ਰੂਸੀ ਤੇਲ ਤੇ ਜੈਸ਼ੰਕਰ ਦਾ ਵੱਡਾ ਐਲਾਨ, ਮਿਡਲ ਈਸਟ ਤੋਂ ਲੈ ਕੇ ਅਮਰੀਕਾ ਤੱਕ ਸਾਰੇ ਹੈਰਾਨ

ਅਮਰੀਕੀ ਕਾਨੂੰਨ ਅਧੀਨ ਰੂਸ ਤੋਂ ਕੱਚਾ ਤੇਲ ਖ਼ਰੀਦਣ ਵਾਲੇ ਦੇਸ਼ਾਂ ਤੇ 100 ਫ਼ੀਸਦੀ ਟੈਰਿਫ (ਟੈਕਸ) ਠੋਕਣ ਦੀਆਂ ਧਮਕੀਆਂ ਦੇ ਬਾਵਜੂਦ ਭਾਰਤ ਆਪਣੇ ਰੁਖ਼ ਤੇ ਅਡਿੱਗ ਨਜ਼ਰ ਆ ਰਿਹਾ ਹੈ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਰੂਸੀ ਤੇਲ ਦਰਾਮਦ ਨੂੰ ਲੈ ਕੇ ਅਜਿਹਾ ਸਪੱਸ਼ਟ ਐਲਾਨ ਕੀਤਾ ਹੈ, ਜਿਸ ਨੇ ਮੱਧ ਪੂਰਬ (ਮਿਡਲ ਈਸਟ) ਤੋਂ ਲੈ ਕੇ ਵਾਸ਼ਿੰਗਟਨ ਤੱਕ ਸਿਆਸੀ ਤੇ ਆਰਥਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਯੂਕ੍ਰੇਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਅਰਥਵਿਵਸਥਾ ਵਿੱਚ ਰੂਸੀ ਕੱਚੇ ਤੇਲ ਦੀ ਭੂਮਿਕਾ ਬੇਹੱਦ ਅਹਿਮ ਹੋ ਚੁੱਕੀ ਹੈ। ਕਦੇ ਭਾਰਤ ਦੀ ਕੁੱਲ ਤੇਲ ਖ਼ਰੀਦ ਵਿੱਚ ਰੂਸ ਦਾ ਹਿੱਸਾ ਮਹਿਜ਼ 2 ਫ਼ੀਸਦੀ ਤੋਂ ਵੀ ਘੱਟ ਹੁੰਦਾ ਸੀ, ਜੋ ਮੌਜੂਦਾ ਸਮੇਂ ਵਿੱਚ ਉਛਲ ਕੇ ਲਗਭਗ 50 ਤੋਂ 52 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ।
ਵਿਦੇਸ਼ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਅਹਿਮ ਬੈਠਕ ਦੌਰਾਨ ਕੱਚੇ ਤੇਲ ਲਈ ਰੂਸ ਤੇ ਭਾਰਤ ਦੀ ਨਿਰਭਰਤਾ ਅਤੇ ਯੂਕ੍ਰੇਨ ਜੰਗ ਨੂੰ ਖ਼ਤਮ ਕਰਵਾਉਣ ਵਿੱਚ ਭਾਰਤ ਵੱਲੋਂ ਨਿਭਾਈ ਜਾ ਰਹੀ ਵਿਚੋਲਗੀ ਬਾਰੇ ਵਿਸਥਾਰਪੂਰਵਕ ਚਰਚਾ ਹੋਈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਸਦ ਮੈਂਬਰਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਜਾਣੂ ਕਰਵਾਇਆ ਕਿ ਕਿਸੇ ਵੀ ਤਰ੍ਹਾਂ ਦੇ ਬਾਹਰੀ ਦਬਾਅ ਦੇ ਬਾਵਜੂਦ ਨਵੀਂ ਦਿੱਲੀ ਮਾਸਕੋ ਨਾਲ ਆਪਣੇ ਰਣਨੀਤਕ ਅਤੇ ਵਪਾਰਕ ਸਬੰਧ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਉੱਚ-ਪੱਧਰੀ ਮੀਟਿੰਗ ਵਿੱਚ ਯੂਕ੍ਰੇਨ ਸੰਕਟ, ਪੱਛਮੀ ਏਸ਼ੀਆ ਵਿੱਚ ਊਰਜਾ ਸਪਲਾਈ ਵਿੱਚ ਪੈ ਰਹੇ ਅੜਿੱਕੇ ਅਤੇ ਰੂਸੀ ਤੇਲ ਦਰਾਮਦਕਾਰ ਦੇਸ਼ਾਂ ਖ਼ਿਲਾਫ਼ ਅਮਰੀਕਾ ਵੱਲੋਂ ਪ੍ਰਸਤਾਵਿਤ 100 ਫ਼ੀਸਦੀ ਟੈਰਿਫ ਦੇ ਪ੍ਰਭਾਵਾਂ ਬਾਰੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਬੈਠਕ ਦੌਰਾਨ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਭਾਰਤ ਵੱਲੋਂ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ਦਾ ਲਗਭਗ 52 ਫ਼ੀਸਦੀ ਹਿੱਸਾ ਹੁਣ ਰੂਸ ਤੋਂ ਆ ਰਿਹਾ ਹੈ, ਕਿਉਂਕਿ ਪੱਛਮੀ ਏਸ਼ੀਆ ਦੇ ਰਵਾਇਤੀ ਸਪਲਾਇਰ ਖੇਤਰੀ ਟਕਰਾਵਾਂ ਕਾਰਨ ਪ੍ਰਭਾਵਿਤ ਹੋਏ ਹਨ। ਕਮੇਟੀ ਮੈਂਬਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਜਾਰੀ ਟਕਰਾਅ ਦੇ ਬਾਵਜੂਦ ਕਈ ਯੂਰਪੀਅਨ ਦੇਸ਼ ਅੱਜ ਵੀ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਰੂਸ ਤੋਂ ਗੈਸ ਅਤੇ ਤੇਲ ਦੀ ਦਰਾਮਦ ਜਾਰੀ ਰੱਖੇ ਹੋਏ ਹਨ।
ਚਰਚਾ ਦੌਰਾਨ ਯੂਕ੍ਰੇਨ ਸੰਘਰਸ਼ ਦੇ ਹੱਲ ਲਈ ਭਾਰਤ ਦੀਆਂ ਕੂਟਨੀਤਕ ਕੋਸ਼ਿਸ਼ਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ। ਭਾਰਤ ਦਾ ਸਪੱਸ਼ਟ ਮੰਨਣਾ ਹੈ ਕਿ ਇਹ ਜੰਗ ਹਥਿਆਰਾਂ ਨਾਲ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਖ਼ਤਮ ਹੋ ਸਕਦੀ ਹੈ। ਇਸੇ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ ਦੀ ਅਗਵਾਈ, ਦੋਵਾਂ ਧਿਰਾਂ ਨਾਲ ਉੱਚ-ਪੱਧਰੀ ਗੱਲਬਾਤ ਕਰਕੇ ਸ਼ਾਂਤੀ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ ਹੈ।
ਮੀਟਿੰਗ ਉਪਰੰਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਨੇ ਰੂਸ ਨਾਲ ਵਪਾਰ, ਨਿਵੇਸ਼, ਊਰਜਾ ਸੁਰੱਖਿਆ, ਕਨੈਕਟੀਵਿਟੀ, ਸੱਭਿਆਚਾਰ ਅਤੇ ਲੋਕਾਂ-ਦਰ-ਲੋਕ ਆਪਸੀ ਸੰਪਰਕਾਂ ਵਿੱਚ ਆਪਣੇ ਬਹੁ-ਪੱਖੀ ਸਬੰਧਾਂ ਦੀ ਅਹਿਮੀਅਤ ਨੂੰ ਮੁੜ ਦੁਹਰਾਇਆ ਹੈ। ਨਾਲ ਹੀ ਯੂਕ੍ਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਨੂੰ ਭਾਰਤ ਦੇ ਸਰਗਰਮ ਸਮਰਥਨ ਦਾ ਭਰੋਸਾ ਦਿੱਤਾ ਹੈ।
ਇਸ ਮੀਟਿੰਗ ਵਿੱਚ ਰੂਸੀ ਤੇਲ ਦਰਾਮਦਕਾਰ ਮੁਲਕਾਂ ਤੇ 100 ਫ਼ੀਸਦੀ ਟੈਰਿਫ ਲਾਉਣ ਦੇ ਅਮਰੀਕੀ ਬਿੱਲ ਅਤੇ ਭਾਰਤ-ਰੂਸ ਵਪਾਰਕ ਸਬੰਧਾਂ ਤੇ ਇਸ ਦੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਲੈ ਕੇ ਸੰਸਦ ਮੈਂਬਰਾਂ ਨੇ ਕਈ ਅਹਿਮ ਸਵਾਲ ਵੀ ਚੁੱਕੇ। ਇਸ ਬੈਠਕ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਮੁਕੁਲ ਵਾਸਨਿਕ ਅਤੇ ਗੁਰਜੀਤ ਸਿੰਘ ਔਜਲਾ; ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਵਿਨੋਦ ਤਾਵੜੇ, ਵਿਕਰਮਜੀਤ ਸਿੰਘ ਸਾਹਨੀ ਅਤੇ ਕੇ. ਸੁਧਾਕਰ; ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਬਾਬੁਲ ਸੁਪ੍ਰੀਓ ਅਤੇ ਸੀਪੀਐੱਮ ਦੇ ਸੰਸਦ ਮੈਂਬਰ ਪੀ. ਸੰਤੋਸ਼ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਰਹੇ।
