ਸੀਬੀਆਈ ਅੱਗੇ ਪੇਸ਼ ਨਹੀਂ ਹੋਏ ਰਾਜਬੀਰ ਘੁੰਮਣ; ਜਾਂਚ ਅਧਿਕਾਰੀ ਕਰਦੇ ਰਹੇ ਉਡੀਕ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਅੱਜ ਤਲਬੀ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ ਦੇ ਇੱਥੋਂ ਦੇ ਸੈਕਟਰ 30 ਵਿਚਲੇ ਦਫ਼ਤਰ ’ਚ ਪੇਸ਼ ਨਹੀਂ ਹੋਏ। ਸੀਬੀਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਦਿੱਲੀ ’ਚ ਦਰਜ ਕੇਸ ਦੇ ਸਬੰਧ ’ਚ ਰਾਜਬੀਰ ਸਿੰਘ ਘੁੰਮਣ ਨੂੰ ਅੱਜ ਦੁਪਹਿਰ ਢਾਈ ਵਜੇ ਲਈ ਤਲਬ ਕੀਤਾ ਸੀ, ਪਰ ਘੁੰਮਣ ਅੱਜ ਸੀਬੀਆਈ ਦੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਸੰਘੀ ਏਜੰਸੀ ਦੇ ਅਧਿਕਾਰੀ ਮਿਥੇ ਸਮੇਂ ਤੋਂ ਬਾਅਦ ਤੱਕ ਵੀ ਰਾਜਬੀਰ ਸਿੰਘ ਘੁੰਮਣ ਦੀ ਉਡੀਕ ਕਰਦੇ ਰਹੇ।
ਪੰਜਾਬ ਸਰਕਾਰ ਵੱਲੋਂ ਸੀਬੀਆਈ ਜਾਂਚ ਦੇ ਖ਼ਿਲਾਫ਼ ਸੁਪਰੀਮ ਕੋਰਟ ’ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਇੱਕ-ਦੋ ਦਿਨਾਂ ’ਚ ਹੋਣੀ ਹੈ। ਸੂਤਰ ਦੱਸਦੇ ਹਨ ਕਿ ਸਿਖਰਲੀ ਅਦਾਲਤ ’ਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਓਐੱਸਡੀ ਰਾਜਬੀਰ ਘੁੰਮਣ ਨੇ ਸੀਬੀਆਈ ਅੱਗੇ ਪੇਸ਼ ਹੋਣ ਤੋਂ ਫ਼ਿਲਹਾਲ ਕਿਨਾਰਾ ਕੀਤਾ ਹੈ, ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਇਸ ਮਾਮਲੇ ’ਚ ਰਾਹਤ ਮਿਲਣ ਦੀ ਝਾਕ ਹੈ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਈਡੀ ਵੱਲੋਂ ਡੀਜੀਪੀ ਪੰਜਾਬ ਨੂੰ ਲਿਖੇ ਪੱਤਰਾਂ ਦੇ ਅਧਾਰ ’ਤੇ ਸੀਬੀਆਈ ਨੇ ਰਾਜਬੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਆਰ. ਐੱਸ. ਨਾਗਰਾ ਅਤੇ ਅਣਪਛਾਤਿਆਂ ’ਤੇ ਐੱਫ਼.ਆਈ.ਆਰ. ਦਰਜ ਕੀਤੀ ਹੈ। ਸੀਬੀਆਈ ਵੱਲੋਂ ਦੋ ਮਹੀਨਿਆਂ ਦੇ ਅੰਦਰ ਇਸ ਮਾਮਲੇ ਦੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪੀ ਜਾਣੀ ਹੈ।
ਸੀਬੀਆਈ ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ’ਚ ਅੱਠ ਥਾਵਾਂ ’ਤੇ ਛਾਪੇ ਵੀ ਮਾਰੇ ਸਨ। ਕੇਂਦਰੀ ਜਾਂਚ ਏਜੰਸੀ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਇਸ ਮਾਮਲੇ ਦਾ ਪੁਲੀਸ ਕੇਸ ਵੀ ਦਿੱਲੀ ’ਚ ਦਰਜ ਕੀਤਾ ਹੈ ਅਤੇ ਸਾਲ 2023 ਤੋਂ 2026 ਤੱਕ ਦੇ ਸਮੇਂ ਦੌਰਾਨ ਹੋਏ ਸ਼ੱਕੀ ਕੰਮਾਂ ਨੂੰ ਅਧਾਰ ਬਣਾਇਆ ਹੈ।
ਦੂਜੇ ਪਾਸੇ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀਬੀਆਈ ਵੱਲੋਂ ਰਾਜਬੀਰ ਘੁੰਮਣ ਨੂੰ ਅੱਜ ਪੇਸ਼ ਹੋਣ ਲਈ ਕੋਈ ਸੰਮਨ ਨਹੀਂ ਮਿਲੇ ਹਨ, ਜਿਸ ਕਰਕੇ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਸੀ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ, “ਉਨ੍ਹਾਂ ਨੂੰ ਕੋਈ ਸੰਮਨ ਨਹੀਂ ਮਿਲਿਆ।” ਸੂਤਰਾਂ ਨੇ ਸੰਮਨ ਨਾ ਮਿਲਣ ਦੇ ਤਰਕ ਨਾਲ ਅੱਜ ਉਨ੍ਹਾਂ ਦੇ ਪੇਸ਼ ਨਾ ਹੋਣ ਦੀ ਦਲੀਲ ਦਿੱਤੀ।
