ਸਾਊਦੀ ਦਾ ਦਾਅਵਾ ਮੱਕਾ-ਮਦੀਨਾ ਵੱਲ ਦਾਗੀਆਂ ਮਿਜ਼ਾਈਲਾਂ, ਹੂਤੀਆਂ ਨੇ ਹਮਲੇ ਤੋਂ ਕੀਤਾ ਇਨਕਾਰ

ਸਾਊਦੀ ਅਰਬ ਨੇ ਹੂਤੀਆਂ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦਾ ਦਾਅਵਾ ਕੀਤਾ ਹੈ। ਮੱਕਾ ਤੇ ਮਦੀਨਾ ਦੇ ਨੇੜੇ ਮਿਜ਼ਾਈਲਾਂ ਦਾ ਮਲਬਾ ਡਿੱਗਿਆ। ਹੂਤੀਆਂ ਨੇ ਦੋਵਾਂ ਪਵਿੱਤਰ ਸ਼ਹਿਰਾਂ 'ਤੇ ਹਮਲਾ ਕਰਨ ਤੋਂ ਇਨਕਾਰ ਕੀਤਾ, ਜਦਕਿ ਤੇਲ ਟਿਕਾਣਿਆਂ ਤੇ ਹਵਾਈ ਅੱਡਿਆਂ 'ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ।
ਯਮਨ ਦੇ ਹੂਤੀ ਬਾਗੀਆਂ ਤੇ ਸਾਊਦੀ ਅਰਬ ਵਿਚਕਾਰ ਤਣਾਅ ਵਧ ਗਿਆ ਹੈ। ਸ਼ਨੀਵਾਰ ਨੂੰ ਸਾਊਦੀ ਅਰਬ ਨੇ ਕਿਹਾ ਕਿ ਉਸ ਨੇ ਹੂਤੀਆਂ ਵੱਲੋਂ ਦਾਗੀਆਂ ਗਈਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਹਵਾ ‘ਚ ਹੀ ਨਸ਼ਟ ਕਰ ਦਿੱਤਾ। ਸਾਊਦੀ ਅਧਿਕਾਰੀਆਂ ਮੁਤਾਬਕ, ਇਨ੍ਹਾਂ ਮਿਜ਼ਾਈਲਾਂ ਦਾ ਨਿਸ਼ਾਨਾ ਮੱਕਾ ਤੇ ਮਦੀਨਾ ਖੇਤਰ ਸਨ। ਹਾਲਾਂਕਿ, ਹੂਤੀਆਂ ਨੇ ਇਨ੍ਹਾਂ ਦੋਵਾਂ ਪਵਿੱਤਰ ਸ਼ਹਿਰਾਂ ‘ਤੇ ਹਮਲਾ ਕਰਨ ਤੋਂ ਇਨਕਾਰ ਕੀਤਾ ਤੇ ਸਾਊਦੀ ਅਰਬ ਦੇ ਇਲਜ਼ਾਮਾਂ ਨੂੰ ਵੱਡਾ ਝੂਠ ਕਰਾਰ ਦਿੱਤਾ।
ਸਾਊਦੀ ਸਿਵਲ ਡਿਫੈਂਸ ਮੁਤਾਬਕ, ਮਿਜ਼ਾਈਲਾਂ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਦਾ ਮਲਬਾ ਜੇਦਾਹ, ਤਾਇਫ ਤੇ ਰਾਬਿਗ ਸਮੇਤ ਕਈ ਥਾਵਾਂ ‘ਤੇ ਡਿੱਗਿਆ। ਮੱਕਾ ਦੇ ਬਾਹਰ ਵਾਦੀ ਮੁਗੰਮਸ ‘ਚ ਵੀ ਮਿਜ਼ਾਈਲਾਂ ਦੇ ਟੁਕੜੇ ਮਿਲੇ। ਅਧਿਕਾਰੀਆਂ ਨੇ ਦੱਸਿਆ ਕਿ ਮੱਕਾ ਤੇ ਮਦੀਨਾ ਖੇਤਰਾਂ ‘ਚ ਮਲਬਾ ਡਿੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਹੂਤੀ ਫੌਜੀ ਬੁਲਾਰੇ ਯਾਹਿਆ ਸਰੀ ਨੇ ਦਾਅਵਾ ਕੀਤਾ ਕਿ ਸੰਗਠਨ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਦੇ ਤੇਲ ਟਿਕਾਣਿਆਂ ਤੇ ਹਵਾਈ ਅੱਡਿਆਂ ‘ਤੇ ਹਮਲੇ ਕੀਤੇ। ਇਨ੍ਹਾਂ ‘ਚ ਯਾਨਬੂ ‘ਚ ਸਾਊਦੀ ਅਰਾਮਕੋ ਦਾ ਟਿਕਾਣਾ, ਰਾਬਿਗ ਤੇਲ ਰਿਫਾਇਨਰੀ ਤੇ ਰਿਆਦ ਦਾ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਾਮਲ ਹਨ।
