📰 10/26/2026
ਸਿਆਸਤ📍 ਪੰਜਾਬ

ਅੱਗ ਅਤੇ ਗੁੱਸੇ ਦੀ ਸਿਆਸਤ

ਨਾਗਪੁਰ ਵਿੱਚ ਆਪਣੇ ਸਾਲਾਨਾ ਵਿਜੈਦਸ਼ਮੀ ਭਾਸ਼ਣ ਦੌਰਾਨ ਆਰ ਐੱਸ ਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਹਾਲ ਹੀ ਵਿੱਚ ‘ਸੱਤਾ ਤਬਦੀਲੀ’ ਦੀ ਸੰਭਾਵਨਾ ਨੂੰ ਖ਼ਾਰਜ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲਈ ਸੰਗਠਨ ਦੇ ਪੂਰਨ ਸਮਰਥਨ ਦੀ ਤਾਈਦ ਕੀਤੀ, ਪਰ ਇਸ ਦੌਰਾਨ ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਪੰਡਾਲਾਂ ਦੇ ਆਲੇ-ਦੁਆਲੇ ਆਮ ਵਾਂਗ ਲਗਾਏ ਗਏ ਖੱਬੇ-ਪੱਖੀ ਸਾਹਿਤ ਦੀਆਂ ਕਿਤਾਬ-ਸਟਾਲਾਂ ਨੂੰ ਕੁਝ ਗ਼ੈਰ-ਸਮਾਜੀ ਅਨਸਰਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ।
ਅੱਗ ਅਤੇ ਗੁੱਸੇ ਦੀ ਸਿਆਸਤ

ਨਾਗਪੁਰ ਵਿੱਚ ਆਪਣੇ ਸਾਲਾਨਾ ਵਿਜੈਦਸ਼ਮੀ ਭਾਸ਼ਣ ਦੌਰਾਨ ਆਰ ਐੱਸ ਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਹਾਲ ਹੀ ਵਿੱਚ ‘ਸੱਤਾ ਤਬਦੀਲੀ’ ਦੀ ਸੰਭਾਵਨਾ ਨੂੰ ਖ਼ਾਰਜ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲਈ ਸੰਗਠਨ ਦੇ ਪੂਰਨ ਸਮਰਥਨ ਦੀ ਤਾਈਦ ਕੀਤੀ, ਪਰ ਇਸ ਦੌਰਾਨ ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਪੰਡਾਲਾਂ ਦੇ ਆਲੇ-ਦੁਆਲੇ ਆਮ ਵਾਂਗ ਲਗਾਏ ਗਏ ਖੱਬੇ-ਪੱਖੀ ਸਾਹਿਤ ਦੀਆਂ ਕਿਤਾਬ-ਸਟਾਲਾਂ ਨੂੰ ਕੁਝ ਗ਼ੈਰ-ਸਮਾਜੀ ਅਨਸਰਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ।

