ਹਡਾਣਾ ਨੇ 150 ਤੋਂ ਵੱਧ ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਿੰਡ ਨੌਰੰਗਵਾਲ ਵਿਖੇ 150 ਤੋਂ ਵੱਧ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ, ਜਿੱਥੇ ਪਹੁੰਚਣ ’ਤੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਬਲਦੇਵ ਸਿੰਘ ਦੇਵੀਗਡ਼੍ਹ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਹਡਾਣਾ ਨੇ ਆਖਿਆ ਕਿ ਦਹਾਕਿਆਂ ਤੋਂ ਲਾਲ ਲਕੀਰ ਅੰਦਰ ਵੱਸਦੇ ਲੋਕ ਆਪਣੇ ਹੀ ਘਰਾਂ ਦੇ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਚੱਲੇ ਆ ਰਹੇ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰੇਕ ਪਰਿਵਾਰ ਨੂੰ ਆਪਣੀ ਛੱਤ ਦਾ ਕਾਨੂੰਨੀ ਅਧਿਕਾਰ ਦੇ ਕੇ ਲੋਕਾਂ ਦਾ ਸਵੈਮਾਣ ਬਹਾਲ ਕੀਤਾ ਹੈ। ਹਡਾਣਾ ਨੇ ਸਪਸ਼ਟ ਕੀਤਾ ਕਿ ਹਲਕਾ ਸਨੌਰ ਦੇ ਹਰ ਪਿੰਡ ਤੱਕ ਲੋਕ-ਭਲਾਈ ਯੋਜਨਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਪਹੁੰਚਾਉਣਾ ਹੀ ਸਰਕਾਰ ਦੀ ਮੁੱਖ ਤਰਜੀਹ ਹੈ। ਇਸ ਮੌਕੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਮਾਡ਼ੂ, ਜੁਆਇੰਟ ਸੈਕਟਰੀ ਆਪ ਕਰਨਵੀਰ ਸਿੰਘ, ਸਰਪੰਚ ਖਾਲਸਪੁਰ ਬਲਪ੍ਰੀਤ ਸਿੰਘ ਬੱਬੂ, ਸਰਪੰਚ ਬੋਲਡ਼ੀ ਤਜਿੰਦਰ ਸਿੰਘ, ਮੈਂਬਰ ਗੁਰਦਰਸ਼ਨ ਸਿੰਘ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ, ਪੰਚਾਇਤ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