ਹੂਤੀਆਂ ਨੇ ਦਮਾਮ ਦੇ ਕਿੰਗ ਫਹਦ ਅੰਤਰਰਾਸ਼ਟਰੀ ਹਵਾਈ ਅੱਡੇ, ਨਜਰਾਨ ਦੇ ਇੱਕ ਹਵਾਈ ਅੱਡੇਅਤੇ ਖਮਿਸ ਮੁਸ਼ੈਤ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਮੁਤਾਬਕ, ਕੱਚੇ ਤੇਲ ਦੀ ਪੰਪਿੰਗ ਕਰਨ ਵਾਲੇ ਸਟੇਸ਼ਨਾਂ ਤੇ ਈਸਟ-ਵੈਸਟ ਤੇਲ ਪਾਈਪਲਾਈਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸਾਊਦੀ ਅਧਿਕਾਰੀਆਂ ਨੇ ਇਨ੍ਹਾਂ ਹਮਲਿਆਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮਿਜ਼ਾਈਲਾਂ ਆਪਣੇ ਨਿਸ਼ਾਨੇ ਤੱਕ ਪਹੁੰਚੀਆਂ ਜਾਂ ਉਨ੍ਹਾਂ ਨੂੰ ਰਸਤੇ ‘ਚ ਹੀ ਰੋਕ ਦਿੱਤਾ ਗਿਆ।
ਯਮਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੂਤੀਆਂ ਨੇ ਦੱਖਣੀ ਬੰਦਰਗਾਹ ਸ਼ਹਿਰ ਅਦਨ ‘ਚ ਕੋਸਟ ਗਾਰਡ ਦੇ ਟਿਕਾਣਿਆਂ ‘ਤੇ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ‘ਚੋਂ ਦੋ ਮਿਜ਼ਾਈਲਾਂ ਕੋਸਟ ਗਾਰਡ ਦੇ ਮੁੱਖ ਦਫ਼ਤਰ ‘ਤੇ ਡਿੱਗੀਆਂ, ਜਦਕਿ ਤੀਜੀ ਮਿਜ਼ਾਈਲ ਤਵਾਹੀ ਇਲਾਕੇ ਦੀ ਇੱਕ ਇਮਾਰਤ ਨਾਲ ਟਕਰਾਈ। ਹੂਤੀਆਂ ਨੇ ਅਦਨ ‘ਚ ਸਾਊਦੀ ਅਰਬ ਦੀ ਹਮਾਇਤ ਪ੍ਰਾਪਤ ਸੈਨਿਕਾਂ ਦੇ ਇਕੱਠ ਤੇ ਨੇਵੀ ਬੇਸ ‘ਤੇ ਹਮਲਾ ਕਰਨ ਦਾ ਵੀ ਦਾਅਵਾ ਕੀਤਾ।
ਸਾਊਦੀ ਸਿਵਲ ਡਿਫੈਂਸ ਨੇ ਮੱਕਾ ਸੂਬੇ, ਜੇਦਾਹ, ਤਾਇਫ ਤੇ ਯਾਨਬੂ ‘ਚ ਹਵਾਈ ਹਮਲੇ ਦੇ ਖ਼ਤਰੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ। ਕਰੀਬ 10 ਮਿੰਟ ਬਾਅਦ ਦੱਸਿਆ ਗਿਆ ਕਿ ਖ਼ਤਰਾ ਟਲ ਗਿਆ ਹੈ। ਲੋਕਾਂ ਨੂੰ ਸੁਰੱਖਿਆ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ, ਭੀੜ ਤੋਂ ਬਚਣ ਤੇ ਘਟਨਾਵਾਂ ਦੀਆਂ ਵੀਡੀਓ ਨਾ ਬਣਾਉਣ ਲਈ ਕਿਹਾ ਗਿਆ। ਐਮਰਜੈਂਸੀ ਦੀ ਸਥਿਤੀ ‘ਚ 911 ‘ਤੇ ਫ਼ੋਨ ਕਰਨ ਦੀ ਸਲਾਹ ਦਿੱਤੀ ਗਈ।
ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਰਿਆਦ ਤੇ ਦਮਾਮ ਲਈ ਆਪਣੀਆਂ ਉਡਾਣਾਂ 7 ਨਵੰਬਰ 2026 ਤੱਕ ਤੇ ਜੇਦਾਹ ਲਈ ਉਡਾਣਾਂ 31 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਇੰਡੀਗੋ ਤੇ ਅਕਾਸਾ ਏਅਰ ਨੇ ਵੀ ਸਾਊਦੀ ਅਰਬ ਦੇ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕੀਤੀਆਂ ਹਨ।