ਕਿਤਾਬਾਂ ਦੇ ਸਟਾਲਾਂ ਦੀ ਇਹ ਭੰਨ-ਤੋੜ ਅਤੇ ਸਾੜ-ਫੂਕ ਯਕੀਨਨ ਰੇਅ ਬ੍ਰੈਡਬਰੀ ਦੇ 1953 ਦੇ ਮਸ਼ਹੂਰ ਨਾਵਲ ‘ਫਾਰਨਹੀਟ 451’ ਦੀ ਯਾਦ ਦਿਵਾਉਂਦੀ ਹੈ, ਜਿਸ ਦਾ ਉਪ-ਸਿਰਲੇਖ ਸੀ: ‘ਉਹ ਤਾਪਮਾਨ ਜਿਸ ’ਤੇ ਕਿਤਾਬ ਦਾ ਕਾਗ਼ਜ਼ ਅੱਗ ਫੜਦਾ ਹੈ ਅਤੇ ਸੜ ਕੇ ਸੁਆਹ ਹੋ ਜਾਂਦਾ ਹੈ’। ਅਮਰੀਕਾ ਵਿੱਚ ਮੈਕਾਰਥੀ ਦੌਰ (1950ਵਿਆਂ ਦੇ ਸ਼ੁਰੂ ਵਿੱਚ ਅਮਰੀਕਾ ਦਾ ਅਜਿਹਾ ਸਿਆਸੀ ਦੌਰ, ਕਮਿਊਨਿਸਟਾਂ ਅਤੇ ਸਰਕਾਰ-ਵਿਰੋਧੀ ਸੋਚ ਵਾਲੇ ਲੋਕਾਂ ਵਿਰੁੱਧ ਇੱਕ ਵੱਡੀ ਸਰਕਾਰੀ ਅਤੇ ਜਨਤਕ ਮੁਹਿੰਮ ਚਲਾਈ ਗਈ ਸੀ) ਦੇ ਸਿਖਰ ਵੇਲੇ ਲਿਖਿਆ ਗਿਆ ਇਹ ਨਾਵਲ ਨਾਜ਼ੀ ਜਰਮਨੀ ਵਿੱਚ ਕਿਤਾਬਾਂ ਸਾੜਨ ਅਤੇ ਸੋਵੀਅਤ ਗੂਲਾਗਾਂ ਰਾਹੀਂ ਸਰਕਾਰੀ ਧੱਕੇਸ਼ਾਹੀ ਦੇ ਉਸ ਦੌਰ ਦੀ ਯਾਦ ਦਿਵਾਉਂਦਾ ਹੈ ਜਦੋਂ ‘ਦੇਸ਼-ਵਿਰੋਧੀ’ ਮੰਨੇ ਜਾਂਦੇ ਸਾਹਿਤ ਨੂੰ ਪੜ੍ਹਨ, ਲਿਖਣ ਅਤੇ ਅਜਿਹੀ ਸੋਚ ਰੱਖਣ ’ਤੇ ਵੀ ਬਹੁਤ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।

ਬਹਰਹਾਲ, ਸੂਬੇ ਦੇ ਵਿੱਤ ਮੰਤਰੀ ਸਵਪਨ ਦਾਸਗੁਪਤਾ ਨੇ ਇਹ ਕਹਿ ਕੇ ਆਪਣੀ ਸਰਕਾਰ ਦੀ ਲਾਜ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਰਗਾ ਪੂਜਾ ਦੇ ਤਿਉਹਾਰ ਦੌਰਾਨ ਹੁੱਲੜਬਾਜ਼ਾਂ ਅਤੇ ਗੁੰਡਿਆਂ ਵੱਲੋਂ ਖੱਬੇ-ਪੱਖੀ ਕਿਤਾਬ-ਸਟਾਲਾਂ ਦੀ ਕੀਤੀ ਗਈ ਭੰਨ-ਤੋੜ ਨਾਲ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਸਵਪਨ ਦਾਸਗੁਪਤਾ ਨੇ ਯਕੀਨਨ ਹੀ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨਾਲੋਂ ਦੋ ਕਿਤਾਬਾਂ ਵੱਧ ਪੜ੍ਹੀਆਂ ਹੋਣਗੀਆਂ, ਜੋ ਆਮ ਤੌਰ ’ਤੇ ਆਪਣੀ ਬੌਧਿਕਤਾ-ਵਿਰੋਧੀ ਛਵੀ ਵਿੱਚ ਹੀ ਮਸਤ ਨਜ਼ਰ ਆਉਂਦੇ ਹਨ।

