‘ਪਹਿਲਾਂ ਖ਼ਬਰ ਪਤਾ ਕਰ ਲਿਆ ਕਰੋ’: ਦਿਲਜੀਤ ਦੋਸਾਂਝ ਨੇ ਦਿੱਲੀ ਕੰਸਰਟ ਬਾਰੇ ਅਫ਼ਵਾਹਾਂ ’ਤੇ ਕੱਸਿਆ ਤਨਜ਼
ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਸੀ, ਜਿਸ ਨਾਲ ਪ੍ਰਸ਼ੰਸਕ ਇਹ ਸੋਚ ਰਹੇ ਸਨ ਕਿ ਉਹ ਰਾਜਧਾਨੀ ਵਿੱਚ ਸ਼ੋਅ ਕਰਨਗੇ ਜਾਂ ਨਹੀਂ। ਹਾਲਾਂਕਿ, ਪੰਜਾਬੀ ਗਾਇਕ ਨੇ ਆਪਣੇ ਦਿੱਲੀ ਕੰਸਰਟ ਨੂੰ ਮੁਲਤਵੀ ਐਲਾਨਣ ਵਾਲੇ ਸਾਰੇ ਲੋਕਾਂ ਲਈ ਇੱਕ ਸੁਨੇਹਾ ਦਿੱਤਾ ਹੈ: "ਉਨ੍ਹਾਂ ਨੂੰ ਰੀਲਾਂ, ਟਵੀਟਾਂ ਅਤੇ ਨਿਊਜ਼ਰੂਮ ਦੀਆਂ ਬਹਿਸਾਂ ਵਿੱਚ ਬਦਲਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ।"
ਗਾਇਕ ਨੇ ਆਪਣੇ 30 ਅਕਤੂਬਰ ਦੇ ਸ਼ੋਅ ਬਾਰੇ ਚੱਲ ਰਹੀਆਂ ਅਟਕਲਾਂ ’ਤੇ ਤਨਜ਼ ਕੱਸਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮਿਥੇ ਸਮੇਂ ਅਨੁਸਾਰ ਹੀ ਰਾਜਧਾਨੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਗੇ।
ਇੱਕ ਲਾਈਵ ਸੈਸ਼ਨ ਦੌਰਾਨ, ਦਿਲਜੀਤ ਨੇ ਉਨ੍ਹਾਂ ਰਿਪੋਰਟਾਂ ’ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਦਿੱਲੀ ਪੁਲੀਸ ਵੱਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਦਾ ਦਿੱਲੀ ਕੰਸਰਟ ਮੁਲਤਵੀ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪੋਸਟਾਂ ਦੀ ਲੜੀ ’ਤੇ ਤਨਜ਼ ਕੱਸਦਿਆਂ ਉਨ੍ਹਾਂ ਅੱਗੇ ਕਿਹਾ: "ਮੈਂ ਇਹ ਬੋਲ ਰਿਹਾ ਸੀ ਕਿ ਬਣ ਗਈਆਂ ਰੀਲਾਂ, ਬਣ ਗਏ ਟਵੀਟ, ਹੋ ਗਈਆਂ ਤੁਹਾਡੀਆਂ ਨਿਊਜ਼ਰੂਮ ਦੀਆਂ ਬਹਿਸਾਂ। ਹੁਣ ਮਿਲਦੇ ਹਾਂ 30 ਤਾਰੀਖ਼ ਨੂੰ ਦਿੱਲੀ ਵਿੱਚ। ਪਹਿਲਾਂ ਖ਼ਬਰ ਪਤਾ ਕਰ ਲਿਆ ਕਰੋ, ਕੱਚਾ ਧੂੰਆਂ ਮਾਰੀ ਜਾ ਰਹੇ ਹੋ। ਕੱਚਾ ਧੂੰਆਂ ਮਾਰਨ ਨਾਲੋਂ ਚੰਗਾ ਹੈ ਪਹਿਲਾਂ ਗੱਲ ਪਤਾ ਕਰ ਲਿਆ ਕਰੋ।"
ਉਨ੍ਹਾਂ ਅੱਗੇ ਕਿਹਾ, "ਐਵੇਂ ਬਹਿਸ ’ਤੇ ਬਹਿਸ ਕਰੀ ਜਾ ਰਹੇ ਹਨ, ਟਵੀਟ ’ਤੇ ਟਵੀਟ ਕਰੀ ਜਾ ਰਹੇ ਹਨ। ਬਹੁਤ ਵਧੀਆ ਦਿਨ ਹੈ, ਤਾਂ ਸੋਚਿਆ ਲਾਈਵ ਆ ਜਾਈਏ। ਗੱਲ ਵੀ ਕਰਨੀ ਸੀ ਬਹੁਤ ਸਾਰੀ। ਰੀਲਾਂ ਹੋ ਰਹੀਆਂ ਸਨ, ਟਵੀਟ ਹੋ ਰਹੇ ਸਨ, ਨਿਊਜ਼ਰੂਮ ਦੀਆਂ ਬਹਿਸਾਂ ਚੱਲ ਰਹੀਆਂ ਸਨ।"
ਦਿਲਜੀਤ ਨੇ ਇਹ ਦੁਹਰਾਉਂਦਿਆਂ ਲਾਈਵ ਸੈਸ਼ਨ ਸਮਾਪਤ ਕੀਤਾ ਕਿ ਉਹ 30 ਅਕਤੂਬਰ ਨੂੰ ਦਿੱਲੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਗੇ, ਤਾਂ ਜੋ ਕੰਸਰਟ ਦੇ ਆਲੇ-ਦੁਆਲੇ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਦਿੱਤਾ ਜਾ ਸਕੇ।
