ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਕੈਲਗਰੀ ਦਾ ਵਸਨੀਕ ਜੈਮੀ ਡਾ ਕੋਸਟਾ (31) ਹੈ। ਪੁਲਿਸ ਨੇ ਉਸ ਉੱਤੇ ਸਬੰਧਤ ਦੋਸ਼ ਲਗਾਏ ਹਨ ਅਤੇ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਅੱਜ ਉਸ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਉਸ ਨੂੰ ਰਿਮਾਂਡ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਮੁਲਜ਼ਮ ਨੇ 25 ਜੁਲਾਈ ਨੂੰ ਆਪਣੇ ਯੂਟਿਊਬ ਖਾਤੇ ਰਾਹੀਂ ਇੱਕ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ ਵਿੱਚ ਉਸ ਨੇ ਲੋਕਾਂ ਨੂੰ ਮਾਰਕ ਕਾਰਨੀ ਵਿਰੁੱਧ ਭੜਕਾਉਂਦੇ ਹੋਏ ਓਟਾਵਾ ਪਹੁੰਚ ਕੇ ਉਸ ਨੂੰ ਉਸ ਦੇ ਪਰਿਵਾਰ ਸਮੇਤ ਜਾਨੋਂ ਮਾਰਨ ਦੇ ਸੱਦੇ ਦਿੱਤੇ ਸਨ। ਪੁਲਿਸ ਵੱਲੋਂ 28 ਜੁਲਾਈ ਨੂੰ ਇਸ ਪੋਸਟ ਦਾ ਨੋਟਿਸ ਲਿਆ ਗਿਆ ਅਤੇ ਯੂਟਿਊਬ ਖਾਤੇ ਰਾਹੀਂ ਮੁਲਜ਼ਮ ਦੀ ਪਛਾਣ ਕਰ ਲਈ ਗਈ।
ਇਸ ਦੇ ਨਾਲ ਹੀ, ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਵਿਅਕਤੀ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀਆਂ ਹਿੰਸਾ ਭੜਕਾਊ ਪੋਸਟਾਂ ਪਾ ਚੁੱਕਾ ਹੈ। ਇਸ ਲਈ, ਉਸ ਉੱਤੇ ਪਹਿਲਾਂ ਕੀਤੇ ਗਏ ਅਪਰਾਧਾਂ ਦੇ ਜੁਰਮ ਵੀ ਆਇਦ ਕੀਤੇ ਗਏ ਹਨ। ਮੁਲਜ਼ਮ 'ਤੇ ਸੈਕਸ਼ਨ 284.1 ਦੇ ਨਿਯਮ 1 ਏ ਅਧੀਨ ਚਲਾਨ ਪੇਸ਼ ਕੀਤਾ ਗਿਆ ਹੈ।