ਦਾਸਗੁਪਤਾ ਨੇ ਇਸ ਹਫ਼ਤੇ ਆਵਾਜ਼ ਚੁੱਕਣ ਦੀ ਹਿੰਮਤ ਇਸ ਲਈ ਦਿਖਾਈ ਕਿਉਂਕਿ ਉਹ ਸਮਝਦੇ ਹਨ ਕਿ ‘ਬੰਗਾਲ ਦਾ ਵਿਚਾਰ’ ਸੁਵੇਂਦੂ ਅਧਿਕਾਰੀ ਤੋਂ ਕਿਤੇ ਵੱਡਾ ਹੈ। ਇਹੋ ਹਾਲ ਜਯੋਤੀ ਬਾਸੂ ਦਾ ਸੀ, ਜੋ ਸੀ ਪੀ ਆਈ (ਐੱਮ) ਦੇ ਇੱਕ ਕੱਦਾਵਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਨ। ਉਨ੍ਹਾਂ ਨੇ 1996 ਵਿੱਚ ਆਪਣੀ ਹੀ ਪਾਰਟੀ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਈ ਸੀ, ਜਦੋਂ ਉਨ੍ਹਾਂ ਨੇ ਪਾਰਟੀ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾ ਬਣਨ ਦੇਣ ਦੇ ਫ਼ੈਸਲੇ ਨੂੰ ‘ਇਤਿਹਾਸਕ ਭੁੱਲ’ ਕਰਾਰ ਦਿੱਤਾ ਸੀ।

ਖ਼ਾਸ ਗੱਲ ਇਹ ਹੈ ਕਿ ਵੱਖੋ-ਵੱਖਰੀਆਂ ਵਿਚਾਰਧਾਰਾਵਾਂ ਨਾਲ ਸਬੰਧਿਤ ਇਹ ਦੋਵੇਂ ਆਗੂ (ਇੱਕ ਖੱਬੇ-ਪੱਖੀ ਅਤੇ ਦੂਜਾ ਸੱਜੇ-ਪੱਖੀ) ਇੱਕੋ ਥਾਂ ਵੱਖ-ਵੱਖ ਵਿਚਾਰਾਂ ਨੂੰ ਪ੍ਰਵਾਨ ਕਰਨ ਦੀ ਸਮਰੱਥਾ ਰੱਖਦੇ ਹਨ। ਇਹੋ ਜਮਹੂਰੀਅਤ ਦਾ ਅਸਲ ਤੱਤ ਹੈ। ਦਾਸਗੁਪਤਾ ਨੇ ਵਿਰੋਧੀ ਵਿਚਾਰਾਂ ਦੇ ਵਿਰੋਧ ਕਰਨ ਦੇ ਹੱਕ ਵਿੱਚ ਡਟ ਕੇ ਆਵਾਜ਼ ਬੁਲੰਦ ਕੀਤੀ। ਖੱਬੇ ਪੱਖ ਨਾਲ ਜੁੜੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ‘ਲਾਲ ਸਲਾਮ’ ਦੇ ਨਾਅਰੇ ਅਤੇ ਮਹਾਲਯ ਦੇ ਮਧੁਰ ਪਾਠ ਨੂੰ ਇੱਕੋ ਸਾਹੇ ਨਹੀਂ ਅਪਣਾ ਸਕਦੇ ਪਰ ਸੂਝਵਾਨ ਕਾਮਰੇਡ ਜਯੋਤੀ ਬਾਸੂ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ ਕਿ ਜੇ ਧਰਮ ਲੋਕਾਂ ਲਈ ਅਫ਼ੀਮ ਵੀ ਹੈ ਤਾਂ ਵੀ ਇਸ ਵਿੱਚ ਥੋੜ੍ਹੀ ਛੋਟ ਹਮੇਸ਼ਾ ਰਹਿੰਦੀ ਹੈ। ਉਹ ਛੋਟ ਹੈ ਦੁਰਗਾ ਪੂਜਾ, ਕਾਲੀ ਪੂਜਾ ਅਤੇ ਸਰਸਵਤੀ ਪੂਜਾ ਦਾ ਜਸ਼ਨ।

ਗੋਪਾਲ ਕ੍ਰਿਸ਼ਨ ਗੋਖਲੇ ਦੇ ਨਾਂ ਨਾਲ ਜੋੜੀ ਜਾਂਦੀ ਇੱਕ ਗ਼ਲਤ ਕਹਾਵਤ ਇਸੇ ਕਾਰਨ ਲੰਮੇ ਸਮੇਂ ਤੱਕ ਸੱਚ ਸਾਬਿਤ ਹੁੰਦੀ ਰਹੀ ਹੈ ਕਿ ਬੰਗਾਲ ਜੋ ਅੱਜ ਸੋਚਦਾ ਹੈ, ਬਾਕੀ ਭਾਰਤ ਭਲਕੇ ਸੋਚਦਾ ਹੈ। ਹਾਲਾਂਕਿ ਗੋਖਲੇ ਨੇ 1905 ਵਿੱਚ ਅਜਿਹਾ ਕੁਝ ਨਹੀਂ ਸੀ ਕਿਹਾ। ਫਿਰ ਵੀ ਅਸਲ ਸਮੱਸਿਆ ਬੰਗਾਲ ਜਾਂ ਬੰਗਾਲੀਆਂ ਨਾਲ ਨਹੀਂ ਹੈ, ਸੁਵੇਂਦੂ ਅਧਿਕਾਰੀ ਵਰਗੇ ਨੇਤਾਵਾਂ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਵੀ ਮੁੱਖ ਮੁੱਦਾ ਇਹ ਹੈ ਕਿ ਅਜੋਕੇ ਭਾਰਤ ਵਿੱਚ ਵੱਖਰੀ ਰਾਇ ਰੱਖਣ ਜਾਂ ਸਮੇਂ ਦੇ ਵਹਾਅ ਦੇ ਉਲਟ ਚੱਲਣ ਦਾ ਹੌਸਲਾ ਹੌਲੀ ਹੌਲੀ ਮੱਧਮ ਪੈ ਰਿਹਾ ਹੈ।

ਯਕੀਨਨ ਇਹ ਸਭ ਕੁਝ ਕਾਫ਼ੀ ਸਮੇਂ ਤੋਂ ਵਾਪਰ ਰਿਹਾ ਹੈ। ਵਿਅੰਗ ਨਾਲ ਆਪਣੇ ਵਿਰੋਧੀ ਨੂੰ ਲਾਜਵਾਬ ਕਰਨ ਦੀ ਕਲਾ ਹੁਣ ਲਗਪਗ ਖ਼ਤਮ ਹੋ ਚੁੱਕੀ ਹੈ, ਜਿੱਥੇ ਗੁੱਸੇ ਦੀ ਥਾਂ ਠੋਸ ਤਰਕ ਅਤੇ ਹਾਸ-ਰਸ ਹੁੰਦਾ ਸੀ। ਅੱਜਕੱਲ੍ਹ ਦੀ ਸਿਆਸਤ ਵਿੱਚ ਗੁੱਸਾ ਅਤੇ ਤਲਖ਼ੀ ਬਹੁਤ ਵਧ ਗਈ ਹੈ। ਸ਼ਾਇਦ ਅੱਜ ਹਰ ਕਿਸੇ ਕੋਲ ਗੁੱਸੇ ਹੋਣ ਦਾ ਕੋਈ ਨਾ ਕੋਈ ਕਾਰਨ ਹੈ।

