ਯੂਕਰੇਨ ਨੇ ਰੂਸ ਦੇ ਟੈਂਕਰ ‘ਤੇ ਕੀਤਾ ਹਮਲਾ, 23 ਭਾਰਤੀਆਂ ਨੂੰ ਕੀਤਾ ਗਿਆ ਰੈਸਕਿਊ

ਰੂਸ ਦੇ ਦੱਖਣੀ ਤਟ 'ਤੇ ਇੱਕ ਤੇਲ ਟੈਂਕਰ 'ਚ ਕਥਿਤ ਯੂਕਰੇਨੀ ਡਰੋਨ ਹਮਲੇ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸੋਚੀ ਦੇ ਉੱਪਰ ਕਾਲਾ ਧੂੰਆਂ ਛਾ ਗਿਆ। ਲਾਈਬੇਰੀਆ ਦੇ ਝੰਡੇ ਵਾਲੇ ਇਸ ਟੈਂਕਰ 'ਤੇ ਕਾਲੇ ਸਾਗਰ 'ਚ ਹਮਲਾ ਹੋਇਆ।
ਰੂਸ ਦੇ ਦੱਖਣੀ ਤਟ ਦੇ ਨੇੜੇ ਇੱਕ ਆਇਲ ਟੈਂਕਰ ‘ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ‘ਤੇ ਯੂਕਰੇਨ ਦੇ ਨੇਵਲ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਰਿਜ਼ੋਰਟ ਸ਼ਹਿਰ ਸੋਚੀ ਦੇ ਕੁਝ ਹਿੱਸਿਆਂ ਦੇ ਉੱਪਰ ਕਾਲੇ ਧੂੰਏਂ ਦਾ ਗੁਬਾਰ ਦਿਖਾਈ ਦਿੱਤਾ। ਰੂਸ ਦੇ ਟਰਾਂਸਪੋਰਟ ਮੰਤਰਾਲੇ ਨੇ ਦੱਸਿਆ ਕਿ ਲਾਈਬੇਰੀਆ ਦੇ ਝੰਡੇ ਵਾਲੇ ਇਸ ਟੈਂਕਰ ‘ਤੇ ਕਾਲੇ ਸਾਗਰ (ਬਲੈਕ ਸੀ) ‘ਚ ਹਮਲਾ ਕੀਤਾ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫਾਇਰਫਾਈਟਰਜ਼ ਤੁਰੰਤ ਇਸ ‘ਤੇ ਕਾਬੂ ਨਹੀਂ ਪਾ ਸਕੇ, ਪਰ ਜਹਾਜ਼ ‘ਤੇ ਮੌਜੂਦ ਸਾਰੇ 23 ਕਰੂ ਮੈਂਬਰਾਂ ਨੂੰ ਬਚਾ ਲਿਆ ਗਿਆ।
ਸੋਚੀ ਤੋਂ ਸਾਹਮਣੇ ਆਈਆਂ ਵੀਡੀਓਜ਼ ਤੇ ਤਸਵੀਰਾਂ ‘ਚ ਸਮੁੰਦਰ ਦੇ ਕੰਢੇ ਤੇਜ਼ ਅੱਗ ਦੀਆਂ ਲਪਟਾਂ ਤੇ ਆਸਮਾਨ ‘ਚ ਉੱਠਦਾ ਹੋਇਆ ਸੰਘਣਾ ਕਾਲਾ ਧੂੰਆਂ ਦਿਖਾਈ ਦਿੱਤਾ। ਸਾਵਧਾਨੀ ਦੇ ਤੌਰ ‘ਤੇ ਅਧਿਕਾਰੀਆਂ ਨੇ ਸਮੁੰਦਰੀ ਤੱਟਾਂ ਤੇ ਤੱਟੀ ਇਲਾਕਿਆਂ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਦੇ ਜਾਣ ‘ਤੇ ਰੋਕ ਲਗਾ ਦਿੱਤੀ। ਸਿਰਿਅਸ ਫੈਡਰਲ ਟੈਰੀਟਰੀ ਦੇ ਮੁਖੀ ਦਿਮਿਤਰੀ ਪਲਿਸ਼ਕਿਨ ਨੇ ਟੈਂਕਰ ‘ਚ ਅੱਗ ਲੱਗਣ ਦੀ ਪੁਸ਼ਟੀ ਕੀਤੀ ਤੇ ਸਥਾਨਕ ਸਮੁੰਦਰੀ ਤੱਟਾਂ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ, ਬਲੈਕ ਸੀ ‘ਚ ਇੱਕ ਟੈਂਕਰ ਵਿੱਚ ਅੱਗ ਲੱਗ ਗਈ ਹੈ। ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ, ਸਿਰਿਅਸ ਦੇ ਸਮੁੰਦਰੀ ਤੱਟਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਪਾਣੀ ਤੇ ਹਵਾ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਧਿਕਾਰੀ ਰੂਸ ਦੀ ਹਾਈਡ੍ਰੋਮੀਟੀਓਰੋਲੋਜੀਕਲ ਸਰਵਿਸ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਰੂਸ ਤੇ ਯੂਕਰੇਨ ਬਲੈਕ ਸੀ ਤੇ ਇਸ ਦੇ ਆਸ-ਪਾਸ ਚੱਲ ਰਹੀ ਜੰਗ ਨਾਲ ਜੁੜੇ ਐਨਰਜੀ ਸੈਂਟਰਾਂ ਤੇ ਕਮਰਸ਼ੀਅਲ ਸ਼ਿਪਿੰਗ ਨੂੰ ਨਿਸ਼ਾਨਾ ਬਣਾ ਰਹੇ ਹਨ। ਰੂਸ ਨੇ ਹਾਲ ਹੀ ‘ਚ ਰੋਮਾਨੀਆਈ ਤਟ ਦੇ ਨੇੜੇ ਯੂਕਰੇਨੀ ਸਮਾਨ ਲੈ ਕੇ ਜਾ ਰਹੇ ਅਨਾਜ ਦੇ ਜਹਾਜ਼ਾਂ ‘ਤੇ ਹਮਲੇ ਕੀਤੇ ਹਨ, ਜਦਕਿ ਯੂਕਰੇਨ ਨੇ ਰੂਸ ਦੇ ਤੇਲ ਇਨਫ੍ਰਾਸਟਰਕਚਰ ਨੂੰ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਇਹ ਹਮਲੇ ਯੂਕਰੇਨੀ ਸ਼ਹਿਰਾਂ ‘ਤੇ ਮਾਸਕੋ ਦੇ ਲਗਾਤਾਰ ਹਮਲਿਆਂ ਦਾ ਜਵਾਬ ਹਨ।
ਦੋਵਾਂ ਪੱਖਾਂ ਨੇ ਆਪਣੇ ਹਮਲਿਆਂ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ। ਰੂਸ ਨੇ ਕੀਵ ‘ਤੇ ਵੀ ਹਮਲੇ ਤੇਜ਼ ਕਰ ਦਿੱਤੇ ਹਨ, ਜਿਨ੍ਹਾਂ ‘ਚ ਦਿਨ ਦੇ ਸਮੇਂ ਡਰੋਨ ਹਮਲੇ ਤੇ ਅਹਿਮ ਪੁਲਾਂ ‘ਤੇ ਹਮਲੇ ਸ਼ਾਮਲ ਹਨ। ਹਮਲਿਆਂ ‘ਚ ਯੂਕਰੇਨ ਦੀ ਰਾਜਧਾਨੀ ‘ਚ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ, ਦੱਖਣੀ ਰੂਸ ‘ਚ ਤੇਲ ਠਿਕਾਣਿਆਂ ‘ਤੇ ਯੂਕਰੇਨ ਦੇ ਪਿਛਲੇ ਹਮਲਿਆਂ ਕਾਰਨ ਤੇਲ ਦਾ ਰਿਸਾਅ ਹੋਇਆ ਹੈ, ਸਮੁੰਦਰੀ ਤੱਟ ਬੰਦ ਕਰਨੇ ਪਏ ਹਨ ਤੇ ਵਾਤਾਵਰਣ ਨਾਲ ਜੁੜੀਆਂ ਹੋਰ ਚਿੰਤਾਵਾਂ ਪੈਦਾ ਹੋਈਆਂ ਹਨ।
