ਬਾਹਰੀ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ਿਆਂ ‘ਤੇ ਸੂਬਾ ਸਰਕਾਰ ਤੁਰੰਤ ਰੋਕ ਲਗਾਵੇ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਵਿਖੇ 5 ਅਕਤੂਬਰ ਨੂੰ ਵਾਪਰੀ ਪਥਰਾਅ ਦੀ ਕਥਿਤ ਘਟਨਾ ਤੋਂ ਬਾਅਦ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਲੰਗਰ ਛਕਣ ਆਏ ਇੱਕ ਵਿਅਕਤੀ ਨੂੰ ਸੇਵਾਦਾਰ ਵੱਲੋਂ ਰੋਕਿਆ ਗਿਆ ਸੀ। ਗੁਰਦੁਆਰਾ ਪ੍ਰਬੰਧਕਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਕੁਝ ਵਿਅਕਤੀਆਂ ਨੇ ਲੰਗਰ ਹਾਲ ਵੱਲ ਪੱਥਰ ਸੁੱਟੇ।
ਪੁਲਿਸ ਨੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਤਹਿਤ ਐਫਆਈਆਰ ਦਰਜ ਕੀਤੀ।
ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਨੇੜੇ ਬਣੀਆਂ ਕੁਝ ਝੁੱਗੀਆਂ ਨੂੰ ਅੱਗ ਲਗਾਏ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਗੁਰਦੁਆਰਾ ਪ੍ਰਬੰਧਕਾਂ ਨੇ ਅੱਗ ਲਗਾਉਣ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਵਿੱਚ ਜ਼ਿੰਮੇਵਾਰੀ ਬਾਰੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਹਾਲ ਉੱਤੇ ਕਥਿਤ ਹਮਲੇ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫ਼ਵਾਹਾਂ, ਗੁੰਮਰਾਹਕੁੰਨ ਤਸਵੀਰਾਂ ਅਤੇ ਏਆਈ ਨਾਲ ਬਣੀਆਂ ਫ਼ਰਜ਼ੀ ਵੀਡੀਓਜ਼ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਬੰਧਕਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸਥਿਤੀ ਆਮ ਵਾਂਗ ਹੈ।
ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੇ ਲੰਗਰ ਹਾਲ ’ਤੇ ਇੱਟਾਂ-ਰੋੜਿਆਂ ਨਾਲ ਕੀਤੇ ਗਏ ਕਥਿਤ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, “ਸੂਬਾ ਸਰਕਾਰ ਨੂੰ ਇਸ ਮਸਲੇ ਤੋਂ ਤੁਰੰਤ ਹੀ ਸੇਧ ਲੈਂਦਿਆਂ ਪੰਜਾਬ ਅੰਦਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰੂਆਂ ਦੀ ਇਸ ਪਾਵਨ ਧਰਤੀ ਉੱਤੇ ਕੋਈ ਵੀ ਬਾਹਰੀ ਵਿਅਕਤੀ ਗ਼ੈਰ-ਕਾਨੂੰਨੀ ਕਬਜ਼ੇ ਨਾ ਕਰੇ।” ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਇਸ ਘਟਨਾ ਪਿੱਛੇ ਕੰਮ ਕਰਦੀ ਮਾਨਸਿਕਤਾ ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਗੰਭੀਰ ਖ਼ਤਰਾ ਹੈ।
ਪ੍ਰਸ਼ਾਸਨਿਕ ਢਿੱਲ ‘ਤੇ ਸਵਾਲ ਚੁੱਕਦਿਆਂ ਜਥੇਦਾਰ ਨੇ ਆਖਿਆ, “ਇਹ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੈ ਜੋ ਬਾਹਰੋਂ ਆਏ ਲੋਕ ਬਿਨਾਂ ਕਾਨੂੰਨ ਦੇ ਡਰ ਭੈਅ ਤੋਂ ਕੀਮਤੀ ਥਾਵਾਂ ਉੱਤੇ ਕਬਜ਼ਾ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਦੀ ਇਹ ਪਹਿਲੀ ਜ਼ਿੰਮੇਵਾਰੀ ਹੈ ਕਿ ਅਜਿਹਾ ਨਾ ਹੋਵੇ।”
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਪੰਜਾਬ ਦੇ ਮੁੱਖ ਸਕੱਤਰ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨਾਲ ਲਿਖਾਪੜ੍ਹੀ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਤਾਂ ਜੋ ਇਤਿਹਾਸਕ ਗੁਰੂ ਘਰਾਂ ਦੇ ਨੇੜੇ ਨਜਾਇਜ਼ ਕਬਜ਼ਿਆਂ ‘ਤੇ ਠੱਲ੍ਹ ਪਾਈ ਜਾ ਸਕੇ।
ਜਥੇਦਾਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, “ਗੁਰਦੁਆਰਾ ਸਾਹਿਬਾਨ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਹਰ ਇੱਕ ਮਨੁੱਖ, ਲੋੜਵੰਦ ਤੇ ਗ਼ਰੀਬ ਨੂੰ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਾਉਂਦੇ ਹਨ, ਲੇਕਿਨ ਉਸੇ ਥਾਂ ਉੱਤੇ ਜੇਕਰ ਕੋਈ ਧਾੜਵੀ ਬਣ ਕੇ ਹਮਲਾ ਕਰੇ ਤਾਂ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।”
ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ‘ਤੇ ਏ.ਆਈ. ਰਾਹੀਂ ਬਣਾਈਆਂ ਮਨਘੜ੍ਹਤ ਤਸਵੀਰਾਂ ਵਾਇਰਲ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੀ ਅਫ਼ਵਾਹਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੇ ਲੰਗਰ ਹਾਲ ਵਿਖੇ ਕੁਝ ਸ਼ਰਾਰਤੀ ਬਿਰਤੀ ਵਾਲੇ ਲੋਕਾਂ ਵੱਲੋਂ ਇੱਟਾਂ-ਰੋੜਿਆਂ ਨਾਲ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ।
ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸਿੱਖ ਆਗੂਆਂ ਨੇ ਭਾਵੇਂਕਿ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਂਦਿਆਂ ਉਨ੍ਹਾਂ ਨੂੰ ਜੇਲ੍ਹ ਭਿਜਵਾ ਦਿੱਤਾ ਹੈ ਅਤੇ ਕਬਜ਼ੇ ਖਾਲੀ ਕਰਵਾ ਦਿੱਤੇ ਹਨ, ਪਰੰਤੂ ਇਸ ਘਟਨਾ ਪਿੱਛੇ ਕੰਮ ਕਰਦੀ ਮਾਨਸਿਕਤਾ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਮਸਲੇ ਤੋਂ ਤੁਰੰਤ ਹੀ ਸੇਧ ਲੈਂਦਿਆਂ ਪੰਜਾਬ ਅੰਦਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰੂਆਂ ਦੀ ਇਸ ਪਾਵਨ ਧਰਤੀ ਉੱਤੇ ਕੋਈ ਵੀ ਬਾਹਰੀ ਵਿਅਕਤੀ ਗ਼ੈਰ-ਕਾਨੂੰਨ ਕਬਜ਼ੇ ਨਾ ਕਰੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੈ ਜੋ ਬਾਹਰੋਂ ਆਏ ਲੋਕ ਬਿਨਾਂ ਕਾਨੂੰਨ ਦੇ ਡਰ ਭੈਅ ਤੋਂ ਕੀਮਤੀ ਥਾਵਾਂ ਉੱਤੇ ਕਬਜ਼ਾ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਦੀ ਇਹ ਪਹਿਲੀ ਜ਼ਿੰਮੇਵਾਰੀ ਹੈ ਕਿ ਅਜਿਹਾ ਨਾ ਹੋਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਇਸ ਮਾਮਲੇ ਦੀ ਸਮੁੱਚੀ ਰਿਪੋਰਟ ਮੰਗੀ ਗਈ ਹੈ ਅਤੇ ਆਦੇਸ਼ ਕੀਤੇ ਗਏ ਹਨ ਕਿ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਵੀ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਲਿਖਾਪੜ੍ਹੀ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਅੰਦਰ ਕਿਸੇ ਵੀ ਗੁਰਦੁਆਰਾ ਸਾਹਿਬ ਖਾਸਕਰ ਇਤਿਹਾਸਕ ਗੁਰੂ ਘਰਾਂ ਦੇ ਨੇੜੇ ਕੋਈ ਵੀ ਗ਼ੈਰ-ਕਾਨੂੰਨੀ ਢੰਗ ਨਾਲ ਸਾਡੀਆਂ ਬੇਸ਼ਕੀਮਤੀ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਆਪਣੇ ਟਿਕਾਣੇ ਨਾ ਬਣਾਉਣ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਹਰ ਇੱਕ ਮਨੁੱਖ, ਲੋੜਵੰਦ ਤੇ ਗ਼ਰੀਬ ਨੂੰ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਾਉਂਦੇ ਹਨ ਜੋ ਰਹਿੰਦੀ ਦੁਨੀਆ ਤੱਕ ਐਵੇਂ ਹੀ ਜਾਰੀ ਰਹੇਗਾ, ਲੇਕਿਨ ਉਸੇ ਥਾਂ ਉੱਤੇ ਜੇਕਰ ਕੋਈ ਧਾੜਵੀ ਬਣ ਕੇ ਹਮਲਾ ਕਰੇ ਤਾਂ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਘਟਨਾ ਨਾਲ ਜੋੜਦਿਆਂ ਏ-ਆਈ ਨਾਲ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਜੋ ਕਿ ਠੀਕ ਵਰਤਾਰਾ ਨਹੀਂ। ਉਨ੍ਹਾਂ ਕਿਹਾ ਇਹ ਸੰਜੀਦਾ ਮਾਮਲਾ ਹੈ ਜਿਸ ਨਾਲ ਕਿਸੇ ਤਰ੍ਹਾਂ ਦੀ ਗਲਤ ਜਾਣਕਾਰੀ ਪੰਜਾਬ ਅੰਦਰ ਮਾਹੌਲ ਨੂੰ ਖਰਾਬ ਕਰ ਸਕਦੀ ਹੈ ਇਸ ਲਈ ਸਮੂਹ ਸਿੱਖ ਇਹ ਯਕੀਨੀ ਬਣਾਉਣ ਕਿ ਤਕਨਾਲੋਜੀ ਦੀ ਵਰਤੋਂ ਸਕਾਰਾਤਮਕ ਕਾਰਜਾਂ ਲਈ ਹੋਵੇ। ਉਨ੍ਹਾਂ ਕਿਹਾ ਕਿ ਏ-ਆਈ ਨਾਲ ਮਨਘੜ੍ਹਤ ਤਸਵੀਰਾਂ ਬਣਾ ਕੇ ਵਾਇਰਲ ਕਰਨੀਆਂ ਬਿਲਕੁਲ ਵੀ ਵਾਜਬ ਨਹੀਂ ਇਸ ਲਈ ਇਸ ਵਰਤਾਰੇ ਤੋਂ ਗੁਰੇਜ਼ ਕੀਤੀ ਜਾਵੇ।
