ਜਲੰਧਰ ਦੀ ਬੈਡਮਿੰਟਨ ਖਿਡਾਰਨ ਇਨਾਇਤ ਗੁਲਾਟੀ ਨੇ ਆਲ ਇੰਡੀਆ ਅੰਡਰ-15 ਗਰਲਜ਼ ਸਿੰਗਲਜ਼ ਦਾ ਜਿੱਤਿਆ ਖ਼ਿਤਾਬ
ਜਲੰਧਰ ਦੀ ਉੱਭਰਦੀ ਬੈਡਮਿੰਟਨ ਖਿਡਾਰਨ ਇਨਾਇਤ ਗੁਲਾਟੀ ਨੇ ਜੈਪੁਰ ਵਿਖੇ ਕਰਵਾਈ ਗਈ ‘ਆਲ ਇੰਡੀਆ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-15 ਗਰਲਜ਼ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਨਾਇਤ ਨੇ ਸੈਮੀਫਾਈਨਲ ਵਿੱਚ ਦੂਜੀ ਸੀਡ ਅਤੇ ਫਾਈਨਲ ਵਿੱਚ ਟੌਪ ਸੀਡ ਖਿਡਾਰਨ ਨੂੰ ਮਾਤ ਦੇ ਕੇ ਇਹ ਵੱਡਾ ਉਲਟਫੇਰ ਕੀਤਾ।
ਫਾਈਨਲ ਮੁਕਾਬਲੇ ਵਿੱਚ ਇਨਾਇਤ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਟੌਪ ਸੀਡ ਅਲੇਕਸੀਆ ਐਲਸਾ ਅਲੈਗਜ਼ੈਂਡਰ ਨੂੰ 6-15, 15-3, 15-10 ਨਾਲ ਹਰਾਇਆ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਉਸ ਨੇ ਦੂਜੀ ਸੀਡ ਆਰੀਆਮਾ ਚੱਕਰਵਰਤੀ ਨੂੰ 20-21, 15-11, 15-11 ਨਾਲ ਮਾਤ ਦਿੱਤੀ ਸੀ। ਇਸ ਖ਼ਿਤਾਬੀ ਜਿੱਤ ਨਾਲ ਇਨਾਇਤ ਜਲੰਧਰ ਦੀ ਪਹਿਲੀ ਅਤੇ ਪੰਜਾਬ ਦੀ ਦੂਜੀ (ਤਨਵੀ ਸ਼ਰਮਾ ਤੋਂ ਬਾਅਦ) ਅਜਿਹੀ ਖਿਡਾਰਨ ਬਣ ਗਈ ਹੈ, ਜਿਸ ਨੇ ਇਹ ਵੱਕਾਰੀ ਟਰਾਫੀ ਜਿੱਤੀ ਹੈ। ਮੂਲ ਰੂਪ ਵਿੱਚ ਫਗਵਾੜਾ ਦੀ ਰਹਿਣ ਵਾਲੀ ਇਨਾਇਤ ਦਿੱਲੀ ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਹੈ ਅਤੇ ਖੇਡਾਂ ਵਿੱਚ ਜਲੰਧਰ ਦੀ ਨੁਮਾਇੰਦਗੀ ਕਰਦੀ ਹੈ।
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਐਲਾਨ ਕੀਤਾ ਹੈ ਕਿ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ ਇਨਾਇਤ ਦੇ ਵਾਪਸ ਪਰਤਣ 'ਤੇ ਉਸ ਨੂੰ 21,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਨਾਇਤ ਜਲੰਧਰ ਦੀ ‘ਰੱਤੀ ਬੈਡਮਿੰਟਨ ਅਕੈਡਮੀ’ ਵਿੱਚ ਸਾਬਕਾ ਕੌਮਾਂਤਰੀ ਖਿਡਾਰੀਆਂ ਸਚਿਨ ਰੱਤੀ ਅਤੇ ਗਗਨ ਰੱਤੀ ਤੋਂ ਕੋਚਿੰਗ ਲੈਂਦੀ ਹੈ। ਸਾਲ 2025 ਵਿੱਚ ਉਸ ਨੇ ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੰਡਰ-19 ਖ਼ਿਤਾਬ ਸਮੇਤ ਛੇ ਗੋਲਡ ਮੈਡਲ ਜਿੱਤੇ ਸਨ। ਇਸ ਤੋਂ ਇਲਾਵਾ ਉਹ ਬੈਂਗਲੁਰੂ ਵਿੱਚ ਹੋਏ ਟੂਰਨਾਮੈਂਟ ’ਚ ਅੰਡਰ-15 ਮਿਕਸਡ ਡਬਲਜ਼ ’ਚ ਸਿਲਵਰ ਮੈਡਲ ਜਿੱਤ ਕੇ ਭਾਰਤੀ ਸਬ-ਜੂਨੀਅਰ ਟੀਮ ’ਚ ਚੁਣੀ ਗਈ ਸੀ ਅਤੇ ਸਤੰਬਰ ਮਹੀਨੇ ਚੀਨ ਵਿੱਚ ਹੋਈ ਏਸ਼ੀਆ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਪ੍ਰਤੀਨਿਧਤਾ ਕਰ ਚੁੱਕੀ ਹੈ। ਅਗਸਤ ਵਿੱਚ ਉਸ ਨੇ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਵਿੱਚ ਵੀ ਔਰਤਾਂ ਦਾ ਸਿੰਗਲਜ਼ ਖ਼ਿਤਾਬ ਜਿੱਤਿਆ ਸੀ।
