ਝੋਟਾ ਮਾਮਲਾ: ਹੁੰਦਾ ਤਾਂ ਗੋਲੀ ਚਲਾਉਣ ਵਾਲਾ ਜ਼ਿੰਦਾ ਰਹਿ ਜਾਂਦਾ? ਰਾਕੇਸ਼ ਟਿਕੈਤ ਦਾ ਵੱਡਾ ਬਿਆਨ

ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਅਤੇ ਨਸ਼ਾ ਵਿਰੋਧੀ ਮੁਹਿੰਮ ਪ੍ਰਤੀ ਜਾਗਰੂਕ ਕਰਨ ਲਈ ਪਰਵਿੰਦਰ ਸਿੰਘ ਝੋਟਾ ਦੀ ਸਭ ਤੋਂ ਪਹਿਲੀ ਸ਼ਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਨੂੰ ਇੱਕ ਵੱਡੇ ਅੰਦੋਲਨ ਵਜੋਂ ਲੈਣ ਦੀ ਲੋੜ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸ਼ਨੀਵਾਰ ਨੂੰ ਮਾਨਸਾ ਪਹੁੰਚੇ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਸੂਬਾ ਸਰਕਾਰ ਨੂੰ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਦੀ ਅਪੀਲ ਕੀਤੀ। ਟਿਕੈਤ ਨੇ ਕਿਹਾ ਕਿ ਪੰਜਾਬ ‘ਚ ਬਣਨ ਵਾਲੇ ਨਸ਼ੀਲੇ ਕੈਪਸੂਲ ਹੁਣ ਉੱਤਰ ਪ੍ਰਦੇਸ਼ ਤੱਕ ਪਹੁੰਚ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਭ ਤੋਂ ਅੱਗੇ ਹੋ ਕੇ ਲੜਨ ਵਾਲੇ ਵਿਅਕਤੀ ਦਾ ਹੀ ਕਤਲ ਹੋ ਗਿਆ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਕਤਲ ਕਹਿੰਦੇ ਹਨ, ਪਰ ਉਨ੍ਹਾਂ ਦੀ ਨਜ਼ਰ ‘ਚ ਇਹ ਇੱਕ ਸ਼ਹਾਦਤ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਸੂਬੇ ਤੋਂ ਬਾਹਰ ਜਾਂਦੇ ਹਨ ਤਾਂ ਪੰਜਾਬ ਦੀ ਜਵਾਨੀ ਤੇ ਲੋਕਾਂ ਦਾ ਇਹ ਸੰਦੇਸ਼ ਜਾਂਦਾ ਹੈ ਕਿ ਪੰਜਾਬ ਖੇਤੀਬਾੜੀ ‘ਚ ਦਵਾਈਆਂ ਦੀ ਸਭ ਤੋਂ ਵੱਧ ਵਰਤੋਂ ਕਰਦਾ ਹੈ ਤੇ ਹੁਣ ਨਸ਼ਿਆਂ ਦੀ ਸਮੱਸਿਆ ਵੀ ਗੰਭੀਰ ਰੂਪ ਧਾਰਨ ਕਰ ਰਹੀ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ‘ਤੇ ਗੋਲੀ ਚਲਾਉਣ ਵਾਲਾ ਵਿਅਕਤੀ ਜ਼ਿੰਦਾ ਕਿਵੇਂ ਰਹਿ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਘਟਨਾ ਉੱਤਰ ਪ੍ਰਦੇਸ਼ ‘ਚ ਵਾਪਰੀ ਹੁੰਦੀ ਤਾਂ ਮੁਲਜ਼ਮ ਬਚ ਨਹੀਂ ਸਕਦਾ ਸੀ। ਉਨ੍ਹਾਂ ਕਿਹਾ ਜੇਕਰ ਅਜਿਹਾ ਉੱਤਰ ਪ੍ਰਦੇਸ਼ ਚ ਹੋਇਆ ਹੁੰਦਾ ਤਾਂ ਕਿ ਉਹ ਜ਼ਿੰਦਾ ਰਹਿੰਦਾ? ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ‘ਚ ਸਰਕਾਰ ਉਸ ਨੂੰ ਗੋਲੀ ਮਾਰ ਦਿੰਦੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਨੂੰ ਨਸ਼ਿਆਂ ਤੇ ਅਪਰਾਧਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਾ ਪਵੇਗਾ।
ਟਿਕੈਤ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਵਾਲੇ ਸਿਆਸੀ ਆਗੂਆਂ ਦੇ ਮਕਸਦ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਇਲਜ਼ਾਮ ਲਾਇਆ ਕਿ ਕੁਝ ਆਗੂ ਪਰਿਵਾਰ ਨਾਲ ਹਮਦਰਦੀ ਜਤਾਉਣ ਦੀ ਬਜਾਏ ਸਿਆਸੀ ਲਾਹਾ ਲੈਣ ਲਈ ਆਉਂਦੇ ਹਨ ਤੇ ਵਾਅਦਾ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕੇਂਦਰ ‘ਚ ਪਹਿਲਾਂ ਹੀ ਸਰਕਾਰ ਮੌਜੂਦ ਹੈ ਤਾਂ ਨਸ਼ਿਆਂ ਨੂੰ ਰੋਕਣ ਲਈ ਠੋਸ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ। ਜ਼ਿਕਰਯੋਗ ਹੈ ਕਿ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।
ਰਾਕੇਸ਼ ਟਿਕੈਤ ਨੇ ਗੁਜਰਾਤ ਦੇ ਅਡਾਨੀ ਬੰਦਰਗਾਹ ‘ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪਹੁੰਚਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਜੇਕਰ ਉੱਥੇ 21 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਖੇਪ ਆਈ ਸੀ ਤਾਂ ਉਹ ਕਿੱਥੇ ਗਈ। ਉਨ੍ਹਾਂ ਇਲਜ਼ਾਮ ਲਾਇਆ ਕਿ ਗੁਜਰਾਤ ਅਤੇ ਨੇਪਾਲ ਦੇ ਰਸਤਿਆਂ ਰਾਹੀਂ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ, ਪਰ ਬਦਨਾਮੀ ਸਭ ਤੋਂ ਵੱਧ ਪੰਜਾਬ ਦੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਅਦ ਹਰਿਆਣਾ ਤੇ ਹੁਣ ਉੱਤਰ ਪ੍ਰਦੇਸ਼ ਤੱਕ ਨਸ਼ਿਆਂ ਦੀ ਸਮੱਸਿਆ ਪਹੁੰਚ ਚੁੱਕੀ ਹੈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਸਪਲਾਈ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਨਸ਼ਾ ਵਿਰੋਧੀ ਮੁਹਿੰਮ ਨੂੰ ਇੱਕ ਵੱਡੇ ਜਨ ਅੰਦੋਲਨ ‘ਚ ਬਦਲਿਆ ਜਾਵੇ।
