📰 10/10/2026
ਪੰਜਾਬ📍 ਪੰਜਾਬ

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: ਰਾਈਫ਼ਲ, 15 ਕਿਲੋ ਅਫ਼ੀਮ ਤੇ 9 ਪਿਸਤੌਲ ਬਰਾਮਦ, ਚਾਰ ਤਸਕਰ ਗ੍ਰਿਫ਼ਤਾਰ

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਦੀ ਕਾਰਵਾਈ ਦੌਰਾਨ ਇੱਕ ਅਤਿ-ਆਧੁਨਿਕ ਅਸਾਲਟ ਰਾਈਫ਼ਲ ਅਤੇ 15 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: ਰਾਈਫ਼ਲ, 15 ਕਿਲੋ ਅਫ਼ੀਮ ਤੇ 9 ਪਿਸਤੌਲ ਬਰਾਮਦ, ਚਾਰ ਤਸਕਰ ਗ੍ਰਿਫ਼ਤਾਰ

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਦੀ ਕਾਰਵਾਈ ਦੌਰਾਨ ਇੱਕ ਅਤਿ-ਆਧੁਨਿਕ ਅਸਾਲਟ ਰਾਈਫ਼ਲ ਅਤੇ 15 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ, ਪਰ ਇਸ ਵਾਰ ਵੱਡੀ ਮਾਤਰਾ ਵਿੱਚ ਅਫ਼ੀਮ ਅਤੇ ਅਮਰੀਕਾ ਵਿੱਚ ਬਣੀ ਅਸਾਲਟ ਰਾਈਫ਼ਲ ਦੀ ਬਰਾਮਦਗੀ ਸਾਹਮਣੇ ਆਈ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਖਿਲਾਫ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਰਡਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਵਿਸ਼ੇਸ਼ ਟੀਮ ਵੱਲੋਂ ਖੁਫ਼ੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਪਾਕਿਸਤਾਨ ਆਧਾਰਿਤ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਦੂਜੇ ਮਾਡਿਊਲ ਖਿਲਾਫ ਕਾਰਵਾਈ ਦੌਰਾਨ ਪੁਲਿਸ ਨੇ 9 ਅਤਿ-ਆਧੁਨਿਕ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਲੋਪੋਕੇ ਨੇੜਲੇ ਸਰਹੱਦੀ ਪਿੰਡ ਮਾਂਝ ਅਤੇ ਕੱਕੜ ਦੇ ਰਹਿਣ ਵਾਲੇ ਹਨ। ਇਹ ਪਿੰਡ ਕੌਮਾਂਤਰੀ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹਨ।

ਮੁੱਖ ਮੁਲਜ਼ਮਾਂ ਵਿੱਚ ਮਲਕੀਅਤ ਸਿੰਘ ਅਤੇ ਗੁਰਜੀਤ ਸਿੰਘ ਦੇ ਨਾਂ ਸ਼ਾਮਲ ਹਨ, ਜੋ ਆਪਸ ਵਿੱਚ ਸਾਲਾ-ਜੀਜਾ ਦੱਸੇ ਗਏ ਹਨ। ਪੁਲਿਸ ਅਨੁਸਾਰ, ਇਨ੍ਹਾਂ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਪਹਿਲਾਂ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ ਅਤੇ ਜੇਲ੍ਹ ਜਾ ਚੁੱਕੇ ਹਨ।

ਪੁਲਿਸ ਜਾਂਚ ਮੁਤਾਬਕ, ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਜਾਣ ਵਾਲੀ ਖੇਪ ਨੂੰ ਪ੍ਰਾਪਤ ਕਰਦੇ ਸਨ। ਇਸ ਤੋਂ ਬਾਅਦ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਸੁੰਨਸਾਨ ਸੜਕਾਂ, ਮੀਲ ਪੱਥਰਾਂ ਜਾਂ ਦਰੱਖਤਾਂ ਨੇੜੇ ਨਿਰਧਾਰਤ ਥਾਵਾਂ ਤੇ ਲੁਕਾ ਦਿੱਤਾ ਜਾਂਦਾ ਸੀ। ਅਗਲਾ ਵਿਅਕਤੀ ਲੋਕੇਸ਼ਨ ਦੀ ਮਦਦ ਨਾਲ ਉਸ ਖੇਪ ਨੂੰ ਚੁੱਕ ਲੈਂਦਾ ਸੀ। ਇਸ ਪੂਰੀ ਪ੍ਰਕਿਰਿਆ ਦੌਰਾਨ ਤਸਕਰਾਂ ਵਿਚਕਾਰ ਆਹਮੋ-ਸਾਹਮਣੇ ਸੰਪਰਕ ਨਹੀਂ ਹੁੰਦਾ ਸੀ।

