹੋਣ ਦੀ ਉਮੀਦ ਹੈ।
ਪ੍ਰੋਜੈਕਟ ਦੇ ਨੀਂਹ ਪੱਥਰ ਸਮਾਗਮ ਵਿੱਚ ਨੀਤਾ ਅੰਬਾਨੀ ਨੇ ਕਿਹਾ ਕਿ ਇਹ ਪਹਿਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਦਿਲ ਦੇ ਬਹੁਤ ਕਰੀਬ ਹੈ। ਉਨ੍ਹਾਂ ਦਾ ਸੁਪਨਾ ਅਜਿਹੀ ਜਗ੍ਹਾ ਤਿਆਰ ਕਰਨਾ ਹੈ, ਜਿੱਥੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ, ਬੇਸਹਾਰਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣਾਪਣ ਅਤੇ ਸਨਮਾਨ ਮਿਲ ਸਕੇ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਹਿਣ ਲਈ ਜਗ੍ਹਾ ਬਣਾਉਣ ਦਾ ਪ੍ਰੋਜੈਕਟ ਨਹੀਂ ਹੈ, ਸਗੋਂ ਇੱਕ ਅਜਿਹਾ ਪਰਿਵਾਰ ਤਿਆਰ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਹਰ ਵਿਅਕਤੀ ਨੂੰ ਪਿਆਰ, ਦੇਖਭਾਲ ਅਤੇ ਅੱਗੇ ਵਧਣ ਦਾ ਮੌਕਾ ਮਿਲੇ।
ਨੀਤਾ ਅੰਬਾਨੀ ਅਨੁਸਾਰ, ਇੱਥੇ ਰਹਿਣ ਵਾਲੇ ਲੋਕ ਕੁਦਰਤ ਦੇ ਵਿਚਕਾਰ ਆਪਣਾ ਜੀਵਨ ਬਤੀਤ ਕਰਨਗੇ ਅਤੇ ਉਨ੍ਹਾਂ ਨੂੰ ਪੜ੍ਹਨ, ਸਿੱਖਣ, ਕੰਮ ਕਰਨ, ਦੋਸਤ ਬਣਾਉਣ ਅਤੇ ਤਿਉਹਾਰਾਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਆਜ਼ਾਦੀ ਹੋਵੇਗੀ।
ਉਨ੍ਹਾਂ ਨੇ ਖ਼ਾਸ ਤੌਰ ‘ਤੇ ਉਨ੍ਹਾਂ ਮਾਪਿਆਂ ਦੀ ਚਿੰਤਾ ਦਾ ਜ਼ਿਕਰ ਕੀਤਾ, ਜੋ ਆਪਣੇ ਦਿਿਵਆਂਗ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਇਸ ਪ੍ਰੋਜੈਕਟ ਰਾਹੀਂ ਅਜਿਹੇ ਪਰਿਵਾਰਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਬੱਚਿਆਂ ਕੋਲ ਭਵਿੱਖ ਵਿੱਚ ਵੀ ਇੱਕ ਸੁਰੱਖਿਅਤ ਘਰ ਅਤੇ ਦੇਖਭਾਲ ਕਰਨ ਵਾਲਾ ਪਰਿਵਾਰ ਹੋਵੇਗਾ।
ਇਸ ਟਾਊਨਸ਼ਿਪ ਦੀ ਯੋਜਨਾ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੀ ਗਈ ਹੈ। ਕੈਂਪਸ ਵਿੱਚ ਅੱਠ ਵੱਖ-ਵੱਖ ਰਿਹਾਇਸ਼ੀ ਪਿੰਡ ਬਣਾਏ ਜਾਣਗੇ, ਜਿਨ੍ਹਾਂ ਦੇ ਨਾਮ ਭਾਰਤ ਦੀਆਂ ਪਵਿੱਤਰ ਨਦੀਆਂ ਦੇ ਨਾਮ ‘ਤੇ ਰੱਖੇ ਜਾਣਗੇ।
ਹਰ ਪਿੰਡ ਦੀ ਆਪਣੀ ਵੱਖਰੀ ਪਛਾਣ ਹੋਵੇਗੀ। ਇਸ ਲਈ ਵਿਸ਼ੇਸ਼ ਰੰਗ, ਚਿੰਨ੍ਹ ਅਤੇ ਸੈਂਸਰੀ ਗਾਰਡਨ ਵਿਕਸਤ ਕੀਤੇ ਜਾਣਗੇ। ਇਨ੍ਹਾਂ ਪ੍ਰਬੰਧਾਂ ਨਾਲ ਵਸਨੀਕਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਦੀ ਪਛਾਣ ਕਰਨ ਅਤੇ ਸੁਤੰਤਰ ਤੌਰ ‘ਤੇ ਆਉਣ-ਜਾਣ ਵਿੱਚ ਮਦਦ ਮਿਲੇਗੀ।
