ਸ਼ਹੀਦ ਭਗਤ ਸਿੰਘ: ਪਾਰਖੂ ਪਾਠਕ ਤੋਂ ਗੰਭੀਰ ਚਿੰਤਕ ਤੱਕ
ਭਗਤ ਸਿੰਘ ਦੀ ਸ਼ਹੀਦੀ ਪਿੱਛੋਂ ਬਰਤਾਨਵੀ ਸਾਮਰਾਜੀ ਸਰਕਾਰ ਨੇ ਉਸ ਨੂੰ ਖ਼ੂੰਖ਼ਾਰ ਨੌਜਵਾਨ ਦੇ ਰੂਪ ਵਿੱਚ ਪੇਸ਼ ਕੀਤਾ ਕਿਉਂਕਿ ਅਜਿਹਾ ਬਿਰਤਾਂਤ ਭਗਤ ਸਿੰਘ ਵੱਲੋਂ ਦੱਸੇ ਮਾਰਗ ਉੱਤੇ ਚੱਲਣ ਵਾਲੇ ਨੌਜਵਾਨਾਂ ਨੂੰ ਅਤਿਵਾਦੀ ਐਲਾਨ ਕੇ ਉਨ੍ਹਾਂ ਉੱਤੇ ਤਸ਼ੱਦਦ ਕਰਨ ਦਾ ਆਧਾਰ ਪ੍ਰਦਾਨ ਕਰਦਾ ਸੀ। ਇੱਕੀਵੀਂ ਸਦੀ ਵਿੱਚ ਰਾਜਸੀ ਦ੍ਰਿਸ਼ ਬਦਲਿਆ ਹੈ, ਨੌਜਵਾਨ ਪੀੜ੍ਹੀ ਵਿੱਚ ਭਗਤ ਸਿੰਘ ਬਾਰੇ ਖਿੱਚ ਨੂੰ ਵੇਖਦਿਆਂ ਸਿਆਸੀ ਪਾਰਟੀਆਂ, ਨੌਜਵਾਨਾਂ ਨੂੰ ਸ਼ਹੀਦ ਦੇ ਨਾਂ ਵਾਲੀ ‘ਸ਼ਰਟ’ ਪਹਿਨਣ ਅਤੇ ਉਸ ਵਰਗਾ ਦਿਸਣ ਵਾਸਤੇ ਖ਼ਾਸ ਰੰਗ ਦੀਆਂ ਪੱਗਾਂ ਬੰਨ੍ਹਣ ਲਈ ਉਤਸ਼ਾਹਿਤ ਕਰਦੀਆਂ ਹਨ। ਸਿਆਸੀ ਪਾਰਟੀਆਂ ਵੋਟਾਂ ਹਾਸਿਲ ਕਰਨ ਲਈ ਉਸ ਦੇ ਸੋਹਲੇ ਗਾਉਣ ਤੋਂ ਵੀ ਨਹੀਂ ਖੁੰਝਦੀਆਂ, ਪਰ ਦੇਸ਼ ਦੀ ਨੁਹਾਰ ਭਗਤ ਸਿੰਘ ਦੀ ਸੋਚ ਅਨੁਸਾਰ ਘੜਨ ਬਾਰੇ ਖ਼ਾਮੋਸ਼ ਹਨ। ਅਜਿਹੇ ਵਿੱਚ ਭਗਤ ਸਿੰਘ ਵਾਂਗ ਪੜ੍ਹਨ ਦਾ ਸ਼ੌਕ ਰੱਖਣ ਵਾਲੇ ਨੌਜਵਾਨ ਹੀ ਲੋਕਾਈ ਨੂੰ ਰਾਜਨੀਤੀਵਾਨਾਂ ਦੀਆਂ ਚਾਲਾਂ ਤੋਂ ਜਾਣੂ ਕਰਵਾ ਸਕਦੇ ਹਨ।
ਪੰਜਾਬ ਦੇ ਸੰਗਰਾਮੀ ਇਤਿਹਾਸਕਾਰ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ, ਸ਼ਹੀਦ ਭਗਤ ਸਿੰਘ ਦੀ ਮਾਤਾ ਜੀ (ਜਿਨ੍ਹਾਂ ਦੀ ਸੰਗਤ ਮਾਣਨ ਦਾ ਸੁਭਾਗ ਉਨ੍ਹਾਂ ਨੂੰ ਪ੍ਰਾਪਤ ਹੋਇਆ) ਦੇ ਹਵਾਲੇ ਨਾਲ ਦੱਸਿਆ ਕਰਦੇ ਸਨ ਕਿ ਭਗਤ ਸਿੰਘ ਜੋ ਪੁਸਤਕ ਪੜ੍ਹ ਰਿਹਾ ਹੁੰਦਾ, ਉਸ ਨੂੰ ਹਮੇਸ਼ਾ ਕਮੀਜ਼ ਜਾਂ ਕੋਟ ਦੀ ਜੇਬ ਵਿੱਚ ਰੱਖਦਾ। ਪੁਸਤਕਾਂ ਦਾ ਆਕਾਰ ਜੇਬ ਨਾਲੋਂ ਵੱਡਾ ਹੋਣ ਕਾਰਨ ਉਸ ਦੀ ਜੇਬ ਅਕਸਰ ਹੀ ਪਾਟੀ ਹੁੰਦੀ। ਭਗਤ ਸਿੰਘ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਹੋ ਗਿਆ ਸੀ। ਸਕੂਲ ਵਿੱਚ ਪੜ੍ਹਦਿਆਂ ਉਸ ਨੂੰ ਆਪਣੇ ਘਰ ਵਿੱਚ ਪਈਆਂ ‘ਭਾਰਤ ਮਾਤਾ ਬੁੱਕ ਏਜੰਸੀ’ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਪੜ੍ਹਨ ਦਾ ਅਵਸਰ ਮਿਲਿਆ। ਪੇਂਡੂ ਅੱਧ-ਪੜ੍ਹ ਲੋਕਾਂ ਨੂੰ ਦੇਸ਼ ਦੀ ਤਤਕਾਲੀ ਦੁਰਦਸ਼ਾ ਤੋਂ ਜਾਣੂ ਕਰਵਾਉਣ ਲਈ ਸਿੱਧੀ-ਪੱਧਰੀ ਭਾਸ਼ਾ ਵਿੱਚ ਲਿਖੀਆਂ ਇਨ੍ਹਾਂ ਪੁਸਤਕਾਂ ਦੇ ਪਾਠ ਨੇ ਉਸ ਨੂੰ ਇੱਕ ਪਾਸੇ ਸਮਕਾਲੀ ਸਮਾਜੀ-ਸਿਆਸੀ ਮਸਲਿਆਂ ਨੂੰ ਸਮਝਣ ਦੇ ਰਾਹ ਤੋਰਿਆ ਅਤੇ ਦੂਜੇ ਪਾਸੇ ਉਸ ਅੰਦਰ ਇੱਕ ਜਗਿਆਸੂ ਪਾਠਕ ਨੂੰ ਜਨਮ ਦਿੱਤਾ, ਜਿਸ ਨੇ ਆਪਣੀ ਗਿਆਨ ਪ੍ਰਾਪਤੀ ਦੀ ਅਭਿਲਾਸ਼ਾ ਨੂੰ ਸੰਤੁਸ਼ਟ ਕਰਨ ਲਈ ਜੇਲ੍ਹ ਜੀਵਨ ਦੌਰਾਨ ਵੀ ਪੁਸਤਕਾਂ ਨੂੰ ਆਪਣਾ ਸੰਗੀ ਬਣਾਈ ਰੱਖਿਆ।
ਨੈਸ਼ਨਲ ਕਾਲਜ, ਲਾਹੌਰ ਵਿੱਚ ਪੜ੍ਹਦਿਆਂ ਉਹ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਅਤੇ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਇਤਿਹਾਸਕਾਰ ਸ੍ਰੀ ਸਚਿੰਦਰਨਾਥ ਸਾਨਿਆਲ ਦੇ ਸੰਪਰਕ ਵਿੱਚ ਆਇਆ ਤਾਂ ਉਸ ਦੀ ਪ੍ਰੇਰਨਾ ਸਦਕਾ ਪੜ੍ਹਨਾ ਉਸ ਲਈ ਖ਼ਬਤ (ਜਨੂੰਨ) ਬਣ ਗਿਆ। ਇਸ ਮਨੋਰਥ ਲਈ ਉਸ ਨੇ ਦਵਾਰਕਾ ਦਾਸ ਲਾਇਬ੍ਰੇਰੀ ਦਾ ਪੂਰਾ ਲਾਭ ਉਠਾਇਆ। ਇਸ ਲਾਇਬ੍ਰੇਰੀ ਵਿੱਚੋਂ ਉਸ ਨੂੰ ਦੇਸ਼ ਦੀ ਹੋਣੀ ਦੇ ਖ਼ੁਦ ਘਾੜੇ ਬਣਨ ਦੀ ਪ੍ਰੇਰਨਾ ਦੇਣ ਵਾਲੀਆਂ ਪੁਸਤਕਾਂ ਪੜ੍ਹਨ ਨੂੰ ਮਿਲੀਆਂ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਸ ਦੇ ਸਿਰ ਉੱਤੇ ਪੁਸਤਕਾਂ, ਵਿਸ਼ੇਸ਼ ਕਰ ਕੇ ਰਾਜਨੀਤੀ ਅਤੇ ਇਤਿਹਾਸ ਦੇ ਵਿਸ਼ੇ ਦੀਆਂ ਪੁਸਤਕਾਂ ਪੜ੍ਹਨ ਦਾ ਭੂਤ ਸਵਾਰ ਸੀ। ਇਸ ਲਾਇਬ੍ਰੇਰੀ ਦੇ ਆਸਰੇ ਉਸ ਦਾ ਅਧਿਐਨ ਖੇਤਰ ਕਿੰਨਾ ਵਿਸ਼ਾਲ ਹੋਇਆ, ਇਸ ਤੱਥ ਦਾ ਕੁਝ ਕੁ ਅੰਦਾਜ਼ਾ ਨੈਸ਼ਨਲ ਕਾਲਜ ਲਾਹੌਰ ਦੇ ਵਿਦਿਆਰਥੀ ਹੁੰਦਿਆਂ ਉਸ ਵੱਲੋਂ 1924 ਵਿੱਚ ਹਿੰਦੀ ਵਿੱਚ ਲਿਖੇ ਲੇਖ ‘ਪੰਜਾਬ ਕੀ ਭਾਸ਼ਾ ਤਥਾ ਲਿਪੀ ਸਮੱਸਿਆ’ ਤੋਂ ਲਗਾਇਆ ਜਾ ਸਕਦਾ ਹੈ।
ਇਸ ਲੇਖ ਵਿੱਚ ਉਸ ਨੇ ਪੰਜਾਬ ਦੀ ਭਾਸ਼ਾ ਅਤੇ ਲਿਪੀ ਸਮੱਸਿਆ ਨੂੰ ਹੱਲ ਕਰਨ ਬਾਰੇ ਸੁਝਾਅ ਦੇਣ ਤੋਂ ਪਹਿਲਾਂ ਸਮੱਸਿਆ ਦਾ ਪਿਛੋਕੜ ਦੱਸਣ ਲਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਪੰਜਾਬ ਦੇ ਇਤਿਹਾਸ ਉੱਤੇ ਪੰਛੀ ਝਾਤ ਪਾਈ ਸੀ। ਉਸ ਨੇ ‘ਸਤਿਆਰਥ ਪ੍ਰਕਾਸ਼’ ਵਿੱਚ ਦਰਜ ਸਵਾਮੀ ਦਯਾਨੰਦ ਦੇ ਕਥਨਾਂ ਕਾਰਨ ਸਿੱਖਾਂ ਅਤੇ ਆਰੀਆ ਸਮਾਜੀਆਂ ਦਰਮਿਆਨ ਪੈਦਾ ਹੋਏ ਵਿਵਾਦ ਬਾਰੇ ਵੀ ਟਿੱਪਣੀ ਕੀਤੀ ਸੀ। ਨਿਬੰਧ ਵਿੱਚ ਗੈਰੀਬਾਲਡੀ, ਮੈਜ਼ਿਨੀ, ਰੂਸੋ, ਵਾਲਟੇਅਰ, ਟਾਲਸਟਾਏ, ਕਾਰਲ ਮਾਰਕਸ ਅਤੇ ਮੈਕਸਿਮ ਗੋਰਕੀ ਸਬੰਧੀ ਆਏ ਹਵਾਲੇ ਉਸ ਦੇ ਵਿਸ਼ਾਲ ਅਧਿਐਨ ਦੀ ਸ਼ਾਹਦੀ ਭਰਦੇ ਹਨ। ਇਸ ਲੇਖ ਤੋਂ ਇਹ ਤੱਥ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਲੇਖ ਲਿਖੇ ਜਾਣ ਤੱਕ ਭਗਤ ਸਿੰਘ ਕਾਰਲ ਮਾਰਕਸ, ਕਮਿਊਨਿਜ਼ਮ ਅਤੇ ਰੂਸੀ ਇਨਕਲਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕਾ ਸੀ।
