ਨਾਭਾ ਦੀਆਂ ਮਜ਼ਦੂਰ ਔਰਤਾਂ ਨੇ ਸਕੂਲ ਬਾਹਰ ਕੀਤਾ ਪ੍ਰਦਰਸ਼ਨ
ਮਜ਼ਦੂਰ ਔਰਤਾਂ ਨੇ ਨਸ਼ਿਆਂ ਅਤੇ ਮਨਰੇਗਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਕੂਲ ਦੇ ਬਾਹਰ ਕੀਤਾ ਪ੍ਰਦਰਸ਼ਨ।
ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਸੂਬਾ ਪੱਧਰੀ ਮੈਗਾ ਅਧਿਆਪਕ-ਮਾਪੇ ਮਿਲਣੀ (ਪੀਟੀਐੱਮ) ਦੌਰਾਨ ਉਸ ਸਮੇਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ, ਜਦੋਂ ਨਾਭਾ ਦੇ ਰਾਮਗੜ੍ਹ ਪਿੰਡ ਦੀਆਂ ਮਜ਼ਦੂਰ ਔਰਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਵੀਡੀਓ ਸੰਦੇਸ਼ ਰਿਕਾਰਡ ਕਰਨ ਦੀ ਕਥਿਤ ਇਜਾਜ਼ਤ ਨਹੀਂ ਦਿੱਤੀ ਗਈ। ਰੋਸ ਵਜੋਂ ਉਨ੍ਹਾਂ ਨੇ ਸਕੂਲ ਦੇ ਬਾਹਰ ਖੜ੍ਹੇ ਹੋ ਕੇ ਵੀਡੀਓ ਬਣਾ ਕੇ ਆਪਣਾ ਸੰਦੇਸ਼ ਸੋਸ਼ਲ ਮੀਡੀਆ ’ਤੇ ਪਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਨਸ਼ਿਆਂ ਅਤੇ ਪੇਂਡੂ ਰੁਜ਼ਗਾਰ ਦੇ ਹੱਲ ਦੀ ਮੰਗ ਕੀਤੀ।
ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਮੈਗਾ ਪੀਟੀਐੱਮ ਕਰਵਾਉਣ ਵਾਲੇ ਸਰਕਾਰੀ ਸਕੂਲਾਂ ਨੂੰ ਹਾਜ਼ਰ ਮਾਪਿਆਂ, ਖ਼ਾਸ ਕਰਕੇ ਮਾਵਾਂ ਦੇ ਵੀਡੀਓ ਸੰਦੇਸ਼ ਰਿਕਾਰਡ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਫੀਡਬੈਕ ਜਾਂ ਮੁੱਖ ਮੰਤਰੀ ਦੇ ਨਾਮ ਕੋਈ ਸੰਦੇਸ਼ ਰਿਕਾਰਡ ਕਰਕੇ ਐਪ ’ਤੇ ਅਪਲੋਡ ਕਰਨ ਦੇ ਨਿਰਦੇਸ਼ ਸਨ।
ਪਰ ਸਰਕਾਰੀ ਸਕੂਲ ਰਾਮਗੜ੍ਹ ਵਿੱਚ ਮਾਮਲਾ ਅਚਾਨਕ ਬਦਲ ਗਿਆ, ਜਦੋਂ ਪਿੰਡ ਦੀਆਂ ਮਜ਼ਦੂਰ ਔਰਤਾਂ ਦਾ ਇੱਕ ਸਮੂਹ ਮੁੱਖ ਮੰਤਰੀ ਨੂੰ ਆਪਣਾ ਸਿੱਧਾ ਸੰਦੇਸ਼ ਰਿਕਾਰਡ ਕਰਵਾਉਣ ਲਈ ਪਹੁੰਚਿਆ। ਸੁਖਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਸਾਨੂੰ ਮੁੱਖ ਮੰਤਰੀ ਵੱਲੋਂ ਸੰਦੇਸ਼ ਮੰਗਣ ਦੀ ਗੱਲ ਦਾ ਪਤਾ ਲੱਗਿਆ ਤਾਂ ਅਸੀਂ ਪਿੰਡ ਦੀਆਂ ਕੁਝ ਮਹਿਲਾਵਾਂ ਨੇ ਇਕੱਠੇ ਹੋ ਕੇ ਆਪਣੀ ਗੱਲ ਰੱਖਣ ਬਾਰੇ ਸੋਚਿਆ।