ਇਸੇ ਕਾਰਨ ਦਿੱਲੀ ਦੀਆਂ ਸੜਕਾਂ ’ਤੇ ਹੁੰਦੇ ਪ੍ਰਦਰਸ਼ਨ (ਜਦੋਂ ਵੀ ਪੁਲੀਸ ਇਨ੍ਹਾਂ ਦੀ ਇਜਾਜ਼ਤ ਦਿੰਦੀ ਹੈ) ਘੱਟੋ-ਘੱਟ ਕੁਝ ਹੱਦ ਤੱਕ ਤਾਜ਼ੀ ਹਵਾ ਦੇ ਬੁੱਲੇ ਵਰਗੇ ਲੱਗਦੇ ਹਨ। ‘ਏਕ ਕਚੌਰੀ, ਦੋ ਸਮੋਸਾ’ ਵਰਗੀ ਨਾਅਰੇਬਾਜ਼ੀ ਬਹੁਤ ਕਾਰਗਰ ਸਾਬਿਤ ਹੁੰਦੀ ਹੈ ਕਿਉਂਕਿ ਮਿਰਾਂਡਾ ਹਾਊਸ ਦੀਆਂ ਲੜਕੀਆਂ ਦਿੱਲੀ ਪੁਲੀਸ ’ਤੇ ਤਨਜ਼ ਕਸ ਰਹੀਆਂ ਹੁੰਦੀਆਂ ਹਨ ਕਿ ਜਦੋਂ ਸਾਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉਦੋਂ ਤੁਸੀਂ ਕਿੱਥੇ ਹੁੰਦੇ ਹੋ? ਜਾਂ ਫਿਰ ਜਦੋਂ ਨੇਹਾ ਬੋਰਾ ਆਪਣੇ ਨਾਲ ਹਿਰਾਸਤ ਵਿੱਚ ਲਈਆਂ ਗਈਆਂ ਸਾਥਣਾਂ ਲਈ ਪੁਲੀਸ ਵਾਲਿਆਂ ਤੋਂ ਚਾਹ ਦੀ ਮੰਗ ਕਰਦੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਵਰ੍ਹਿਆਂ ਪੁਰਾਣੇ ਅਖਾਣ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਜਦੋਂ ਤੁਹਾਡਾ ਵਿਰੋਧੀ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਹੋਵੇ ਤਾਂ ਉਸ ਦਾ ਮਜ਼ਾਕ ਉਡਾਓ। ਫਿਰ ਵੀ ਦਿੱਲੀ ਅੰਦਰ ਮਾਹੌਲ ਹੌਲੀ-ਹੌਲੀ ਬਦਲ ਰਿਹਾ ਹੈ ਅਤੇ ਰੁਖ਼ ਹੋਰ ਵੀ ਸਖ਼ਤ ਹੁੰਦਾ ਜਾ ਰਿਹਾ ਹੈ। ਇਹ ਸਪਸ਼ਟ ਹੈ ਕਿ ਸਰਕਾਰ ਦੋ-ਪੱਖੀ ਨੀਤੀ ’ਤੇ ਕੰਮ ਕਰ ਰਹੀ ਹੈ। ਪਹਿਲਾ, ਜਨਤਕ ਵਿਰੋਧ ਦੀ ਹਰ ਆਵਾਜ਼ ਨੂੰ ਪੂਰੀ ਤਰ੍ਹਾਂ ਦਬਾਇਆ ਜਾਵੇ, ਚਾਹੇ ਉਹ ਸੜਕਾਂ ’ਤੇ ਹੁੰਦੇ ਮੁਜ਼ਾਹਰੇ ਹੋਣ ਜਾਂ ਫਿਰ ਪ੍ਰਦਰਸ਼ਨਾਂ ਨੂੰ ਦਰਸਾਉਂਦੀਆਂ ਤਸਵੀਰਾਂ ਵਰਗੇ ਮਾਧਿਅਮ। ਹਾਸੇ-ਠੱਠੇ ਅਤੇ ਸਿਆਸੀ ਵਿਅੰਗ ਲਈ ਗੁੰਜਾਇਸ਼ ਘਟਦੀ ਜਾ ਰਹੀ ਹੈ।