ਆਈਜੀ ਭੁੱਲਰ ਨੇ ਕਿਹਾ ਕਿ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਖਿਲਾਫ ਇਹ ਮਹੱਤਵਪੂਰਨ ਕਾਰਵਾਈ ਹੈ। ਪੁਲਿਸ ਹੁਣ ਰਾਈਫ਼ਲ ਦੀ ਆਖ਼ਰੀ ਡਿਲਿਵਰੀ ਵਾਲੀ ਥਾਂ ਅਤੇ ਇਸ ਦੇ ਪਿੱਛੇ ਸਰਗਰਮ ਗਿਰੋਹਾਂ ਜਾਂ ਸੰਭਾਵਿਤ ਅੱਤਵਾਦੀ ਮਾਡਿਊਲਾਂ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈਆਂ ਗਈਆਂ ਮੁਲਜ਼ਮਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਐਕਟ ਦੀ ਧਾਰਾ 68 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਤਸਕਰੀ ਨਾਲ ਜੁੜੇ ਵਿੱਤੀ ਨੈੱਟਵਰਕ ਨੂੰ ਤੋੜਨਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ ਡੀਜੀਪੀਪੜ੍ਹੋ →
ਸ਼ਾਰਦੀਆ ਨਰਾਤੇ ‘ਚ ਕਲਸ਼ ਸਥਾਪਨਾ ਲਈ ਮਿਲ ਰਹੇ ਦੋ ਸ਼ੁਭ ਮੁਹੂਰਤਪੜ੍ਹੋ →
ਪੰਜਾਬ ‘ਚ ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਚੌਕਸ, ਅੰਮ੍ਰਿਤਸਰ ਤੇ ਤਰਨਤਾਰਨ ਲਈ ਅਗਲੇ 15 ਦਿਨ ਅਹਿਮ; ‘ਜ਼ੀਰੋ ਬਰਨਿੰਗ’ ਦਾ ਟੀਚਾਪੜ੍ਹੋ →
ਬਰਨਾਲਾ ‘ਚ ਨਸ਼ਿਆਂ ਖ਼ਿਲਾਫ਼ ਕਾਸੋ ਸਰਚ ਆਪ੍ਰੇਸ਼ਨ, ਚੈਕਿੰਗ ਦੌਰਾਨ 70 ਸ਼ੱਕੀ ਦਬੋਚੇ; ਹੌਟਸਪੌਟ ਢਾਹੁਣ ‘ਤੇ ਜੋਰਪੜ੍ਹੋ →
ਲੁਧਿਆਣਾ ‘ਚ ਕਾਰਡ ਬਦਲ ਕੇ ਲੱਖਾਂ ਠੱਗਣ ਵਾਲਾ ਚੋਰ ਰੰਗੇ ਹੱਥੀਂ ਕਾਬੂ, ਲੋਕਾਂ ਨੇ ਚਾੜ੍ਹਿਆ ਕੁਟਾਪਾਪੜ੍ਹੋ →
ਲੋਹੀਆਂ ਖ਼ਾਸ ਸਟੇਸ਼ਨ ਮਾਮਲਾ: ਟ੍ਰੇਨ ਮੈਨੇਜਰ ‘ਤੇ ਡੰਡਾ ਚਲਾਉਣ ਵਾਲਾ ਸਟੇਸ਼ਨ ਸੁਪਰਡੈਂਟ ਸਸਪੈਂਡ, ਜਾਂਚ ਸ਼ੁਰੂਪੜ੍ਹੋ →