ਲੱਕੀ ਪਟਿਆਲ ਗੈਂਗ ਦੇ 5 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ, ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਦੇ ਦਿੱਤੇ ਗਏ ਸਨ ਨਿਰਦੇਸ਼

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕਰਨ ਰਾਮ ਉਰਫ਼ ਅੱਲਾ ਬੰਗਾ ਸਦਰ, ਸਤਨਾਮ ਉਰਫ਼ ਸਾਬੀ ਮੇਹਟੀਆਣਾ (ਹੁਸ਼ਿਆਰਪੁਰ), ਤਰਲੋਚਨ ਬਹਿਰਾਮ (ਨਵਾਂਸ਼ਹਿਰ), ਗੁਰਦੀਪ ਸਿੰਘ ਗੜ੍ਹਪਦਾਣਾ ਤੇ ਕਰਨ ਕੁਮਾਰ ਵਾਸੀ ਫਰਾਲਾ (ਨਵਾਂਸ਼ਹਿਰ) ਵਜੋਂ ਹੋਈ ਹੈ।
ਪੰਜਾਬ ‘ਚ ਆਪ੍ਰੇਸ਼ਨ ਪ੍ਰਹਾਰ ਤਹਿਤ ਨਵਾਂਸ਼ਹਿਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਟੀਮ ਤੇ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਨੇ ਲੱਕੀ ਪਟਿਆਲ ਗੈਂਗ ਨਾਲ ਜੁੜੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ.30 ਬੋਰ ਦਾ ਇੱਕ ਪਿਸਤੌਲ,.30 ਬੋਰ ਦਾ ਇੱਕ ਵਿਦੇਸ਼ੀ ਪਿਸਤੌਲ ਸਮੇਤ 10 ਜਿੰਦਾ ਕਾਰਤੂਸ ਤੇ.32 ਬੋਰ ਦਾ ਇੱਕ ਦੇਸੀ ਪਿਸਤੌਲ ਸਮੇਤ 3 ਜਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਇੱਕ ਚੋਰੀ ਦੀ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ ਹੈ।
ਪੁਲਿਸ ਅਨੁਸਾਰ, 28 ਸਤੰਬਰ ਨੂੰ ਬੰਗਾ ਦੇ ਸਲੋਹ ਮੋੜ ਤੇ ਇੱਕ ਟੈਂਪੂ ਡਰਾਈਵਰ ਨੂੰ ਗੋਲੀ ਮਾਰਨ ਦੀ ਘਟਨਾ ‘ਚ ਗ੍ਰਿਫ਼ਤਾਰ ਕੀਤੇ ਗਏ ਕਰਨ ਤੇ ਗੁਰਦੀਪ ਸਿੰਘ ਦੀ ਭੂਮਿਕਾ ਸਾਹਮਣੇ ਆਈ ਹੈ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਲੱਕੀ ਪਟਿਆਲ ਵੱਲੋਂ ਮੁਲਜ਼ਮਾਂ ਨੂੰ ਜਲੰਧਰ ਤੇ ਚੰਡੀਗੜ੍ਹ ‘ਚ ਟਾਰਗੇਟ ਕਿਲਿੰਗ ਲਈ ਦੋ ਟਾਰਗੇਟ ਦਿੱਤੇ ਗਏ ਸਨ। ਪੁਲਿਸ ਮੁਤਾਬਕ ਮੁਲਜ਼ਮ ਤਰਨਤਾਰਨ ਦੇ ਪੱਟੀ ਇਲਾਕੇ ਤੋਂ ਹਥਿਆਰ ਲੈ ਕੇ ਆਏ ਸਨ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸਨ।
ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰਕੇ ਹਥਿਆਰਾਂ ਦੀ ਸਪਲਾਈ ਤੇ ਕਥਿਤ ਟਾਰਗੇਟ ਕਿਲਿੰਗ ਨਾਲ ਜੁੜੀਆਂ ਹੋਰ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧੀ ਥਾਣਾ ਸਦਰ ਬੰਗਾ ‘ਚ ਮੁਕੱਦਮਾ ਨੰਬਰ 135 ਤਹਿਤ ਬੀਐਨਐਸ ਦੀਆਂ ਧਾਰਾਵਾਂ 308(4), 351(2), 303(2), 48 ਤੇ ਆਰਮਜ਼ ਐਕਟ ਦੀਆਂ ਧਾਰਾਵਾਂ 25(8), 25-54-1959 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
