ਹੀਰੋ ਮਹਿਲਾ ਇੰਡੀਅਨ ਓਪਨ : ਗੋਲਫਰ ਵਾਣੀ ਕਪੂਰ ਤੀਜੇ ਰਾਊਂਡ ਤੋਂ ਬਾਅਦ ਸਿਖਰ ’ਤੇ, 10 ਸਾਲਾਂ ਬਾਅਦ ਭਾਰਤ ਲਈ ਇਤਿਹਾਸ ਰਚਣ ਦਾ ਮੌਕਾ

ਗੋਲਫ ਵਿੱਚ ਸਬਰ ਅਤੇ ਲਗਾਤਾਰ ਮਿਹਨਤ ਦਾ ਫਲ ਮਿਲਣ ਵਿੱਚ ਸਮਾਂ ਲੱਗਦਾ ਹੈ। ਭਾਰਤੀ ਗੋਲਫਰ ਵਾਣੀ ਕਪੂਰ ਕੋਲ ਹੁਣ ਆਪਣੇ ਲੰਬੇ ਸੰਘਰਸ਼ ਨੂੰ ਇਤਿਹਾਸਕ ਪ੍ਰਾਪਤੀ ਵਿੱਚ ਬਦਲਣ ਦਾ ਮੌਕਾ ਹੈ। ਡੀਐਲਐਫ ਗੋਲਫ ਐਂਡ ਕੰਟਰੀ ਕਲੱਬ ਵਿੱਚ ਚੱਲ ਰਹੇ ਪੰਜ ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਹੀਰੋ ਮਹਿਲਾ ਇੰਡੀਅਨ ਓਪਨ ਵਿੱਚ ਸ਼ਨੀਵਾਰ ਨੂੰ ਤੀਜੇ ਰਾਊਂਡ ਤੋਂ ਬਾਅਦ ਵਾਣੀ ਨੇ ਬੜ੍ਹਤ ਬਣਾ ਲਈ। ਉਹ ਤਿੰਨ ਰਾਊਂਡਾਂ ਵਿੱਚ ਪੰਜ ਅੰਡਰ 211 ਦੇ ਕੁੱਲ ਸਕੋਰ ਨਾਲ ਸਿਖਰ ’ਤੇ ਹੈ। ਅੱਜ ਆਖ਼ਰੀ ਰਾਊਂਡ ਵਿੱਚ ਜਿੱਤ ਦਰਜ ਕਰਕੇ ਉਹ ਇੱਕ ਦਹਾਕੇ ਬਾਅਦ ਇਹ ਵੱਕਾਰੀ ਖ਼ਿਤਾਬ ਭਾਰਤ ਨੂੰ ਵਾਪਸ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਪਹਿਲਾਂ ਅਦਿਤੀ ਅਸ਼ੋਕ ਨੇ 2016 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਵਾਣੀ ਨੇ ਤੀਜੇ ਰਾਊਂਡ ਵਿੱਚ ਤਿੰਨ ਅੰਡਰ 69 ਦਾ ਸਕੋਰ ਬਣਾਇਆ। ਹਾਲਾਂਕਿ, ਉਸ ਦੀ ਬੜ੍ਹਤ ਬਹੁਤ ਮਾਮੂਲੀ ਹੈ। ਸਿੰਗਾਪੁਰ ਦੀ ਮੌਜੂਦਾ ਚੈਂਪੀਅਨ ਸ਼ੈਨਨ ਟੈਨ ਅਤੇ ਥਾਈਲੈਂਡ ਦੀ ਪੋਰਨਾਨਾਂਗ ਫਾਟਲਮ ਚਾਰ ਅੰਡਰ 212 ਦੇ ਸਕੋਰ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਅਜਿਹੇ ਵਿੱਚ ਆਖ਼ਰੀ ਰਾਊਂਡ ਦੌਰਾਨ ਹੋਈ ਛੋਟੀ ਜਿਹੀ ਗ਼ਲਤੀ ਵੀ ਖ਼ਿਤਾਬ ਦੀ ਦੌੜ ਦਾ ਰੁਖ਼ ਬਦਲ ਸਕਦੀ ਹੈ।
ਬਿਮਾਰੀ ਅਤੇ ਥਕਾਵਟ ਨਾਲ ਜੂਝ ਰਹੀ ਪ੍ਰਣਵੀ ਉਰਸ ਨੇ ਤੀਜੇ ਰਾਊਂਡ ਵਿੱਚ 73 ਦਾ ਸਕੋਰ ਬਣਾਇਆ। ਉਹ ਅਰਜਨਟੀਨਾ ਦੀ ਮੈਗਡਾਲੇਨਾ ਸਿਮਰਮਾਕਰ ਨਾਲ ਤਿੰਨ ਅੰਡਰ 213 ਦੇ ਕੁੱਲ ਸਕੋਰ ’ਤੇ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਹੈ। ਪ੍ਰਣਵੀ ਨੇ ਪਹਿਲੇ ਦੋ ਰਾਊਂਡਾਂ ਵਿੱਚ 70-70 ਦਾ ਸਕੋਰ ਬਣਾਇਆ ਸੀ। ਏਸ਼ਿਆਈ ਖੇਡਾਂ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਉਸ ਕੋਲ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਨ ਦਾ ਮੌਕਾ ਹੈ। ਤਵੇਸਾ ਮਲਿਕ ਨੇ ਤੀਜੇ ਰਾਊਂਡ ਵਿੱਚ ਇੱਕ ਅੰਡਰ 71 ਦਾ ਸਕੋਰ ਬਣਾਇਆ। ਉਹ ਇੱਕ ਅੰਡਰ 215 ਦੇ ਕੁੱਲ ਸਕੋਰ ਨਾਲ ਅੱਠਵੇਂ ਸਥਾਨ ’ਤੇ ਹੈ। ਮੌਜੂਦਾ ਚੈਂਪੀਅਨ ਸ਼ੈਨਨ ਦੀ ਸ਼ਾਨਦਾਰ ਵਾਪਸੀ
ਸ਼ੁਰੂਆਤੀ ਰਾਊਂਡ ਵਿੱਚ 77 ਦਾ ਨਿਰਾਸ਼ਾਜਨਕ ਸਕੋਰ ਬਣਾਉਣ ਵਾਲੀ ਸ਼ੈਨਨ ਟੈਨ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਨੇ ਪਹਿਲੇ ਨੌਂ ਹੋਲਾਂ ਵਿੱਚ ਪੰਜ ਬਰਡੀਜ਼ ਲਗਾਈਆਂ ਪਰ ਗੁੱਟ ਵਿੱਚ ਖਿਚਾਅ ਕਾਰਨ ਆਖ਼ਰੀ ਨੌਂ ਹੋਲਾਂ ਵਿੱਚ ਖੁੱਲ੍ਹ ਕੇ ਨਹੀਂ ਖੇਡ ਸਕੀ। ਉੱਥੇ ਹੀ, ਤਿੰਨ ਵਾਰ ਦੀ ਚੈਂਪੀਅਨ ਪੋਰਨਾਨਾਂਗ ਫਾਟਲਮ ਵੀ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਬਣੀ ਹੋਈ ਹੈ। ਅੱਜ ਵਾਣੀ ਕਪੂਰ, ਸ਼ੈਨਨ ਟੈਨ ਅਤੇ ਪੋਰਨਾਨਾਂਗ ਫਾਟਲਮ ਵਾਲੇ ਸਿਖਰਲੇ ਗਰੁੱਪ ਦੇ ਖਿਡਾਰੀ ਸਵੇਰੇ 11 ਵਜੇ ਤੋਂ ਖੇਡ ਦੀ ਸ਼ੁਰੂਆਤ ਕਰਨਗੇ।
