ਲੁਧਿਆਣਾ ‘ਚ 40 ਸਾਲਾ ਵਿਅਕਤੀ ਦਾ ਕਤਲ, ਹੱਥ ਵੱਢ ਕੇ ਲੈ ਗਏ ਮੁਲਜ਼ਮ; ਅੱਗੇ ਜਾ ਕੇ ਦੁਕਾਨਦਾਰ ਨੂੰ ਫੜਾਇਆ

ਇਲਜ਼ਾਮ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕੱਟਿਆ ਹੋਇਆ ਹੱਥ ਇੱਕ ਪਲਾਸਟਿਕ ਦੇ ਲਿਫ਼ਾਫ਼ੇ 'ਚ ਪਾ ਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਉਹ ਕੁਝ ਦੂਰੀ 'ਤੇ ਇੱਕ ਕਰਿਆਨੇ ਦੀ ਦੁਕਾਨ 'ਤੇ ਪਹੁੰਚੇ ਤੇ ਦੁਕਾਨਦਾਰ ਨੂੰ ਡਰਾ ਕੇ ਲਿਫ਼ਾਫ਼ਾ ਫੜਾ ਦਿੱਤਾ। ਮੁਲਜ਼ਮਾਂ ਨੇ ਦੁਕਾਨਦਾਰ ਨੂੰ ਇਸ ਨੂੰ ਘਰ ਪਹੁੰਚਾਉਣ ਲਈ ਕਿਹਾ ਤੇ ਫ਼ਰਾਰ ਹੋ ਗਏ।
ਲੁਧਿਆਣਾ ਦੇ ਡਾਬਾ ਇਲਾਕੇ ‘ਚ ਰੇੜੂ ਸਾਹਿਬ ਗੁਰਦੁਆਰਾ ਨੇੜੇ 40 ਸਾਲਾ ਸ਼ਕਤੀ ਸਿੰਘ ਉਰਫ਼ ਭੂਰਾ ਦੇ ਕਤਲ ਮਾਮਲੇ ‘ਚ ਹਮਲਾਵਰਾਂ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਦਲਵੀਰ ਸਿੰਘ ਤੇ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਮੁਲਜ਼ਮ ਹਥਿਆਰਾਂ ਨਾਲ ਸ਼ਕਤੀ ਸਿੰਘ ਦੇ ਘਰ ‘ਚ ਦਾਖ਼ਲ ਹੋਏ ਤੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦਾ ਸੱਜਾ ਹੱਥ ਸਰੀਰ ਤੋਂ ਵੱਖ ਹੋ ਗਿਆ। ਗੰਭੀਰ ਜ਼ਖ਼ਮੀ ਹੋਣ ਕਾਰਨ ਹਸਪਤਾਲ ਪਹੁੰਚਣ ‘ਤੇ ਉਸ ਦੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਸਾਹਮਣੇ ਆਈ ਵੀਡੀਓ ‘ਚ ਕੁਝ ਨੌਜਵਾਨ ਬਾਈਕ ‘ਤੇ ਜਾਂਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ‘ਚੋਂ ਇੱਕ ਦੇ ਹੱਥ ‘ਚ ਨੰਗੀ ਤਲਵਾਰ ਵੀ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਇਸ ਫੁਟੇਜ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ, ਮੁੱਢਲੀ ਜਾਂਚ ‘ਚ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਸੱਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਤੱਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਸ਼ਕਤੀ ਸਿੰਘ ਉਰਫ਼ ਭੂਰਾ ਦਾ ਪਹਿਲਾਂ ਅਪਰਾਧਿਕ ਰਿਕਾਰਡ ਰਿਹਾ ਹੈ। ਉਹ ਕੁਝ ਦਿਨ ਪਹਿਲਾਂ ਹੀ ਆਪਣੀ ਸਜ਼ਾ ਪੂਰੀ ਕਰਕੇ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਮੁਤਾਬਕ, ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ 12 ਅਪਰਾਧਿਕ ਮਾਮਲੇ ਦਰਜ ਸਨ। ਦੂਜੇ ਪਾਸੇ, ਇਸ ਕਤਲ ਮਾਮਲੇ ‘ਚ ਸ਼ਾਮਲ ਹਮਲਾਵਰਾਂ ਦਾ ਵੀ ਪੁਰਾਣਾ ਅਪਰਾਧਿਕ ਪਿਛੋਕੜ ਹੋਣ ਦੀ ਗੱਲ ਸਾਹਮਣੇ ਆਈ ਹੈ।