ਉਹ ਇੱਕ ਪਾਰਖੂ ਪਾਠਕ ਸੀ ਜਿਸ ਨੇ ਉਹ ਪੁਸਤਕਾਂ ਪੜ੍ਹੀਆਂ ਜਿਨ੍ਹਾਂ ਵਿੱਚ ਇਨਕਲਾਬੀਆਂ ਦੇ ਲੁਕ-ਛਿਪ ਕੇ ਇਨਕਲਾਬੀ ਕੰਮ ਕਰਨ ਅਤੇ ਜਾਨ ਤਲੀ ਉੱਤੇ ਧਰ ਕੇ ਹਕੂਮਤਾਂ ਦਾ ਵਿਰੋਧ ਕਰਨ ਦੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਸਨ ਜਾਂ ਜਿਨ੍ਹਾਂ ਵਿੱਚੋਂ ਸਮਾਜਵਾਦ ਦੀ ਸਿਧਾਂਤਕ ਅਤੇ ਵਿਹਾਰਕ ਜਾਣਕਾਰੀ ਮਿਲਦੀ ਸੀ। ਡਾਨ ਬ੍ਰੀਨ ਰਚਿਤ ‘ਮਾਈ ਸਟ੍ਰੱਗਲ ਫਾਰ ਆਇਰਿਸ਼ ਫ੍ਰੀਡਮ’, ਸਚਿੰਦਰਨਾਥ ਸਾਨਿਆਲ ਲਿਖਤ ਪੁਸਤਕ ‘ਬੰਦੀ ਜੀਵਨ’, ‘ਹਿਸਟਰੀ ਆਫ ਫਰੈਂਚ ਰੈਵੋਲਿਊਸ਼ਨ’, ਮੈਜ਼ਿਨੀ ਅਤੇ ਗੈਰੀਬਾਲਡੀ ਦੀਆਂ ਜੀਵਨੀਆਂ, ਫਰਾਂਸ ਦੀ ਮਜ਼ਦੂਰ ਜਥੇਬੰਦੀ ਦੇ ਅਰਾਜਕਤਾਵਾਦੀ ਨੌਜਵਾਨ ਆਗੂ ਵੇਲਾ ਦੀ ਲਿਖਤ ‘ਸਾਈਕਾਲੋਜੀ ਆਫ ਵਾਇਲੈਂਸ’, ‘ਰੈਵੋਲਿਊਸ਼ਨਰੀ ਆਇਡੀਆਜ਼ ਆਫ ਵਾਲਟੇਅਰ’, ‘ਥਿਊਰੀ ਐਂਡ ਪ੍ਰੈਕਟਿਸਿਜ਼ ਆਫ ਲੈਨਿਨਿਜ਼ਮ’, ‘ਕ੍ਰਾਈ ਫਾਰ ਜਸਟਿਸ’ ਆਦਿ ਉਸ ਦੀਆਂ ਮਨਭਾਉਂਦੀਆਂ ਪੁਸਤਕਾਂ ਸਨ, ਜਿਨ੍ਹਾਂ ਤੋਂ ਉਸ ਨੇ ਪ੍ਰੇਰਨਾ ਲਈ।
ਉਨ੍ਹੀਂ ਦਿਨੀਂ ਅੰਗਰੇਜ਼ੀ ਵਿੱਚ ਛਪੀ ਵੀਰ ਸਾਵਰਕਰ ਦੀ ਸੰਖੇਪ ਜੀਵਨੀ ਭਗਤ ਸਿੰਘ ਨੂੰ ਬਹੁਤ ਹੀ ਪਸੰਦ ਸੀ। ਇਨ੍ਹਾਂ ਪੁਸਤਕਾਂ ਤੋਂ ਉਸ ਨੇ ਵਿਚਾਰਧਾਰਕ ਸੇਧ ਪ੍ਰਾਪਤ ਕੀਤੀ ਅਤੇ ਇਸ ਗਿਆਨ ਨੂੰ ਆਪਣਾ ਜੀਵਨ ਮਾਰਗ ਤੈਅ ਕਰਨ ਲਈ ਵਰਤਿਆ। ਭਗਤ ਸਿੰਘ ਦੀ ਜੇਲ੍ਹ ਡਾਇਰੀ, ਜਿਸ ਵਿੱਚ ਉਸ ਨੇ ਜੇਲ੍ਹ-ਵਾਸ ਦੌਰਾਨ ਪੜ੍ਹੀਆਂ ਪੁਸਤਕਾਂ ਵਿੱਚੋਂ ਟੂਕਾਂ ਅਤੇ ਹੋਰ ਜਾਣਕਾਰੀ ਅੰਕਿਤ ਕੀਤੀ ਹੈ, ਉਸ ਦੇ ਵਿਸ਼ਾਲ ਅਧਿਐਨ ਦੀ ਸ਼ਾਹਦੀ ਭਰਦੀ ਹੈ।
