ਪ੍ਰਧਾਨ ਮੰਤਰੀ ਮੋਦੀ ਦੇ ਹਲਕੇ ’ਚ ਨੇ ਦੋਵੇਂ ਐੱਮਐੱਲਸੀ ਸੀਟਾਂ ਜਿੱਤੀਆਂ
ਸਮਾਜਵਾਦੀ ਪਾਰਟੀ ਨੇ ਵਾਰਾਨਸੀ ਡਿਵੀਜ਼ਨ ਦੀਆਂ ਦੋਵੇਂ ਵਿਧਾਨ ਪਰਿਸ਼ਦ (ਐੱਮਐੱਲਸੀ) ਸੀਟਾਂ ਆਪਣੇ ਨਾਂ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਿੱਚ ਭਾਜਪਾ ਲਈ ਇਹ ਹਾਰ ਸਿਆਸੀ ਪੱਖੋਂ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।
ਚੋਣ ਨਤੀਜਿਆਂ ਮੁਤਾਬਕ ਵਾਰਾਨਸੀ ਅਧਿਆਪਕ ਹਲਕੇ ਤੋਂ ਉਮੀਦਵਾਰ ਲਾਲ ਬਿਹਾਰੀ ਯਾਦਵ ਨੇ ਆਪਣੀ ਸੀਟ ਬਰਕਰਾਰ ਰੱਖੀ ਹੈ। ਦੂਜੇ ਪਾਸੇ, ਵਾਰਾਨਸੀ ਗ੍ਰੈਜੂਏਟ ਹਲਕੇ ਤੋਂ ਮੌਜੂਦਾ ਐੱਮਐੱਲਸੀ ਆਸ਼ੂਤੋਸ਼ ਸਿਨਹਾ ਨੇ ਭਾਜਪਾ ਉਮੀਦਵਾਰ ਕੇਦਾਰਨਾਥ ਸਿੰਘ ਨੂੰ ਕਰਾਰੀ ਮਾਤ ਦਿੱਤੀ ਹੈ। ਭਾਜਪਾ ਉਮੀਦਵਾਰ ਕੇਦਾਰਨਾਥ ਸਿੰਘ ਨੇ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਹੀ ਫੇਸਬੁੱਕ ’ਤੇ ਪੋਸਟ ਪਾ ਕੇ ਆਪਣੀ ਹਾਰ ਸਵੀਕਾਰ ਕਰਦਿਆਂ ਜਨਤਕ ਫ਼ਤਵੇ ਨੂੰ ਨਿਮਰਤਾ ਨਾਲ ਪ੍ਰਵਾਨ ਕਰ ਲਿਆ ਹੈ।
ਭਾਜਪਾ ਲਈ ਇਹ ਹਾਰ ਬੇਹੱਦ ਸੰਵੇਦਨਸ਼ੀਲ ਹੈ ਕਿਉਂਕਿ ਵਾਰਾਨਸੀ ਨਾ ਸਿਰਫ਼ ਪ੍ਰਧਾਨ ਮੰਤਰੀ ਦਾ ਲੋਕ ਸਭਾ ਹਲਕਾ ਹੈ, ਸਗੋਂ ਇਹ ਪਾਰਟੀ ਦਾ ਪ੍ਰਮੁੱਖ ਵਿਚਾਰਧਾਰਕ ਅਤੇ ਸਿਆਸੀ ਗੜ੍ਹ ਵੀ ਮੰਨਿਆ ਜਾਂਦਾ ਹੈ। ਦੋਵੇਂ ਐੱਮਐੱਲਸੀ ਸੀਟਾਂ ਜਿੱਤਣ ਨਾਲ ਸਮਾਜਵਾਦੀ ਪਾਰਟੀ ਨੇ ਖਿੱਤੇ ਦੇ ਅਧਿਆਪਕਾਂ ਅਤੇ ਪੜ੍ਹੇ-ਲਿਖੇ ਗ੍ਰੈਜੂਏਟ ਵੋਟਰਾਂ ਦਰਮਿਆਨ ਆਪਣੀ ਮਜ਼ਬੂਤ ਪਕੜ ਦਾ ਸਬੂਤ ਦਿੱਤਾ ਹੈ।
ਹਾਲਾਂਕਿ, ਇਹ ਦੋਵੇਂ ਹਲਕੇ ਵਿਸ਼ੇਸ਼ ਵੋਟਰ ਵਰਗ (ਅਧਿਆਪਕਾਂ ਅਤੇ ਗ੍ਰੈਜੂਏਟਾਂ) ਨਾਲ ਸਬੰਧਤ ਹਨ, ਇਸ ਲਈ ਇਨ੍ਹਾਂ ਨਤੀਜਿਆਂ ਨੂੰ ਸਿੱਧੇ ਤੌਰ ’ਤੇ ਆਮ ਲੋਕ ਸਭਾ ਚੋਣਾਂ ਦੇ ਵਿਆਪਕ ਰੁਝਾਨ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਚੋਣਾਂ ਵਿੱਚ ਸਮੁੱਚੀ ਵਾਰਾਨਸੀ ਡਿਵੀਜ਼ਨ ਅੰਦਰ ਰਜਿਸਟਰਡ ਅਧਿਆਪਕ ਅਤੇ ਗ੍ਰੈਜੂਏਟ ਹੀ ਵੋਟ ਪਾਉਣ ਦੇ ਯੋਗ ਹੁੰਦੇ ਹਨ।
ਭਾਜਪਾ ਨੂੰ ਇਹ ਹਾਰ ਉਸ ਵੇਲੇ ਝੱਲਣੀ ਪਈ ਹੈ ਜਦੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇਨ੍ਹਾਂ ਚੋਣਾਂ ਵਿੱਚ ਪੂਰੀ ਤਾਕਤ ਝੋਕੀ ਹੋਈ ਸੀ ਅਤੇ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਗਈ ਸੀ। ਇਸ ਨਤੀਜੇ ਤੋਂ ਬਾਅਦ ਹੁਣ ਖੇਤਰ ਵਿੱਚ ਭਾਜਪਾ ਦੇ ਜਥੇਬੰਦਕ ਢਾਂਚੇ ਅਤੇ ਪੜ੍ਹੇ-ਲਿਖੇ ਵੋਟਰ ਵਰਗ ਨੂੰ ਆਪਣੇ ਨਾਲ ਜੋੜਨ ਦੀ ਰਣਨੀਤੀ ’ਤੇ ਅੰਦਰੂਨੀ ਮੰਥਨ ਤੇ ਪੜਚੋਲ ਤੇਜ਼ ਹੋਣ ਦੀ ਸੰਭਾਵਨਾ ਹੈ।
