ਕਰਵਾਚੌਥ ’ਤੇ ਸੁਹਾਗਣਾਂ ਨੇ ਰੱਖਿਆ ਵਰਤ
ਸੁਹਾਗਣਾਂ ਦੇ ਸਭ ਤੋਂ ਪਿਆਰੇ ਅਤੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਜੈਤੋ ਸ਼ਹਿਰ ਸਮੇਤ ਆਸ-ਪਾਸ ਦੇ ਪੇਂਡੂ ਇਲਾਕਿਆਂ ਵਿੱਚ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਦੀ ਉਡੀਕ ਸੁਹਾਗਣਾਂ ਨੂੰ ਸਾਰਾ ਸਾਲ ਰਹਿੰਦੀ ਹੈ। ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਵਰਤ ਰੱਖਦੀਆਂ ਹਨ। ਇਸ ਮੌਕੇ ਪੂਰੇ ਇਲਾਕੇ ਵਿੱਚ ਤਿਉਹਾਰੀ ਰੌਣਕ ਦੇਖਣ ਨੂੰ ਮਿਲੀ ਅਤੇ ਔਰਤਾਂ ਨੇ ਪੂਰੀ ਸ਼ਰਧਾ ਨਾਲ ਧਾਰਮਿਕ ਰਸਮਾਂ ਨਿਭਾਈਆਂ। ਕਰਵਾ ਚੌਥ ਦੇ ਮੱਦੇਨਜ਼ਰ ਸਵੇਰ ਤੋਂ ਹੀ ਸੁਹਾਗਣਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਔਰਤਾਂ ਨੇ ਸਵੇਰੇ ਇਸ਼ਨਾਨ ਕਰਨ ਉਪਰੰਤ ਪੂਜਾ-ਪਾਠ ਕੀਤਾ ਅਤੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਵਰਤ ਸ਼ੁਰੂ ਕੀਤਾ। ਕਈ ਔਰਤਾਂ ਨੇ ਸਾਰਾ ਦਿਨ ਅੰਨ-ਜਲ ਦਾ ਤਿਆਗ ਕਰਕੇ ਨਿਰਜਲ ਵਰਤ ਰੱਖਿਆ ਅਤੇ ਪਰਮਾਤਮਾ ਅੱਗੇ ਆਪਣੇ ਸੁਹਾਗ ਦੀ ਸਲਾਮਤੀ ਲਈ ਅਰਦਾਸ ਕੀਤੀ। ਇਸ ਮੌਕੇ ਕੁਝ ਕੁਆਰੀਆਂ ਕੁੜੀਆਂ ਨੇ ਵੀ ਚੰਗਾ ਜੀਵਨ ਸਾਥੀ ਮਿਲਣ ਦੀ ਕਾਮਨਾ ਨਾਲ ਸ਼ਰਧਾਪੂਰਵਕ ਵਰਤ ਰੱਖਿਆ। ਤਿਉਹਾਰ ਦੀਆਂ ਤਿਆਰੀਆਂ ਨੂੰ ਲੈ ਕੇ ਕਰੀਬ ਇੱਕ ਹਫ਼ਤਾ ਪਹਿਲਾਂ ਤੋਂ ਹੀ ਜੈਤੋ ਦੇ ਬਾਜ਼ਾਰਾਂ ਵਿੱਚ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਸੀ। ਮਹਿੰਦੀ ਲਗਾਉਣ ਵਾਲਿਆਂ, ਬਿਊਟੀ ਪਾਰਲਰਾਂ, ਮਨਿਆਰੀ ਦੀਆਂ ਦੁਕਾਨਾਂ, ਹਲਵਾਈਆਂ ਅਤੇ ਫਲ ਵਿਕਰੇਤਾਵਾਂ ਕੋਲ ਔਰਤਾਂ ਦੀ ਭੀੜ ਲੱਗੀ ਰਹੀ। ਸੁਹਾਗਣਾਂ ਨੇ ਆਪਣੀ ਪਸੰਦ ਅਨੁਸਾਰ ਕੱਪੜੇ, ਚੂੜੀਆਂ, ਗਹਿਣੇ, ਸ਼ਿੰਗਾਰ ਦਾ ਸਾਮਾਨ ਅਤੇ ਪੂਜਾ ਸਮੱਗਰੀ ਦੀ ਖ਼ਰੀਦਦਾਰੀ ਕੀਤੀ। ਇਸ ਨਾਲ ਬਾਜ਼ਾਰਾਂ ਵਿੱਚ ਤਿਉਹਾਰੀ ਮਾਹੌਲ ਬਣਿਆ ਰਿਹਾ। ਦੁਪਹਿਰ ਸਮੇਂ ਔਰਤਾਂ ਨੇ ਸੋਹਣੇ ਕੱਪੜੇ ਪਹਿਨ ਕੇ ਅਤੇ ਪੂਰਾ ਸਾਜ਼-ਸ਼ਿੰਗਾਰ ਕਰਕੇ ਸਾਂਝੇ ਸਥਾਨਾਂ ’ਤੇ ਇਕੱਠੀਆਂ ਹੋ ਕੇ ਕਰਵਾ ਚੌਥ ਦੀ ਕਥਾ ਸੁਣੀ। ਇਸ ਦੌਰਾਨ ਉਨ੍ਹਾਂ ਨੇ ਰਵਾਇਤੀ ਰਸਮ ਅਨੁਸਾਰ ਆਪਣੇ ਕਰਵੇ ਇੱਕ-ਦੂਜੇ ਨਾਲ ਵਟਾਏ ਅਤੇ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਪ੍ਰਾਰਥਨਾ ਕੀਤੀ। ਔਰਤਾਂ ਵਿੱਚ ਤਿਉਹਾਰ ਨੂੰ ਲੈ ਕੇ ਖ਼ਾਸ ਉਮੰਗ ਅਤੇ ਖ਼ੁਸ਼ੀ ਦੇਖਣ ਨੂੰ ਮਿਲੀ। ਦੇਰ ਸ਼ਾਮ ਚੰਨ ਨਜ਼ਰ ਆਉਣ ’ਤੇ ਸੁਹਾਗਣਾਂ ਨੇ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਭੇਟ ਕੀਤਾ ਅਤੇ ਆਪਣੇ ਪਤੀ ਦਾ ਦੀਦਾਰ ਕਰਨ ਉਪਰੰਤ ਵਰਤ ਖੋਲ੍ਹਿਆ। ਕੁਝ ਕੁਆਰੀਆਂ ਕੁੜੀਆਂ ਨੇ ਵੀ ਤਾਰਿਆਂ ਨੂੰ ਅਰਘ ਦੇ ਕੇ ਆਪਣਾ ਵਰਤ ਪੂਰਾ ਕੀਤਾ। ਇਸ ਤਰ੍ਹਾਂ ਕਰਵਾ ਚੌਥ ਦਾ ਤਿਉਹਾਰ ਜੈਤੋ ਅਤੇ ਨੇੜਲੇ ਇਲਾਕਿਆਂ ਵਿੱਚ ਧਾਰਮਿਕ ਸ਼ਰਧਾ, ਪ੍ਰੇਮ ਅਤੇ ਪਰਿਵਾਰਕ ਸਾਂਝ ਦੇ ਮਾਹੌਲ ਵਿੱਚ ਸੰਪੰਨ ਹੋਇਆ।