ਪ੍ਰੋਜੈਕਟ ਵਿੱਚ ਹਰੇਕ ਵਸਨੀਕ ਦੀਆਂ ਲੋੜਾਂ ਅਤੇ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖਰੀ ਕੇਅਰ ਐਂਡ ਡਿਵੈਲਪਮੈਂਟ ਯੋਜਨਾ ਤਿਆਰ ਕੀਤੀ ਜਾਵੇਗੀ।
ਇਸ ਯੋਜਨਾ ਦੀ ਹਰ ਛੇ ਮਹੀਨਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਵਿਅਕਤੀ ਦੀਆਂ ਸਿਹਤ ਸਬੰਧੀ ਲੋੜਾਂ, ਸਿੱਖਿਆ, ਹੁਨਰ ਅਤੇ ਨਿੱਜੀ ਵਿਕਾਸ ਅਨੁਸਾਰ ਲੋੜੀਂਦੇ ਬਦਲਾਅ ਕੀਤੇ ਜਾ ਸਕਣ।
ਇਸ ਤੋਂ ਇਲਾਵਾ, ਹਰੇਕ ਵਸਨੀਕ ਲਈ ਇੱਕ ਸਮਰਪਿਤ ‘ਕੀ-ਵਰਕਰ’ ਨਿਯੁਕਤ ਕੀਤਾ ਜਾਵੇਗਾ, ਜੋ ਉਸ ਦੀ ਦੇਖਭਾਲ ਅਤੇ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਵਿਚਕਾਰ ਤਾਲਮੇਲ ਬਣਾਈ ਰੱਖੇਗਾ।
ਟਾਊਨਸ਼ਿਪ ਵਿੱਚ ਸਿਹਤ ਸੇਵਾਵਾਂ ਲਈ ਵਿਸ਼ੇਸ਼ ਹਸਪਤਾਲ ਬਣਾਇਆ ਜਾਵੇਗਾ। ਇਸ ਵਿੱਚ ਵਿਕਾਸ ਸਬੰਧੀ ਮੈਡੀਕਲ ਸੇਵਾਵਾਂ, ਮਿਰਗੀ ਦੇ ਇਲਾਜ, ਪੈਲੀਏਟਿਵ ਕੇਅਰ ਅਤੇ ਵਿਸ਼ੇਸ਼ ਦੰਦਾਂ ਦੇ ਇਲਾਜ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਇਸ ਦੇ ਨਾਲ ਹੀ ਵੱਖ-ਵੱਖ ਲੋੜਾਂ ਵਾਲੇ ਲੋਕਾਂ ਲਈ ਆਧੁਨਿਕ ਥੈਰੇਪੀ ਸੈਂਟਰ ਵੀ ਵਿਕਸਤ ਕੀਤੇ ਜਾਣਗੇ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਫਿਜ਼ੀਓਥੈਰੇਪੀ, ਆਕਿਊਪੇਸ਼ਨਲ ਥੈਰੇਪੀ, ਸਪੀਚ ਥੈਰੇਪੀ ਅਤੇ ਹਾਈਡ੍ਰੋਥੈਰੇਪੀ ਸ਼ਾਮਲ ਹਨ।
ਇਨ੍ਹਾਂ ਸਹੂਲਤਾਂ ਦਾ ਉਦੇਸ਼ ਵਸਨੀਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮਰੱਥਾਵਾਂ ਦੇ ਵਿਕਾਸ ਵਿੱਚ ਮਦਦ ਕਰਨਾ ਹੈ।
‘ਅਨੰਤ ਆਸ਼ਰਯ’ ਦਾ ਲਾਭ ਸਿਰਫ਼ ਕੈਂਪਸ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਨਹੀਂ ਰਹੇਗਾ। ਪ੍ਰੋਜੈਕਟ ਵਿੱਚ ਮੰਦਰ, ਹਸਪਤਾਲ, ਖੇਡ ਸਹੂਲਤਾਂ ਅਤੇ ਕੈਫੇ ਵਰਗੇ ਪ੍ਰਬੰਧ ਵੀ ਹੋਣਗੇ, ਜਿਨ੍ਹਾਂ ਦਾ ਲਾਭ ਆਲੇ-ਦੁਆਲੇ ਦੇ ਪੇਂਡੂ ਭਾਈਚਾਰਿਆਂ ਨੂੰ ਵੀ ਮਿਲ ਸਕੇਗਾ।
ਇਸ ਪਹਿਲ ਨਾਲ ਇਲਾਕੇ ਦੇ 1,000 ਤੋਂ ਵੱਧ ਲੋਕਾਂ ਲਈ ਰੁਜ਼ਗਾਰ, ਸਿੱਖਿਆ ਅਤੇ ਥੈਰੇਪੀ ਨਾਲ ਜੁੜੇ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ, ਦੇਖਭਾਲ ਕਰਨ ਵਾਲੇ ਪਰਿਵਾਰਾਂ ਨੂੰ ਰਾਹਤ ਦੇਣ ਲਈ ‘ਰੈਸਪਾਈਟ ਕੇਅਰ’ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ। ਇਸ ਦੇ ਤਹਿਤ ਨਿਯਮਿਤ ਤੌਰ ‘ਤੇ ਕਿਸੇ ਦੀ ਦੇਖਭਾਲ ਕਰਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਕੁਝ ਸਮੇਂ ਲਈ ਸਹਾਇਤਾ ਅਤੇ ਰਾਹਤ ਮਿਲ ਸਕੇਗੀ।
