ਬਠਿੰਡਾ ਦੀ ਭੁੱਚੋ ਮੰਡੀ ਚ ਖਾਦ ਗੋਦਾਮ ਤੇ ਛਾਪਾ, ਸ਼ੱਕੀ ਤੇ ਕੀਟਨਾਸ਼ਕ ਬਰਾਮਦ
ਵਿਭਾਗੀ ਅਧਿਕਾਰੀਆਂ ਵੱਲੋਂ ਗੋਦਾਮ 'ਚ ਮਿਲੀ ਖਾਦ ਦੇ ਨਮੂਨੇ ਲੈ ਕੇ ਸਬੰਧਤ ਪ੍ਰਯੋਗਸ਼ਾਲਾ 'ਚ ਜਾਂਚ ਲਈ ਭੇਜਣ ਦੀ ਪ੍ਰਕਿਰਿਆ ਕੀਤੀ ਜਾਣੀ ਹੈ। ਜਾਂਚ ਰਿਪੋਰਟ ਤੋਂ ਪਤਾ ਲੱਗੇਗਾ ਕਿ ਖਾਦ ਦੀ ਗੁਣਵੱਤਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੈ ਜਾਂ ਨਹੀਂ।
ਬਠਿੰਡਾ ‘ਚ ਖੇਤੀਬਾੜੀ ਵਿਭਾਗ ਨੇ ਖਾਦ ਤੇ ਕੀਟਨਾਸ਼ਕਾਂ ਦੇ ਗੈਰ-ਕਾਨੂੰਨੀ ਭੰਡਾਰਨ ਦੇ ਮਾਮਲੇ ‘ਚ ਕਾਰਵਾਈ ਕੀਤੀ ਹੈ। ਭੁੱਚੋ ਮੰਡੀ ਤੋਂ ਲਹਿਰਾ ਬੇਗਾ ਰੋਡ ‘ਤੇ ਸਥਿਤ ਇੱਕ ਗੋਦਾਮ ‘ਤੇ ਛਾਪਾ ਮਾਰ ਕੇ ਖਾਦ ਤੇ ਵੱਖ-ਵੱਖ ਕਿਸਮਾਂ ਦੀਆਂ ਕੀਟਨਾਸ਼ਕ ਦਵਾਈਆਂ ਦਾ ਸਟਾਕ ਮਿਲਣ ਤੋਂ ਬਾਅਦ ਪੁਲਿਸ ਨੇ ਗੋਦਾਮ ਸੰਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਫਰਟੀਲਾਈਜ਼ਰ ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ, 28 ਅਕਤੂਬਰ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਫਰਟੀਲਾਈਜ਼ਰ ਇੰਸਪੈਕਟਰ ਸੁਖਪ੍ਰੀਤ ਸਿੰਘ ਨੇ ਵਿਭਾਗੀ ਟੀਮ ਨਾਲ ਗੋਦਾਮ ਦੀ ਜਾਂਚ ਕੀਤੀ। ਜਾਂਚ ਦੌਰਾਨ ਉੱਥੇ ਸ਼ੱਕੀ ਖਾਦ ਤੇ ਕੀਟਨਾਸ਼ਕਾਂ ਦਾ ਸਟਾਕ ਮਿਲਿਆ। ਇਸ ਮਾਮਲੇ ‘ਚ ਥਾਣਾ ਨਥਾਣਾ ਪੁਲਿਸ ਨੇ ਐੱਮ/ਐੱਸ ਐੱਸਆਰ ਗੋਇਲ ਟ੍ਰੇਡਿੰਗ ਦੇ ਸੰਚਾਲਕ ਵਿਸ਼ਾਲ ਗੋਇਲ ਨੂੰ ਨਾਮਜ਼ਦ ਕੀਤਾ ਹੈ।
ਸ਼ਿਕਾਇਤ ਮੁਤਾਬਕ, ਗੋਦਾਮ ‘ਚ ਚਿੱਟੇ ਰੰਗ ਦੇ ਬੈਗਾਂ ‘ਚ ਕੁਝ ਪਦਾਰਥ ਰੱਖੇ ਹੋਏ ਸਨ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਖਾਦ ਵਾਲੇ ਖਾਲੀ ਬੈਗ ਵੀ ਮਿਲੇ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਸ਼ੱਕੀ ਮੰਨਿਆ। ਜਾਂਚ ਟੀਮ ਨੇ ਮੌਕੇ ਤੇ ਮੌਜੂਦ ਫਰਮ ਦੇ ਸੰਚਾਲਕ ਤੋਂ ਗੋਦਾਮ ‘ਚ ਰੱਖੇ ਸਾਮਾਨ ਨਾਲ ਸਬੰਧਤ ਲਾਇਸੈਂਸ, ਖਰੀਦ ਬਿੱਲ ਤੇ ਹੋਰ ਦਸਤਾਵੇਜ਼ ਮੰਗੇ।
ਸ਼ਿਕਾਇਤ ਅਨੁਸਾਰ, ਸੰਚਾਲਕ ਮੰਗੇ ਗਏ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਵਿਭਾਗ ਨੇ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ।
ਵਿਭਾਗੀ ਅਧਿਕਾਰੀਆਂ ਵੱਲੋਂ ਗੋਦਾਮ ‘ਚ ਮਿਲੀ ਖਾਦ ਦੇ ਨਮੂਨੇ ਲੈ ਕੇ ਸਬੰਧਤ ਪ੍ਰਯੋਗਸ਼ਾਲਾ ‘ਚ ਜਾਂਚ ਲਈ ਭੇਜਣ ਦੀ ਪ੍ਰਕਿਰਿਆ ਕੀਤੀ ਜਾਣੀ ਹੈ। ਜਾਂਚ ਰਿਪੋਰਟ ਤੋਂ ਪਤਾ ਲੱਗੇਗਾ ਕਿ ਖਾਦ ਦੀ ਗੁਣਵੱਤਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੈ ਜਾਂ ਨਹੀਂ।
