ਪੰਜਾਬ ’ਚ ਨਿੱਤ ਹੋ ਰਹੇ ਕਤਲ, ਸਰਕਾਰ ਬੇਫ਼ਿਕਰ: ਕਾਕਾ ਲੋਹਗੜ੍ਹ ਨਾਲ ਮੀਟਿੰਗ ਕਰਨ ਧਰਮਕੋਟ ਪਹੁੰਚੇ ਚਰਨਜੀਤ ਚੰਨੀ ਨੇ ਘੇਰੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਮਿਲਣੀ ਸਮੇਂ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਚੋਣ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਲੰਘੀ ਦੇਰ ਸ਼ਾਮ ਹਲਕੇ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਨਿਵਾਸ ਸਥਾਨ ਪੁੱਜੇ, ਜਿੱਥੇ ਲੋਹਗੜ੍ਹ ਸਮਰਥਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਦੋਹਾਂ ਕਾਂਗਰਸੀ ਆਗੂਆਂ ਵਿਚਾਲੇ ਜ਼ਿਲ੍ਹੇ ਅੰਦਰ ਬਦਲ ਰਹੇ ਸਿਆਸੀ ਸਮੀਕਰਨਾਂ ਸਬੰਧੀ ਗੰਭੀਰਤਾ ਨਾਲ ਵਿਚਾਰ-ਚਰਚਾ ਹੋਈ।
ਇਸੇ ਦੌਰਾਨ ਚੰਨੀ ਵੱਲੋਂ ਨਗਰ ਕੌਂਸਲ ਧਰਮਕੋਟ ਦੇ ਸੱਤ ਵਾਰਡਾਂ ਵਿੱਚ ਫਿਰ ਤੋਂ ਹੋ ਰਹੀਆਂ ਚੋਣਾਂ ਦੀ ਤਿਆਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਉਕਤ ਚੋਣ ਲੜਨ ਅਤੇ ਪਾਰਟੀ ਉਮੀਦਵਾਰਾਂ ਨੂੰ ਜੇਤੂ ਬਣਾਉਣ ਦੀ ਦਿਸ਼ਾ ਵੱਲ ਕੰਮ ਕਰਨ ਦੀ ਨਸੀਹਤ ਦਿੱਤੀ ਗਈ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੰਜਾਬ ਵਿੱਚ ਨਿੱਤ ਦਿਨ ਕਤਲੋਗਾਰਤ ਅਤੇ ਮਾਰਧਾੜ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਸੂਬੇ ਅੰਦਰ ਅਮਰਵੇਲ ਦੀ ਤਰ੍ਹਾਂ ਵਧ-ਫੁੱਲ ਰਹੇ ਹਨ, ਪਰ ਸੱਤਾ ਸੰਭਾਲ ਰਹੀ ਪਾਰਟੀ ਨੂੰ ਇਸ ਦੀ ਭੋਰਾ ਫ਼ਿਕਰ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਮਾਨਸਾ ਦੇ ਪਰਵਿੰਦਰ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਸਰਕਾਰ ਦੀ ਕਾਰਜਸ਼ੈਲੀ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ।
ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਹਨ ਸਿੰਘ ਖੇਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
