ਫਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ 'ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਗੋਲੀਆਂ ਬਾਹਰ ਵੇਚਣ ਦਾ ਦੋਸ਼

ਫਰੀਦਕੋਟ ਸ਼ਹਿਰ ਵਿੱਚ ਸਥਿਤ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ 'ਤੇ ਸਿਹਤ ਵਿਭਾਗ ਵੱਲੋਂ ਵੱਡੀ ਪੱਧਰ ਦੀ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਸਥਾਨਕ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਇਸ ਕੇਂਦਰ ਦੇ ਨਸ਼ਾ ਛੱਡਣ ਲਈ ਦਿੱਤੀਆਂ ਜਾਣ ਵਾਲੀਆਂ ਗੋਲ਼ੀਆਂ ਬਾਹਰ ਵੇਚਣ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਇਸ ਦੌਰਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡੀਐਮਸੀ ਡਾ. ਵਿਸ਼ਵਦੀਪ ਗੋਇਲ ਅਤੇ ਡੀਐਸਪੀ ਤਰਲੋਚਨ ਸਿੰਘ ਸਮੇਤ ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਮੌਕੇ 'ਤੇ ਪਹੁੰਚੇ ਹੋਏ ਸਨ।
ਸ਼ਿਕਾਇਤਾਂ ਅਨੁਸਾਰ, ਕੇਂਦਰ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਪਰੇਸ਼ਾਨੀ ਪੈਦਾ ਹੋ ਰਹੀ ਹੈ, ਜਿਸ ਕਾਰਨ ਨਸ਼ੇੜੀਆਂ ਦਾ ਇਕੱਠ ਕੇਂਦਰ ਦੇ ਬਾਹਰ ਹੋ ਜਾਂਦਾ ਹੈ। ਜਾਂਚ ਟੀਮ ਨੇ ਕੇਂਦਰ ਦੇ ਅੰਦਰ ਇਲਾਜ ਅਧੀਨ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ, ਉਨ੍ਹਾਂ ਦੀ ਡੋਜ਼, ਅਤੇ ਕੇਂਦਰ ਵਿੱਚ ਉਪਲਬਧ ਸਿਹਤ ਸਹੂਲਤਾਂ ਦੀ ਪੂਰੀ ਜਾਂਚ ਕੀਤੀ। ਮੌਕੇ 'ਤੇ ਹੀ ਦਵਾਈਆਂ ਦੇ ਰਿਕਾਰਡ ਦਾ ਮਿਲਾਨ ਵੀ ਕੀਤਾ ਗਿਆ।
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਸੰਸਥਾ ਨੂੰ ਲੋੜੀਂਦੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਵਿੱਚ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਲੋੜ ਤੋਂ ਵੱਧ ਗੋਲ਼ੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਫਿਰ ਇਹ ਦਵਾਈਆਂ ਬਾਹਰ ਵੇਚੀਆਂ ਜਾਂਦੀਆਂ ਹਨ। ਡੀਐਮਸੀ ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਜਾਂਚ ਅਜੇ ਜਾਰੀ ਹੈ ਅਤੇ ਡਰੱਗ ਇੰਸਪੈਕਟਰ ਅਤੇ ਮਨੋਰੋਗ ਮਾਹਿਰਾਂ ਦੀ ਟੀਮ ਇਹ ਜਾਂਚ ਕਰ ਰਹੀ ਹੈ ਕਿ ਦਵਾਈਆਂ ਦੀ ਡੋਜ਼ ਨਿਰਧਾਰਤ ਨਿਯਮਾਂ ਅਨੁਸਾਰ ਹੈ ਜਾਂ ਨਹੀਂ। ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ, ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
