ਪੁਲਿਸ ਪਾਰਟੀ 'ਤੇ ਫਾਰਚੂਨਰ ਚੜ੍ਹਾਉਣ ਦੀ ਕੋਸ਼ਿਸ਼, ਮੁਕਾਬਲੇ ਮਗਰੋਂ 2 ਮੁਲਜ਼ਮ ਫਰਾਰ; 196 ਕਾਰਤੂਸ ਬਰਾਮਦ

ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਸਦਰ ਜ਼ੀਰਾ ਵਿਖੇ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬਿਨਾਂ ਨੰਬਰ ਪਲੇਟ ਵਾਲੀ ਫਾਰਚੂਨਰ ਗੱਡੀ ਵਿੱਚੋਂ ਇੱਕ ਪਿਸਤੌਲ ਅਤੇ 196 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ, ਗੱਡੀ ਸਵਾਰਾਂ ਨੇ ਗਸ਼ਤ ਕਰ ਰਹੀ ਪੁਲਿਸ ਪਾਰਟੀ 'ਤੇ ਗੱਡੀ ਚੜ੍ਹਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਦੋ ਮੁਲਜ਼ਮਾਂ ਖਿਲਾਫ਼ 109 ਬੀਐਨਐੱਸ ਅਤੇ 25 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਹਾਇਕ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ। ਇਸ ਦੌਰਾਨ, ਪਿੰਡ ਤਲਵੰਡੀ ਜੱਲੇ ਖਾਂ ਨੇੜੇ ਜ਼ੀਰਾ ਵਾਲੇ ਪਾਸਿਓਂ ਬਿਨਾਂ ਨੰਬਰ ਪਲੇਟ ਵਾਲੀ ਫਾਰਚੂਨਰ ਆਉਂਦੀ ਦਿਖਾਈ ਦਿੱਤੀ। ਜਦੋਂ ਪੁਲਿਸ ਵੱਲੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਗੱਡੀ ਦੇ ਡਰਾਈਵਰ ਨੇ ਕਥਿਤ ਤੌਰ 'ਤੇ ਪੁਲਿਸ ਪਾਰਟੀ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ ਕਰਨ 'ਤੇ ਦੋਵੇਂ ਮੁਲਜ਼ਮ ਗੱਡੀ ਛੱਡ ਕੇ ਫਰਾਰ ਹੋ ਗਏ।
ਤਲਾਸ਼ੀ ਦੌਰਾਨ, ਡਰਾਈਵਰ ਸੀਟ ਹੇਠੋਂ ਬੈਗ ਮਿਲਿਆ, ਜਿਸ ਵਿੱਚ 32 ਬੋਰ ਦਾ ਪਿਸਤੌਲ, ਮੈਗਜ਼ੀਨ ਅਤੇ ਕੁੱਲ 196 ਕਾਰਤੂਸ ਬਰਾਮਦ ਹੋਏ। ਇਹ ਕਾਰਤੂਸ 6 ਜਿੰਦਾ, 59 ਬੋਰ ਅਤੇ 131 ਬੋਰ ਦੇ ਸਨ। ਮੁਲਜ਼ਮਾਂ ਦੀ ਪਛਾਣ ਸਤਵਿੰਦਰ ਸਿੰਘ ਉਰਫ਼ ਲੱਡੂ (ਵਾਸੀ ਠੇਠਰ ਕਲਾਂ) ਅਤੇ ਹਰਦੀਪ ਸਿੰਘ ਉਰਫ਼ ਦੀਪਾ (ਵਾਸੀ ਘੱਲ ਖੁਰਦ) ਵਜੋਂ ਹੋਈ ਹੈ। ਪੁਲਿਸ ਨੇ ਗੱਡੀ ਕਬਜ਼ੇ ਵਿੱਚ ਲੈ ਕੇ ਫਰਾਰ ਹੋਏ ਦੋਵਾਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