ਦੂਜਾ, ਮੁੱਖ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ ਜਾਵੇ। ਭਾਵੇਂ ਕਾਂਗਰਸ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਾਫ਼ੀ ਸੁੰਗੜ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹੋ ਇੱਕ ਅਜਿਹੀ ਰਾਜਨੀਤਿਕ ਧਿਰ ਹੈ, ਜੋ ਅਜੇ ਵੀ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਸੰਭਾਲਣ ਦੀ ਸਮਰੱਥਾ ਰੱਖਦੀ ਹੈ। ਇਹ ਕੋਈ ਸੰਯੋਗ ਨਹੀਂ ਸੀ ਕਿ ਵੀਰਵਾਰ ਨੂੰ ਐੱਨ ਡੀ ਟੀ ਵੀ ਵਰਲਡ ਸੰਮੇਲਨ ਦੌਰਾਨ ਮੋਦੀ ਨੇ ਕਾਂਗਰਸ ਉੱਤੇ ‘ਦਿਮਾਗ਼ੀ ਨਕਸਲੀਆਂ’ ਜਾਂ ‘ਬੌਧਿਕ ਨਕਸਲੀਆਂ’ ਦਾ ਪ੍ਰਭਾਵ ਵਧਣ ਦਾ ਜ਼ਿਕਰ ਕੀਤਾ। ਇਹ ਵੀ ਕੋਈ ਸੰਯੋਗ ਨਹੀਂ ਹੈ ਕਿ ਭਾਜਪਾ ਇਸ ਸਮੇਂ ਰਾਹੁਲ ਗਾਂਧੀ ਦੀ ਛੁੱਟੀਆਂ ਮਨਾਉਣ ਲਈ ਕੀਤੀ ਗਈ ਵਿਦੇਸ਼ ਫੇਰੀ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਵੀਅਤਨਾਮ ਵਿੱਚ ਸਨ ਅਤੇ ਭਾਜਪਾ ਸਵਾਲ ਪੁੱਛ ਰਹੀ ਹੈ ਕਿ ਉਹ ਉੱਥੇ ਕਿਸ ਨੂੰ ਮਿਲ ਰਹੇ ਸਨ।

ਇਹ ਵੱਖਰੀ ਗੱਲ ਹੈ ਕਿ ਅਜਿਹੇ ਸਿਆਸੀ ਮਾਹੌਲ ਵਿੱਚ ਰਾਹੁਲ ਗਾਂਧੀ ਦਾ ਵਿਦੇਸ਼ ਛੁੱਟੀਆਂ ਮਨਾਉਣ ਚਲੇ ਜਾਣਾ ਇੱਕ ਤਰ੍ਹਾਂ ਨਾਲ ਖ਼ੁਦ ਸ਼ੇਰ ਦੀ ਗੁਫ਼ਾ ਵਿੱਚ ਪੈਰ ਰੱਖਣ ਵਰਗਾ ਹੈ, ਜਿਸ ਨਾਲ ਪੂਰੀ ਵਿਰੋਧੀ ਧਿਰ ਦੀ ਰਣਨੀਤੀ ’ਤੇ ਹੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਕਾਂਗਰਸ ਅੰਦਰੋਂ ਨਾ ਤਾਂ ਕੋਈ ਇਸ ਦੀ ਪੁਸ਼ਟੀ ਕਰ ਰਿਹਾ ਹੈ ਅਤੇ ਨਾ ਹੀ ਖੰਡਨ ਕਰ ਰਿਹਾ ਹੈ। ਵਿਰੋਧੀ ਧਿਰ ਦਾ ਬਣਾਇਆ ਮਾਹੌਲ ਹੁਣ ਢਿੱਲਾ ਪੈਂਦਾ ਨਜ਼ਰ ਆ ਰਿਹਾ ਹੈ। ਸਰਕਾਰ ਅਤੇ ਵਿਰੋਧੀ ਧਿਰ ਦੋਵੇਂ ਹੀ ਇਹ ਗੱਲ ਜਾਣਦੇ ਹਨ ਕਿ ਕਾਂਗਰਸ ਵਰਗੀਆਂ ਸਿਆਸੀ ਪਾਰਟੀਆਂ ਅਤੇ ‘ਇੰਡੀਆ’ ਗੱਠਜੋੜ ਨੂੰ ਹੀ ਇਸ ਲੜਾਈ ਦੀ ਅਗਵਾਈ ਕਰਨੀ ਪਵੇਗੀ, ਨਾ ਕਿ ਛੋਟੇ-ਮੋਟੇ ਧੜਿਆਂ ਨੂੰ ਜੋ ਸਿਰਫ਼ ਧਿਆਨ ਵੰਡਾਉਣ ਦਾ ਕੰਮ ਹੀ ਕਰ ਸਕਦੇ ਹਨ।