ਮਾਸਿਕ ‘ਕਿਰਤੀ’ ਵਿੱਚ ਭਗਤ ਸਿੰਘ ਦੇ ਇੱਕ ਲੇਖ, ਜਿਸ ਵਿੱਚ ਉਸ ਨੇ ਵਿਅਕਤੀਗਤ ਮਾਅਰਕੇਬਾਜ਼ੀ ਉੱਤੇ ਜ਼ੋਰ ਦਿੱਤਾ ਸੀ, ਅਜਿਹਾ ਉਸ ਦੇ ਸੰਜੀਦਾ ਪਾਠਕ ਹੋਣ ਕਾਰਨ ਹੀ ਸੰਭਵ ਹੋਇਆ।
ਵਧੇਰੇ ਪੜ੍ਹਨ ਦਾ ਕੀ ਲਾਭ ਹੋਵੇਗਾ? ਇਸ ਪ੍ਰਸ਼ਨ ਦਾ ਉੱਤਰ ਭਗਤ ਸਿੰਘ ਨੇ ਖ਼ੁਦ ਆਪਣੇ ਉੱਤੇ ਢੁਕਾ ਕੇ ਇਉਂ ਦਿੱਤਾ ਸੀ, “ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿੱਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ।” ਅਧਿਐਨ ਸਦਕਾ ਆਪਣੀ ਸੋਚ ਵਿੱਚ ਆਈ ਤਬਦੀਲੀ ਦਾ ਜ਼ਿਕਰ ਉਸ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, “ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ਼ ਤਸ਼ੱਦਦ ਦੇ ਤੌਰ-ਤਰੀਕਿਆਂ ਦਾ ਰੋਮਾਂਸ ਐਨਾ ਭਾਰੂ ਸੀ, ਹੁਣ ਉਸ ਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ।” ਸ. ਭਗਤ ਸਿੰਘ ਦੇ ਇਨ੍ਹਾਂ ਸ਼ਬਦਾਂ ਵਿੱਚ ਬੜੇ ਡੂੰਘੇ ਅਰਥ ਸਮਾਏ ਹੋਏ ਹਨ।
ਭਗਤ ਸਿੰਘ ਦੀ ਅਧਿਐਨ ਰੁਚੀ ਬਾਰੇ ਗੱਲ ਕਰਨ ਮਗਰੋਂ ਉਸ ਦੀਆਂ ਲਿਖਤਾਂ ਵਿੱਚੋਂ ਪਰਗਟ ਹੁੰਦੀ ਉਸ ਦੀ ਵਿਚਾਰਧਾਰਾ ਬਾਰੇ ਵੀ ਜ਼ਿਕਰ ਕਰਨਾ ਬਣਦਾ ਹੈ। ਜਦੋਂ ‘ਨੌਜਵਾਨ ਭਾਰਤ ਸਭਾ’ ਦਾ ਮੈਨੀਫੈਸਟੋ ਲਿਖਿਆ ਗਿਆ ਤਾਂ ਇਸ ਵਿੱਚ ਇਨਕਲਾਬ ਬਾਰੇ ਗੰਭੀਰ ਚਰਚਾ ਕੀਤੀ ਗਈ। ਮੈਨੀਫੈਸਟੋ ਵਿੱਚ ਇਸ ਪ੍ਰਸ਼ਨ ਦਾ ਉੱਤਰ ਇਨ੍ਹਾਂ ਸ਼ਬਦਾਂ ਵਿੱਚ ਦਿੱਤਾ ਗਿਆ ਹੈ, “ਇਨਕਲਾਬ ਦਾ ਅਰਥ ਸਿਰਫ਼ ‘ਹਾਕਮਾਂ ਦੀ ਤਬਦੀਲੀ’ ਹੀ ਨਹੀਂ ਹੋਵੇਗਾ। ਸਭ ਤੋਂ ਵਧ ਕੇ ਇਸ ਦਾ ਅਰਥ ਹੋਵੇਗਾ ਇੱਕ ਬਿਲਕੁਲ ਨਵੇਂ ਢਾਂਚੇ ਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ।” ਗ਼ਦਰੀ ਲਾਲਾ ਰਾਮ ਸਰਨ ਦਾਸ ਦੀ ਪੁਸਤਕ ‘ਡਰੀਮਲੈਂਡ’ ਦੀ ਭੂਮਿਕਾ ਵਿੱਚ ਭਗਤ ਸਿੰਘ ਨੇ ਇਸ ਕਥਨ ਦੀ ਵਿਆਖਿਆ ਇਉਂ ਕੀਤੀ, “ਇਨਕਲਾਬ ਦਾ ਮਤਲਬ ਨਿਰੀ ਉਥਲ-ਪੁਥਲ ਨਹੀਂ। ਇਨਕਲਾਬ ਦਾ ਲਾਜ਼ਮੀ ਭਾਵ ਮੌਜੂਦਾ ਹਾਲਾਤ (ਯਾਨੀ ਰਾਜ ਪ੍ਰਬੰਧ) ਨੂੰ ਪੂਰੀ ਤਰ੍ਹਾਂ ਤਬਾਹ ਕਰ ਕੇ ਸਮਾਜ ਦੀ ਨਵੇਂ ਆਧਾਰ ਉੱਤੇ ਕੀਤੀ ਜਾਣ ਵਾਲੀ ਬਾਕਾਇਦਾ ਪੁਨਰ-ਉਸਾਰੀ ਦੇ ਪ੍ਰੋਗਰਾਮ ਤੋਂ ਹੁੰਦਾ ਹੈ।”
ਦੂਜੀ ਪੰਜਾਬ ਸਟੂਡੈਂਟਸ ਯੂਨੀਅਨ ਕਾਨਫਰੰਸ, ਜੋ 19-20 ਅਕਤੂਬਰ 1929 ਨੂੰ ਹੋਈ, ਲਈ ਭੇਜੇ ਸੰਦੇਸ਼ ਵਿੱਚ ਭਗਤ ਸਿੰਘ ਨੇ ਪੁਨਰ-ਸਿਰਜਿਤ ਸਮਾਜ ਦਾ ਮੁੱਖ ਲੱਛਣ ਇਹ ਦੱਸਿਆ, “ਇਨਕਲਾਬ... ਜਿਹੜਾ ਅਜਿਹੀ ਆਜ਼ਾਦੀ ਲਿਆਏਗਾ ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ-ਖਸੁੱਟ ਅਸੰਭਵ ਹੋ ਜਾਵੇਗੀ।” ਭਗਤ ਸਿੰਘ ਇਸ ਸਥਿਤੀ ਨੂੰ ਕਿਸੇ ਇੱਕ ਮੁਲਕ ਤੱਕ ਸੀਮਿਤ ਨਾ ਕਰਦਾ, ਉਹ ਸਮੁੱਚੇ ਵਿਸ਼ਵ ਨੂੰ ਇਸ ਦੇ ਘੇਰੇ ਵਿੱਚ ਲਿਆਉਣਾ ਚਿਤਵਦਾ ਸੀ। ਇਸ ਕਾਰਨ ਹੀ ਮੈਨੀਫੈਸਟੋ ਵਿੱਚ ਲਿਖਿਆ ਗਿਆ ਸੀ, “ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇੱਕ ਆਦਮੀ ਦੇ ਹੱਥੋਂ ਦੂਜੇ ਆਦਮੀ ਅਤੇ ਇੱਕ ਕੌਮ ਦੇ ਹੱਥੋਂ ਦੂਜੀ ਕੌਮ ਦੀ ਲੁੱਟ-ਖਸੁੱਟ ਦਾ ਅੰਤ ਕਰ ਦਿੱਤਾ ਜਾਵੇ।”
ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਲੁੱਟ-ਖਸੁੱਟ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨ ਲਈ ਬੰਬਾਂ-ਪਿਸਤੌਲਾਂ ਵਾਲਾ ਹੋਣਾ ਜ਼ਰੂਰੀ ਨਹੀਂ ਸੀ ਦੱਸਿਆ ਗਿਆ। ਭਗਤ ਸਿੰਘ ਨੇ ਅਸੈਂਬਲੀ ਬੰਬ ਮੁਕੱਦਮੇ ਦੀ ਹਾਈ ਕੋਰਟ ਵਿੱਚ ਪਾਈ ਅਪੀਲ ਸਮੇਂ ਦਿੱਤੇ ਬਿਆਨ ਵਿੱਚ ਇਸ ਨੂੰ ਅੱਗੇ ਵਧਾਉਂਦਿਆਂ ਲਿਖਿਆ, “ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤੇਜ਼ ਹੁੰਦੀ ਹੈ।” ਇਸੇ ਪ੍ਰਸੰਗ ਵਿੱਚ ‘ਡਰੀਮਲੈਂਡ’ ਦੀ ਭੂਮਿਕਾ ਵਿੱਚ ਲਿਖੇ ਉਸ ਦੇ ਸ਼ਬਦ ਹਨ, “ਸਮਾਜਵਾਦੀ ਸਮਾਜ ਹਿੰਸਕ ਤਰੀਕਿਆਂ ਨਾਲ ਕਾਇਮ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਆਪਣੇ ਅੰਦਰੋਂ ਉਗਮਣਾ ਤੇ ਵਿਗਸਣਾ ਪੈਣਾ ਹੈ।”
ਭਗਤ ਸਿੰਘ ਦਾ ਪੱਕਾ ਵਿਸ਼ਵਾਸ ਸੀ ਕਿ ਅਜਿਹੇ ਸਮਾਜ ਦੀ ਸਥਾਪਨਾ ਦਾ ਰਾਹ ਕੰਡਿਆਲਾ ਅਤੇ ਬਹੁਤ ਮੁਸ਼ਕਿਲਾਂ ਭਰਿਆ ਹੈ, ਜਿਸ ਉੱਤੇ ਸਿਰਫ਼ ਆਦਰਸ਼ ਨੂੰ ਇਸ਼ਟ ਮੰਨਣ ਵਾਲੇ ਨੌਜਵਾਨ ਹੀ ਚੱਲ ਸਕਦੇ ਹਨ। ਮੈਨੀਫੈਸਟੋ ਵਿੱਚ ਇਸ ਵਿਚਾਰ ਨੂੰ ਇਉਂ ਦਰਜ ਕੀਤਾ ਗਿਆ ਸੀ, “ਨੌਜਵਾਨਾਂ ਦਾ ਕੰਮ ਬਹੁਤ ਮੁਸ਼ਕਿਲ ਹੈ ਅਤੇ ਉਨ੍ਹਾਂ ਦੇ ਵਸੀਲੇ ਨਾਂ-ਮਾਤਰ ਹਨ। ਅਨੇਕਾਂ ਮੁਸੀਬਤਾਂ ਤੇ ਔਕੜਾਂ ਉਨ੍ਹਾਂ ਦੇ ਰਸਤੇ ਵਿੱਚ ਆਉਣਗੀਆਂ, ਉਨ੍ਹਾਂ ਥੋੜ੍ਹੇ ਪਰ ਸਾਫ਼-ਦਿਲ ਉੱਦਮੀ ਮਰਦਾਂ ਦੇ ਅਥਾਹ ਜੋਸ਼ ਅੱਗੇ ਉਹ ਵੀ ਨਹੀਂ ਅਟਕ ਸਕਦੀਆਂ। ਨੌਜਵਾਨਾਂ ਦਾ ਮੈਦਾਨ ਵਿੱਚ ਨਿੱਤਰਨਾ ਲਾਜ਼ਮੀ ਹੈ। ਉਨ੍ਹਾਂ ਨੂੰ ਆਪਣੇ ਸਾਹਮਣੇ ਕੰਡਿਆਲੇ ਤੇ ਬਿਖੜੇ ਰਸਤੇ ਅਤੇ ਨਾਲ ਹੀ ਮਹਾਨ ਆਦਰਸ਼ ਦੀ ਠੀਕ-ਠੀਕ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਦਿਲ ਵਿੱਚ ਵਸਾਉਣਾ ਚਾਹੀਦਾ ਹੈ ਕਿ ਕਾਮਯਾਬੀ ਤਾਂ ਇੱਕ ਸਬੱਬੀ ਗੱਲ ਹੈ, ਪਰ ਕੁਰਬਾਨੀ ਅਟੱਲ ਨਿਯਮ ਹੈ। ਹੋ ਸਕਦਾ ਹੈ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਲਗਾਤਾਰ ਨਾਕਾਮੀਆਂ ਦਾ ਸਾਹਮਣਾ ਕਰਨਾ ਪਵੇ... ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ, ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਆਰਾਮ ਨਾਲੋਂ ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।”
ਮੈਨੀਫੈਸਟੋ ਵਿੱਚ ‘ਸਬੱਬੀ ਗੱਲ’ ਦੀ ਵਿਆਖਿਆ ਵਿੱਚ ਇਹ ਸ਼ਬਦ ਲਿਖੇ ਗਏ ਸਨ, “ਇਹ ਇੱਕ ਦਿਨ ਜਾਂ ਇੱਕ ਸਾਲ ਦਾ ਕੰਮ ਨਹੀਂ ਹੈ। ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ਼ ਇਨਕਲਾਬੀ ਨੌਜਵਾਨ ਹੀ ਇਸ ਨੂੰ ਕਰ ਸਕਣਗੇ।”
ਨਿਰਸੰਦੇਹ, ਵਰਤਮਾਨ ਉਪਭੋਗਤਾਵਾਦੀ ਵਾਤਾਵਰਨ ਨੇ ਨੌਜਵਾਨਾਂ ਨੂੰ ਪੜ੍ਹਨ-ਲਿਖਣ ਤੋਂ ਦੂਰ ਕੀਤਾ ਹੈ ਅਤੇ ਨੌਜਵਾਨਾਂ ਲਈ ਇਸ ਦੀ ਜਕੜ ਵਿੱਚੋਂ ਨਿਕਲਣਾ ਮੁਸ਼ਕਿਲ ਹੈ ਪਰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਏ ਨੌਜਵਾਨ ਇਸ ਵੰਗਾਰ ਨੂੰ ਮਾਤ ਦੇ ਕੇ ਹੀ ਆਪਣੇ ਰਾਹ ਉੱਤੇ ਅੱਗੇ ਵਧ ਸਕਦੇ ਹਨ।