ਕੁਲਵਿੰਦਰ ਕੌਰ, ਸੁਖਵਿੰਦਰ ਕੌਰ ਅਤੇ ਭੂਰ ਕੌਰ ਸਮੇਤ ਔਰਤਾਂ ਨੇ ਦੱਸਿਆ ਕਿ ਜੇਕਰ ਸੂਬੇ ਦਾ ਮੁਖੀ ਸੱਚਮੁੱਚ ਮਾਵਾਂ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਅਸੀਂ ਇਸ ਦਾ ਸਵਾਗਤ ਕਰਦੇ ਹਾਂ, ਪਰ ਬਨਾਵਟੀ ਤਾਰੀਫ਼ਾਂ ਦੀ ਬਜਾਏ ਜ਼ਮੀਨ ’ਤੇ ਮੌਜੂਦ ਮੁਸ਼ਕਲ ਹਕੀਕਤਾਂ ਸੁਣਨੀਆਂ ਚਾਹੀਦੀਆਂ ਹਨ। ਸਾਡੀ ਫੀਡਬੈਕ ਸਾਡੇ ਬੱਚਿਆਂ ਦੀ ਜ਼ਿੰਦਗੀ ਅਤੇ ਭਵਿੱਖ ਨਾਲ ਜੁੜੀ ਹੋਈ ਹੈ।
ਔਰਤਾਂ ਨੇ ਵੀਡੀਓ ਵਿੱਚ ਪਿੰਡਾਂ ਵਿੱਚ ਵਧ ਰਹੇ ਨਸ਼ਿਆਂ, ਲੁੱਟਾਂ-ਖੋਹਾਂ ਅਤੇ ਮਨਰੇਗਾ ਤਹਿਤ ਰੁਕੇ ਹੋਏ ਰੁਜ਼ਗਾਰ ਦੇ ਮਸਲੇ ਉਠਾਏ। ਔਰਤਾਂ ਨੇ ਕਿਹਾ ਕਿ ਖੁੱਲ੍ਹੇਆਮ ਹੋ ਰਹੀ ਨਸ਼ਿਆਂ ਦੀ ਵਿਕਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਸਾਡੇ ਪਿੰਡਾਂ ਨੂੰ ਤਬਾਹ ਕਰ ਰਹੀਆਂ ਹਨ ਅਤੇ ਅਸੀਂ ਆਪਣੇ ਬੱਚਿਆਂ ਲਈ ਡਰੇ ਹੋਏ ਹਾਂ। ਮਨਰੇਗਾ ਤਹਿਤ ਕੰਮ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ, ਜਿਸ ਕਾਰਨ ਗਰੀਬ ਪੇਂਡੂ ਪਰਿਵਾਰਾਂ ਤੋਂ ਉਨ੍ਹਾਂ ਦੀ ਮੁੱਢਲੀ ਰੋਜ਼ੀ-ਰੋਟੀ ਵੀ ਖੋਹ ਲਈ ਗਈ ਹੈ। ਅਸੀਂ ਮੁੱਖ ਮੰਤਰੀ ਨੂੰ ਨਸ਼ਿਆਂ ਦੀ ਸਪਲਾਈ ਰੋਕਣ ਅਤੇ ਤੁਰੰਤ ਮਨਰੇਗਾ ਦਾ ਕੰਮ ਮੁੜ ਸ਼ੁਰੂ ਕਰਨ ਦੀ ਅਪੀਲ ਕਰਨੀ ਚਾਹੁੰਦੇ ਸੀ। ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਨੇ ਕਿਹਾ ਕਿ ਸਕੂਲ ਵੱਲੋਂ ਕਿਸੇ ਵੀ ਮਾਪੇ ਦਾ ਵੀਡੀਓ ਬਿਆਨ ਰਿਕਾਰਡ ਨਹੀਂ ਕੀਤਾ ਗਿਆ।
ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਅਧਿਆਪਕ ਯੂਨੀਅਨਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਵੱਲੋਂ ਸਿੱਖਿਆ ਸੰਸਥਾਵਾਂ ਨੂੰ ਆਪਣੇ ਪ੍ਰਚਾਰ ਦੇ ਮੰਚਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੀਟੀਐੱਮ ਦਾ ਮੁੱਖ ਉਦੇਸ਼ ਛੱਡ ਇਸ ਨੂੰ ਯੁੱਧ ਨਸ਼ਿਆਂ ਵਿਰੁੱਧ, ਸਿੱਖਿਆ ਕ੍ਰਾਂਤੀ ਜਾਂ ਹੋਰ ਸਰਕਾਰੀ ਨਾਅਰਿਆਂ ਦੇ ਪ੍ਰਚਾਰ ਪ੍ਰੋਗਰਾਮ ਵਿੱਚ ਤਬਦੀਲ ਕਰਨਾ ਨਿੰਦਣਯੋਗ ਹੈ, ਖ਼ਾਸਕਰ ਉਦੋਂ ਜਦੋਂ ਲੋਕ ਆਪ ਸਰਕਾਰੀ ਮੁਹਿੰਮਾਂ ਦੀ ਅਸਫ਼ਲਤਾ ਦੀ ਪੋਲ ਖੋਲ੍ਹ ਰਹੇ ਹਨ, ਪਰ ਮੁੱਖ ਮੰਤਰੀ ਉਨ੍ਹਾਂ ਨੂੰ ਸੁਣਨਾ ਨਹੀਂ ਚਾਹੁੰਦੇ।
