ਨਸ਼ਿਆਂ ਖ਼ਿਲਾਫ਼ ਤਨਵੀ ਸ਼ਰਮਾ ਦੀ ਵੱਡੀ ਅਪੀਲ: ਨੌਜਵਾਨਾਂ ਨੂੰ ਬਣੋ ਦੇਸ਼ ਦੀ ਤਾਕਤ, ਚੰਡੀਗੜ੍ਹ ਨੂੰ ਬਣਾਓ ਨਸ਼ਾਮੁਕਤ

ਚੰਡੀਗੜ੍ਹ ਨੂੰ ਨਸ਼ਿਆਂ ਦੇ ਹਨੇਰੇ ਤੋਂ ਬਾਹਰ ਕੱਢਣ ਲਈ ਚੱਲ ਰਹੀ 'Gen Z Against Drugs' ਮੁਹਿੰਮ ਨੂੰ ਹੁਣ ਇੱਕ ਵੱਡੀ ਪਛਾਣ ਮਿਲ ਗਈ ਹੈ। ਇਸ ਮੁਹਿੰਮ ਨਾਲ ਜੁੜੀ ਭਾਰਤੀ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਇਸ ਲੜਾਈ ਵਿੱਚ ਅੱਗੇ ਆ ਕੇ ਅਗਵਾਈ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਤਨਵੀ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ, ਅਤੇ ਉਨ੍ਹਾਂ ਨੂੰ ਹੀ ਇਸ ਨਸ਼ਾ-ਮੁਕਤ ਯੁੱਧ ਵਿੱਚ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ।
ਇਸ ਵੱਕਾਰੀ ਖਿਡਾਰਨ ਨੇ ਹਾਲ ਹੀ ਵਿੱਚ ਤਾਈਪੇ ਓਪਨ ਸੁਪਰ 300 ਦੇ ਮਹਿਲਾ ਸਿੰਗਲਜ਼ ਖਿਤਾਬ ਜਿੱਤ ਕੇ ਆਪਣੀ ਅੰਤਰਰਾਸ਼ਟਰੀ ਪਛਾਣ ਕਾਇਮ ਕੀਤੀ ਹੈ। ਮਹਿਜ਼ 17 ਸਾਲ ਦੀ ਉਮਰ ਵਿੱਚ ਇਹ ਵੱਡੀ ਉਪਲਬਧੀ ਹਾਸਲ ਕਰਨਾ ਤਨਵੀ ਲਈ ਇੱਕ ਮਹਾਨ ਪ੍ਰਾਪਤੀ ਹੈ, ਕਿਉਂਕਿ ਇਸ ਟੂਰਨਾਮੈਂਟ ਦੀ ਸਭ ਤੋਂ ਘੱਟ ਉਮਰ ਦੀ ਚੈਂਪੀਅਨ ਉਹ ਬਣੀ ਹਨ। ਖੇਡ ਦੇ ਮੈਦਾਨ ਤੋਂ ਬਾਹਰ ਵੀ ਤਨਵੀ ਹੁਣ ਸਮਾਜਿਕ ਮੁਹਿੰਮਾਂ ਨਾਲ ਜੁੜ ਕੇ ਨੌਜਵਾਨਾਂ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰ ਰਹੀ ਹਨ।
'Gen Z Against Drugs' ਮੁਹਿੰਮ ਤਹਿਤ ਇਹ ਜਾਗਰੂਕਤਾ ਪ੍ਰੋਗਰਾਮ 20 ਸਤੰਬਰ ਨੂੰ ਸ਼ਾਮ 5 ਵਜੇ ਸੈਕਟਰ-17 ਪਲਾਜ਼ਾ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ, ਤਾਂ ਜੋ ਉਹ ਨਸ਼ਿਆਂ ਦੇ ਖ਼ਤਰੇ ਬਾਰੇ ਜਾਗਰੂਕ ਹੋ ਸਕਣ ਅਤੇ ਨਸ਼ਾ-ਮੁਕਤ ਜੀਵਨ ਜਿਉਣ ਲਈ ਪ੍ਰੇਰਿਤ ਹੋ ਸਕਣ।
