ਫਰਾਂਸ, ਇਟਲੀ ਤੇ ਸਪੇਨ ਸਮੇਤ ਯੂਰਪ ਦੇ ਕਈ ਦੇਸ਼ਾਂ 'ਚ ਹਿੰਸਕ ਪ੍ਰਦਰਸ਼ਨ, ਸੜਕਾਂ ’ਤੇ ਉਤਰੇ ਲੱਖਾਂ ਲੋਕ

ਰੋਮ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਸਮੂਹ ਨੇ ਇਤਿਹਾਸਕ ਕੋਲੋਸੀਅਮ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਹਿੰਸਾ ਦੇ ਖ਼ਦਸ਼ੇ ਨੂੰ ਦੇਖਦਿਆਂ ਮਿਲਾਨ ਦੇ ਫੈਸ਼ਨ ਹੱਬ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀਆਂ ਖਿੜਕੀਆਂ ’ਤੇ ਸੁਰੱਖਿਆ ਬੋਰਡ ਲਗਾ ਦਿੱਤੇ ਸਨ।
ਯੂਰਪ ਦੇ ਕਈ ਦੇਸ਼ਾਂ ਵਿੱਚ ਹਫ਼ਤੇ ਦੇ ਅੰਤ ਦੌਰਾਨ ਮਹਿੰਗਾਈ, ਰਿਹਾਇਸ਼ੀ ਸੰਕਟ, ਪੈਨਸ਼ਨ ਵਿੱਚ ਕਟੌਤੀ, ਸਿੱਖਿਆ ਪ੍ਰਣਾਲੀ ਵਿੱਚ ਗਿਰਾਵਟ, ਭ੍ਰਿਸ਼ਟਾਚਾਰ ਅਤੇ ਜੰਗ ਦੇ ਵਿਰੋਧ ਵਿੱਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਦੇਖਣ ਨੂੰ ਮਿਲੇ। ਸ਼ਨੀਵਾਰ ਨੂੰ ਫਰਾਂਸ, ਅਲਬਾਨੀਆ, ਇਟਲੀ, ਸਪੇਨ ਅਤੇ ਪੁਰਤਗਾਲ ਵਿੱਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ।
ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹਿੰਸਕ ਝੜਪਾਂ ਹੋਈਆਂ, ਜਿਸ ਤੋਂ ਬਾਅਦ ਸਰਕਾਰਾਂ ਨੂੰ ਸੁਰੱਖਿਆ ਪ੍ਰਬੰਧ ਸਖ਼ਤ ਕਰਨੇ ਪਏ ਅਤੇ ਕੁਝ ਥਾਵਾਂ ’ਤੇ ਫ਼ੌਜ ਵੀ ਤਾਇਨਾਤ ਕਰਨੀ ਪਈ।
ਫਰਾਂਸ 'ਚ ਹਿੰਸਕ ਝੜਪਾਂ ਤੋਂ ਬਾਅਦ ਲਗਪਗ 1,000 ਲੋਕ ਹਿਰਾਸਤ 'ਚ ਫਰਾਂਸ ਵਿੱਚ ਸ਼ਨੀਵਾਰ ਨੂੰ ਹੋਏ ਪ੍ਰਦਰਸ਼ਨਾਂ ਦੌਰਾਨ ਭਾਰੀ ਤਣਾਅ ਦੇਖਣ ਨੂੰ ਮਿਲਿਆ। ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਦੇ ਅਨੁਸਾਰ, ਦੇਸ਼ ਭਰ ਵਿੱਚ ਲਗਭਗ 1,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸਰਕਾਰ ਦੇ ਅੰਦਾਜ਼ੇ ਮੁਤਾਬਕ, ਇਨ੍ਹਾਂ ਰੈਲੀਆਂ ਵਿੱਚ ਲਗਪਗ 4.10 ਲੱਖ ਲੋਕਾਂ ਨੇ ਹਿੱਸਾ ਲਿਆ, ਜਦਕਿ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਨੇ ਇਹ ਗਿਣਤੀ ਲਗਪਗ 8 ਲੱਖ ਦੱਸੀ। ਪੈਰਿਸ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਤੋਂ ਬਾਅਦ ਪੁਲਿਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ। ਉਪਦ੍ਰਵੀਆਂ ’ਤੇ ਨਜ਼ਰ ਰੱਖਣ ਲਈ ਪੁਲਿਸ ਦੇ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ।