ਇਸੇ ਕਾਰਨ ਮੋਹਨ ਭਾਗਵਤ ਵੱਲੋਂ ਆਪਣੇ ਵਿਜੈਦਸ਼ਮੀ ਦੇ ਭਾਸ਼ਣ ਵਿੱਚ ‘ਸੱਤਾ ਤਬਦੀਲੀ’ ਦੀ ਸੰਭਾਵਨਾ ਨੂੰ ਨਕਾਰਨ ਵਾਲਾ ਬਿਆਨ ਬਹੁਤ ਅਹਿਮ ਹੋ ਜਾਂਦਾ ਹੈ। ਪਹਿਲੀ ਗੱਲ ਇਹ ਹੈ ਕਿ ਅਗਸਤ ਵਿੱਚ ਜੈੱਨ-ਜ਼ੀ ਅਤੇ ਜੈੱਨ ਅਲਫਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਨੇ ਮੰਨਿਆ ਸੀ ਕਿ ਹੁਣ “ਅੱਖਾਂ ਮੀਚ ਕੇ ਹੁਕਮ ਮੰਨਣ ਦਾ ਦੌਰ” ਖ਼ਤਮ ਹੋ ਚੁੱਕਾ ਹੈ, ਉਸ ਦੇ ਮੁਕਾਬਲੇ ਇਸ ਵਾਰ ਉਨ੍ਹਾਂ ਦਾ ਰੁਖ਼ ਕਾਫ਼ੀ ਸਖ਼ਤ ਸੀ। ਦੂਜੀ ਗੱਲ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਅਹਿਮ ਸੂਬਿਆਂ ਵਿੱਚ ਚੋਣਾਂ ਨੇੜੇ ਹੋਣ ਕਰਕੇ ਸ੍ਰੀ ਭਾਗਵਤ ਜਾਣਦੇ ਹਨ ਕਿ ਭਾਜਪਾ ਅਤੇ ਆਰ ਐੱਸ ਐੱਸ ਵਿਚਕਾਰ ਕਿਸੇ ਵੀ ਕਿਸਮ ਦੀ ਦੂਰੀ ਜਾਂ ਮਤਭੇਦ ਦੀ ਗੁੰਜਾਇਸ਼ ਨਹੀਂ ਹੋ ਸਕਦੀ।

