ਫਿਰੋਜ਼ਪੁਰ ’ਚ ਪਹਿਲੀ ਵਾਰ ਸਜਿਆ ਕਰਵਾ ਚੌਥ ਮੇਲਾ

ਕਰਵਾ ਚੌਥ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਅਤੇ ਮਹਿਲਾਵਾਂ ਨੂੰ ਆਪਸੀ ਮਿਲਵਰਤਣ ਤੇ ਮਨੋਰੰਜਨ ਦਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਧਰਮ ਪਤਨੀ ਟੀਨਾ ਰਾਣਾ ਸੋਢੀ ਵੱਲੋਂ ਫਿਰੋਜ਼ਪੁਰ ਵਿਖੇ ਪਹਿਲੀ ਵਾਰ ਵਿਸ਼ੇਸ਼ ਕਰਵਾ ਚੌਥ ਮੇਲਾ ਕਰਵਾਇਆ ਗਿਆ। ਰੰਗ-ਬਿਰੰਗੇ ਮਾਹੌਲ, ਗੀਤ-ਸੰਗੀਤ, ਗਿੱਧੇ, ਮਹਿੰਦੀ ਅਤੇ ਹਾਸ-ਰਸ ਨਾਲ ਸਜੇ ਇਸ ਸਮਾਗਮ ਵਿੱਚ ਕਰੀਬ 1700 ਤੋਂ 1800 ਮਹਿਲਾਵਾਂ ਨੇ ਸ਼ਮੂਲੀਅਤ ਕਰਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾ ਦਿੱਤੇ। ਜ਼ਿਕਰਯੋਗ ਹੈ ਕਿ ਰਾਣਾ ਪਰਿਵਾਰ ਵੱਲੋਂ ਪਿਛਲੇ ਕਰੀਬ 18 ਸਾਲਾਂ ਤੋਂ ਕਰਵਾ ਚੌਥ ਮੌਕੇ ਸਮਾਗਮ ਕਰਵਾਉਣ ਦੀ ਪਰੰਪਰਾ ਨਿਭਾਈ ਜਾ ਰਹੀ ਹੈ, ਜਿਸ ਨੂੰ ਇਸ ਵਾਰ ਫਿਰੋਜ਼ਪੁਰ ਵਿੱਚ ਵਿਸ਼ੇਸ਼ ਰੂਪ ਦਿੱਤਾ ਗਿਆ। ਕਰਵਾ ਚੌਥ ਮੇਲੇ ਦੌਰਾਨ ਪ੍ਰਸਿੱਧ ਗਾਇਕਾ ਮੀਤ ਕੌਰ, ਜੰਮੂ ਵਾਲੀ ਨੇ ਆਪਣੇ ਗੀਤਾਂ ਨਾਲ ਮਹਿਲਾਵਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਪੰਜਾਬੀ ਗੀਤਾਂ ਦੀਆਂ ਧੁਨਾਂ ਤੇ ਮਹਿਲਾਵਾਂ ਨੇ ਖੂਬ ਆਨੰਦ ਮਾਣਿਆ ਅਤੇ ਗਿੱਧੇ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਰੰਗਤਾਂ ਬਿਖੇਰੀਆਂ। ਮੇਲੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਤਿਉਹਾਰ ਦੀ ਰਵਾਇਤੀ ਰੰਗਤ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਸਮਾਗਮ ਵਿੱਚ ਹਾਸ-ਰਸ ਕਲਾਕਾਰ ਪ੍ਰਤੀਕ ਸ਼ਰਮਾ ਨੇ ਆਪਣੀ ਟੀਮ ਨਾਲ ਪੇਸ਼ਕਾਰੀ ਕਰਦਿਆਂ ਮਹਿਲਾਵਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੀਆਂ ਹਾਸੇ-ਮਜ਼ਾਕ ਭਰੀਆਂ ਪੇਸ਼ਕਾਰੀਆਂ ਨੇ ਹਾਜ਼ਰ ਮਹਿਲਾਵਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਂਦੀ। ਕਰਵਾ ਚੌਥ ਦੇ ਤਿਉਹਾਰ ਵਿਚ ਮਹਿੰਦੀ ਦੀ ਵਿਸ਼ੇਸ਼ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਮੇਲੇ ਦੌਰਾਨ ਮਹਿੰਦੀ ਲਗਾਉਣ ਦਾ ਪ੍ਰਬੰਧ ਵੀ ਕੀਤਾ ਗਿਆ। ਮਹਿਲਾਵਾਂ ਨੇ ਆਪਣੇ ਹੱਥਾਂ ’ਤੇ ਸੋਹਣੇ-ਸੋਹਣੇ ਡਿਜ਼ਾਈਨਾਂ ਵਾਲੀ ਮਹਿੰਦੀ ਲਗਵਾਈ ਅਤੇ ਤਿਉਹਾਰ ਦੀਆਂ ਰਵਾਇਤੀ ਰੰਗਤਾਂ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਮਹਿਲਾਵਾਂ ਲਈ ਪੰਜਾਬੀ ਭਾਸ਼ਾ ਨਾਲ ਸਬੰਧਤ ਸਵਾਲ-ਜਵਾਬ ਦਾ ਦਿਲਚਸਪ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਵਿੱਚ ਸਹੀ ਜਵਾਬ ਦੇਣ ਵਾਲੀਆਂ ਮਹਿਲਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ਲਈ ਵਿਸ਼ੇਸ਼ ਤੋਹਫ਼ਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ 2500 ਮਹਿਲਾਵਾਂ ਲਈ ਤੋਹਫ਼ਿਆਂ ਦੀਆਂ ਕਿੱਟਾਂ ਤਿਆਰ ਰੱਖੀਆਂ ਗਈਆਂ ਸਨ। ਇਨ੍ਹਾਂ ਕਿੱਟਾਂ ਵਿੱਚ ਮੇਕਅੱਪ ਦਾ ਸਾਮਾਨ, ਸ਼ਾਲ ਅਤੇ ਮਹਿਲਾਵਾਂ ਦੀ ਵਰਤੋਂ ਨਾਲ ਸਬੰਧਤ ਹੋਰ ਵਸਤਾਂ ਸ਼ਾਮਲ ਸਨ। ਇਸ ਮੌਕੇ ਟੀਨਾ ਰਾਣਾ ਸੋਢੀ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਦੀ ਸ਼ਮੂਲੀਅਤ ਨਾਲ ਸਮਾਗਮ ਦੀ ਰੌਣਕ ਹੋਰ ਵਧ ਗਈ। ਉਨ੍ਹਾਂ ਕਿਹਾ ਕਿ ਰਾਣਾ ਪਰਿਵਾਰ ਹਮੇਸ਼ਾ ਮਿਲ ਰਹੇ ਪਿਆਰ ਅਤੇ ਸਹਿਯੋਗ ਲਈ ਸਾਰਿਆਂ ਦਾ ਰਿਣੀ ਰਹੇਗਾ। ਇਸ ਤਰ੍ਹਾਂ ਗੀਤ-ਸੰਗੀਤ, ਗਿੱਧੇ, ਮਹਿੰਦੀ, ਹਾਸ-ਰਸ ਅਤੇ ਤੋਹਫ਼ਿਆਂ ਨਾਲ ਸਜਿਆ ਇਹ ਕਰਵਾ ਚੌਥ ਮੇਲਾ ਮਹਿਲਾਵਾਂ ਲਈ ਖੁਸ਼ੀਆਂ ਭਰਿਆ ਅਤੇ ਯਾਦਗਾਰੀ ਸਮਾਗਮ ਬਣਿਆ।