ਖੱਬੇ ਪੱਖੀ ਆਗੂ ਜਾਂ-ਲੁਕ ਮੇਲਾਂਸ਼ੋਂ ਨੇ ਪੁਲਿਸ ਦੀ ਸਖ਼ਤ ਕਾਰਵਾਈ ਦੀ ਆਲੋਚਨਾ ਕੀਤੀ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਚੋਣ ਰੈਲੀ ਦੌਰਾਨ ਫਰਾਂਸ ਦੇ ਹਾਲਾਤ ਲਈ ਉੱਥੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਅਲਬਾਨੀਆ 'ਚ ਸਰਕਾਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਗੁੱਸਾ ਅਲਬਾਨੀਆ ਦੀ ਰਾਜਧਾਨੀ ਤਿਰਾਨਾ ਸਮੇਤ ਕਈ ਸ਼ਹਿਰਾਂ ਵਿੱਚ ਵਿਦਿਆਰਥੀਆਂ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਖ਼ਰਾਬ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਗੁੱਸੇ ਵਿੱਚ ਸਨ। ਉਨ੍ਹਾਂ ਨੇ ਟਿਊਸ਼ਨ ਫ਼ੀਸ ਘਟਾਉਣ ਅਤੇ ਸਿੱਖਿਆ ਦਾ ਬਜਟ ਵਧਾਉਣ ਦੀ ਮੰਗ ਦੇ ਨਾਲ-ਨਾਲ ਪ੍ਰਧਾਨ ਮੰਤਰੀ ਐਡੀ ਰਾਮਾ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਖੇਤੀਬਾੜੀ ਮੰਤਰਾਲੇ ਦੇ ਮੁੱਖ ਦਰਵਾਜ਼ੇ ਨੂੰ ਅੱਗ ਲਗਾ ਦਿੱਤੀ, ਸਰਕਾਰੀ ਇਮਾਰਤਾਂ ਅਤੇ ਬੈਂਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੁਲਿਸ ’ਤੇ ਪੱਥਰ ਤੇ ਪਟਾਕੇ ਸੁੱਟੇ। ਭੀੜ ਨੂੰ ਖਿੰਡਾਉਣ ਲਈ ਦੰਗਾ-ਰੋਕੂ ਪੁਲਿਸ ਨੇ ਅੱਥਰੂ ਗੈਸ, ਵਾਟਰ ਕੈਨਨ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਇਟਲੀ 'ਚ ਫ਼ੌਜ ਦੇ 500 ਵਾਧੂ ਜਵਾਨ ਤਾਇਨਾਤ ਇਟਲੀ ਦੇ ਮਿਲਾਨ, ਰੋਮ, ਟਿਊਰਿਨ, ਨੇਪਲਜ਼ ਅਤੇ ਫਲੋਰੈਂਸ ਵਰਗੇ ਸ਼ਹਿਰਾਂ ਵਿੱਚ ਨੌਜਵਾਨਾਂ ਨੇ ਕਈ ਸਮਾਜਿਕ ਅਤੇ ਸਿਆਸੀ ਮੁੱਦਿਆਂ ਨੂੰ ਲੈ ਕੇ ਮਾਰਚ ਕੱਢੇ। ਪੁਲਿਸ ਨੇ ਅੱਠ ਸ਼ਹਿਰਾਂ ਵਿੱਚੋਂ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 371 ਲੋਕਾਂ ਨੂੰ ਆਰਜ਼ੀ ਤੌਰ ’ਤੇ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚ 110 ਨਾਬਾਲਗ ਵੀ ਸ਼ਾਮਲ ਸਨ। ਰੋਮ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਸਮੂਹ ਨੇ ਇਤਿਹਾਸਕ ਕੋਲੋਸੀਅਮ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਹਿੰਸਾ ਦੇ ਖ਼ਦਸ਼ੇ ਨੂੰ ਦੇਖਦਿਆਂ ਮਿਲਾਨ ਦੇ ਫੈਸ਼ਨ ਹੱਬ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀਆਂ ਖਿੜਕੀਆਂ ’ਤੇ ਸੁਰੱਖਿਆ ਬੋਰਡ ਲਗਾ ਦਿੱਤੇ ਸਨ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਮਿਲਾਨ ਵਿੱਚ 500 ਵਾਧੂ ਫ਼ੌਜੀ ਜਵਾਨ ਤਾਇਨਾਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਅਧਿਕਾਰ ਸੁਰੱਖਿਅਤ ਰਹਿਣਾ ਚਾਹੀਦਾ ਹੈ, ਪਰ ਨਾਗਰਿਕਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਪੇਨ 'ਚ ਪੈਨਸ਼ਨ ਤੇ ਰਿਹਾਇਸ਼ੀ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਸਪੇਨ ਦੀ ਰਾਜਧਾਨੀ ਮੈਡ੍ਰਿਡ ਵਿੱਚ ਹਜ਼ਾਰਾਂ ਪੈਨਸ਼ਨਰਾਂ ਅਤੇ ਆਮ ਨਾਗਰਿਕਾਂ ਨੇ ਜਨਤਕ ਪੈਨਸ਼ਨ ਪ੍ਰਣਾਲੀ ਦੀ ਸੁਰੱਖਿਆ ਅਤੇ ਮਹਿੰਗਾਈ ਦੇ ਅਨੁਸਾਰ ਪੈਨਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਘੱਟੋ-ਘੱਟ ਪੈਨਸ਼ਨ ਨੂੰ ਘੱਟੋ-ਘੱਟ ਉਜਰਤ ਦੇ ਬਰਾਬਰ ਕਰਨ, ਔਰਤਾਂ ਅਤੇ ਮਰਦਾਂ ਦੀਆਂ ਪੈਨਸ਼ਨਾਂ ਵਿਚਕਾਰ ਅੰਤਰ ਖ਼ਤਮ ਕਰਨ ਅਤੇ ਪੈਨਸ਼ਨ ਦੇ ਨਿੱਜੀਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਇਹ ਪ੍ਰਦਰਸ਼ਨ ਅਗਲੇ ਮਹੀਨੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਹੋਇਆ। ਇਸ ਦੇ ਨਾਲ ਹੀ ਸਪੇਨ ਵਿੱਚ ਵਧਦੇ ਕਿਰਾਏ ਅਤੇ ਘਰਾਂ ਦੀਆਂ ਵਧਦੀਆਂ ਕੀਮਤਾਂ ਨੇ ਵੀ ਲੋਕਾਂ ਵਿੱਚ ਭਾਰੀ ਅਸੰਤੋਸ਼ ਪੈਦਾ ਕਰ ਦਿੱਤਾ ਹੈ। ਪੁਰਤਗਾਲ 'ਚ ਮਹਿੰਗੇ ਘਰਾਂ ਵਿਰੁੱਧ ਟੈਂਟ ਲਗਾ ਕੇ ਪ੍ਰਦਰਸ਼ਨ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਹਜ਼ਾਰਾਂ ਲੋਕਾਂ ਨੇ ਰਿਹਾਇਸ਼ੀ ਸੰਕਟ ਅਤੇ ਵਧਦੀ ਮਹਿੰਗਾਈ ਵਿਰੁੱਧ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਨੌਜਵਾਨਾਂ ਲਈ ਘਰ ਖ਼ਰੀਦਣਾ ਜਾਂ ਕਿਰਾਏ ’ਤੇ ਲੈਣਾ ਦਿਨੋਂ-ਦਿਨ ਅਸੰਭਵ ਹੁੰਦਾ ਜਾ ਰਿਹਾ ਹੈ। ਮਾਰਚ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰੌਸੀਓ ਸਕੁਏਅਰ ਵਿੱਚ 100 ਤੋਂ ਵੱਧ ਟੈਂਟ ਲਗਾ ਕੇ ਡੇਰਾ ਲਾ ਲਿਆ। ਪੁਲਿਸ ਨੇ ਐਤਵਾਰ ਤੜਕੇ ਇਨ੍ਹਾਂ ਟੈਂਟਾਂ ਨੂੰ ਜ਼ਬਰਦਸਤੀ ਹਟਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਉਸ ਨਵੇਂ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ, ਜਿਸ ਨਾਲ ਕਿਰਾਏਦਾਰਾਂ ਨੂੰ ਘਰੋਂ ਕੱਢਣਾ ਆਸਾਨ ਹੋ ਜਾਵੇਗਾ ਅਤੇ ਨਵੇਂ ਕਿਰਾਏਨਾਮਿਆਂ ’ਤੇ ਕਿਰਾਏ ਦੀ ਹੱਦ ਹਟਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਰਤਗਾਲ ਵਿੱਚ 2017 ਤੋਂ ਬਾਅਦ ਘਰਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੀ ਵੱਧ ਹੋ ਚੁੱਕੀਆਂ ਹਨ। ਬੈਂਕ ਆਫ਼ ਪੁਰਤਗਾਲ ਦੇ ਅਨੁਸਾਰ, ਦੇਸ਼ ਵਿੱਚ ਲਗਪਗ 3 ਲੱਖ ਘਰਾਂ ਦੀ ਭਾਰੀ ਘਾਟ ਹੈ।