ਫਿਰ ਹੁਣ ਵਾਪਸ ਬੰਗਾਲ ਅਤੇ ਰੇਅ ਬ੍ਰੈਡਬਰੀ ਵੱਲ ਪਰਤਣ ਦਾ ਸਮਾਂ ਹੈ। ਜਦੋਂ ਸੁਵੇਂਦੂ ਅਧਿਕਾਰੀ ਨੂੰ ਕਿਤਾਬਾਂ ਦੇ ਸਟਾਲਾਂ ਦੀ ਭੰਨ-ਤੋੜ ਦੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਹੀ ਪਾਰਟੀ ਵੱਲੋਂ ਕੋਈ ਝਾੜ-ਝੰਬ ਨਹੀਂ ਹੁੰਦੀ ਤਾਂ ਇਸ ਦਾ ਕੀ ਮਤਲਬ ਨਿਕਲਦਾ ਹੈ? ਜਿੱਥੋਂ ਤੱਕ ਬ੍ਰੈਡਬਰੀ ਦਾ ਸਵਾਲ ਹੈ, ਉਹ ਨਾਜ਼ੀ ਜਰਮਨੀ ਵਿੱਚ ਕਿਤਾਬਾਂ ਸਾੜਨ ਦੀਆਂ ਘਟਨਾਵਾਂ ਤੋਂ ਬਹੁਤ ਦੁਖੀ ਸਨ। ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ‘ਫ਼ਾਰਨਹੀਟ 451’ ਨਾਵਲ ਇਸ ਲਈ ਲਿਖਿਆ ਸੀ ਕਿਉਂਕਿ 1950ਵਿਆਂ ਦੇ ਅਮਰੀਕਾ ਦੇ ਹਾਲਾਤ ਤੋਂ ਉਹ ਕਾਫ਼ੀ ਚਿੰਤਤ ਸਨ, ਜਿੱਥੇ ਬਹੁਤ ਸਾਰੇ ਲੋਕ ਆਪਣੇ ਹੀ ਪਰਛਾਵੇਂ ਤੋਂ ਡਰਨ ਲੱਗ ਪਏ ਸਨ।

ਸਭ ਕੁਝ ਦੇਖਣ-ਸੁਣਨ ਮਗਰੋਂ ਸ਼ਾਇਦ ਹੁਣ ਇੱਕੋ-ਇੱਕ ਸਵਾਲ ਬਾਕੀ ਰਹਿ ਜਾਂਦਾ ਹੈ ਕਿ ਕੀ ਇਹ ਸੱਚਮੁੱਚ ਉਹੀ ਤਾਪਮਾਨ ਹੈ ਜਿਸ ਉੱਤੇ ਕਾਗ਼ਜ਼ ਸੜਨ ਲੱਗਦਾ ਹੈ ਜਾਂ ਫਿਰ ਇਸ ਅੱਗ ਨੂੰ ਦੁਬਾਰਾ ਮਘਾਉਣ ਲਈ ਕਿਸੇ ਬਿਲਕੁਲ ਨਵੇਂ ਵਿਚਾਰ ਦੀ ਲੋੜ ਪਵੇਗੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਬ੍ਰਿਟਿਸ਼ ਕੋਲੰਬੀਆ ’ਚ 15 ਪੰਜਾਬੀ ਬਣੇ ਵਿਧਾਇਕ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤਪੜ੍ਹੋ →
ਟਰੈਕਟਰ ਤੇ ਬਾਈਕ ਦੀ ਭਿਆਨਕ ਟੱਕਰ, ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਮੌਤਪੜ੍ਹੋ →
ਹਡਾਣਾ ਨੇ 150 ਤੋਂ ਵੱਧ ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡਪੜ੍ਹੋ →
4 ਨਵੰਬਰ ਨੂੰ ਕਾਂਗਰਸ ਦੀ ਹੋਵੇਗੀ ਬਹੁਤ ਵੱਡੀ ਰੈਲੀ- ਕੇ.ਸੀ. ਵੇਣੂਗੋਪਾਲਪੜ੍ਹੋ →
ਪੀਆਰਟੀਸੀ ਦੇ ਬੇੜੇ ‘ਚ 100 ਨਵੀਆਂ ਬੱਸਾਂ ਸ਼ਾਮਲ, ਪਟਿਆਲਾ ‘ਚ ਸੀਐਮ ਨੇ ਦਿਖਾਈ ਹਰੀ ਝੰਡੀ; ਅਗਲੇ ਮਹੀਨੇ 309 ਹੋਰ ਬੱਸਾਂ ਸ਼ਾਮਲ ਕਰਨ ਦਾ ਐਲਾਨਪੜ੍ਹੋ →
ਸੀਐਮ ਭਗਵੰਤ ਮਾਨ ਪਟਿਆਲਾ ਵਿੱਚ ਜੂਨੀਅਰ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇਪੜ੍ਹੋ →