ਕੰਪਿਊਟਰ ਅਧਿਆਪਕ ਕਰਨਗੇ ਸੰਗਰੂਰ ਵਿਖੇ ਵਿਰੋਧ ਰੈਲੀ
ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਹੁਸ਼ਿਆਰਪੁਰ ਇਕਾਈ ਵੱਲੋਂ ਮੀਟਿੰਗ ਕਰਕੇ ਪ੍ਰੈਸ ਨੂੰ ਦੱਸਿਆ ਗਿਆ ਕਿ ਸਰਕਾਰੀ ਸਕੂਲ ਰੈਗੂਲਰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਲੈ ਕੇ ਸੰਗਰੂਰ ਡੀ ਸੀ ਦਫ਼ਤਰ ਅੱਗੇ ਪੱਕਾ ਧਰਨਾ 39-40 ਦਿਨ ਤੋਂ ਚੱਲ ਰਿਹਾ ਹੈ ਅਤੇ ਲਗਾਤਾਰ ਰੋਸ ਮੁਜ਼ਾਹਰੇ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਹਾਲੇ ਤੱਕ ਵੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰ ਰਹੀ। ਸਰਕਾਰੀ ਸਕੂਲ ਰੈਗੂਲਰ ਕੰਪਿਊਟਰ ਅਧਿਆਪਕਾਂ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ, ਮਹਿੰਗਾਈ ਭੱਤਾ ਬਹਾਲ ਕਰਨ, ਰਿਟਾਇਰਮੈਂਟ ਦੇ ਲਾਭ ਅਤੇ ਬੀਮਾ, ਕੰਪਿਊਟਰ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਹਾਈਕੋਰਟ ਡਬਲ ਬੈਂਚ ਦਾ ਫ਼ੈਸਲਾ 2025 ਅਤੇ ਡੈਥ ਪਾਲਸੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ 2022 ਚੋਣ ਮੈਨੀਫੈਸਟੋ ਵਿੱਚ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿਵਾਲੀ 2022 ਦੇ ਮੌਕੇ ਤੇ ਮੰਗਾਂ ਪੂਰੀਆਂ ਕਰਨ ਦਾ ਐਲਾਨ ਕੀਤਾ ਸੀ ਪਰ ਸਰਕਾਰ ਸਾਢੇ ਚਾਰ ਸਾਲਾਂ ਤੋਂ ਲਾਰੇ ਲੱਪੇ, ਝੂਠੇ ਵਾਅਦੇ ਅਤੇ ਮੀਟਿੰਗਾਂ ਦੇ ਦੇ ਕੇ ਡੰਗ ਟਪਾ ਰਹੀ ਹੈ। ਭਗਵੰਤ ਮਾਨ ਸਰਕਾਰ ਖ਼ਿਲਾਫ਼ ਹੁਣ ਪੰਜਾਬ ਦੇ ਭਰ ਦੇ ਸਰਕਾਰੀ ਕੰਪਿਊਟਰ ਅਧਿਆਪਕ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਵਾਲੇ ਘਰ ਅੱਗੇ 1 ਨਵੰਬਰ ਨੂੰ ਲਾਹਨਤ ਰੈਲੀ ਕਰ ਕੇ ਆਪ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਜੇਕਰ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਕੰਪਿਊਟਰ ਅਧਿਆਪਕ ਪੂਰੇ ਪੰਜਾਬ ਵਿੱਚ ਦਿਵਾਲੀ ਮੌਕੇ ਝਾੜੂ ਫੂਕ ਕੇ ਇਸ ਅੰਦੋਲਨ ਨੂੰ ਲੋਕ ਲਹਿਰ ਬਣਾ ਦੇਣਗੇ। ਇਸ ਮੌਕੇ ਰਘੁਬੀਰ ਸਿੰਘ,ਗੌਰਵ, ਚੰਦਰ ਸ਼ੇਖਰ, ਵਿਨੋਦ ਕੁਮਾਰ, ਦੀਪਕ ਸ਼ਰਮਾ, ਗੁਰਪਾਲ ਸਿੰਘ,ਅਰੁਣ ਕੁਮਾਰ,ਰਮਨ ਵਸ਼ਿਸ਼ਟ, ਅਮਿਤ ਵਸ਼ਿਸ਼ਟ, ਵਰੁਣ ਸ਼ਰਮਾ, ਪਰਮਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।
