ਮੈਡ ਸੰਧੂ ਦੀ ਮੌਤ ਤੋਂ ਬਾਅਦ ਕੁੱਲ੍ਹੜ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਦੱਸਿਆ ਕਿਉਂ ਛੱਡਿਆ ਪੰਜਾਬ

ਇਨਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ਦੇ ਕਤਲ ਤੋਂ ਬਾਅਦ ਹੁਣ ਕੁੱਲ੍ਹੜ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇੱਕ ਸੰਦੇਸ਼ ਵਿੱਚ ਸਹਿਜ ਅਰੋੜਾ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਹਰ ਦੂਜੇ-ਤੀਜੇ ਦਿਨ ਕਿਸੇ ਨਾ ਕਿਸੇ ਨੂੰ ਗੋਲੀ ਮਾਰ ਕੇ ਜਾਂ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸਹਿਜ ਅਰੋੜਾ ਨੇ ਕਿਹਾ ਕਿ ਮੈਡ ਸੰਧੂ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਕਾਫ਼ੀ ਝਟਕਾ ਲੱਗਿਆ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿਚਕਾਰ ਦਿਨ-ਦਿਹਾੜੇ ਗੋਲੀਆਂ ਚੱਲਣਾ ਪੰਜਾਬ ਵਿੱਚ ਆਮ ਗੱਲ ਬਣਦੀ ਜਾ ਰਹੀ ਹੈ। ਉਨ੍ਹਾਂ ਸਰਕਾਰ ਅਤੇ ਪੁਲਸ-ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਖ਼ਰ ਕਿਸ ਦੀ ਹੈ?
ਮੈਡ ਸੰਧੂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਕੁਝ ਟਿੱਪਣੀਆਂ 'ਤੇ ਵੀ ਸਹਿਜ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਕਿਸੇ ਦੀ ਮੌਤ 'ਤੇ ਖੁਸ਼ੀ ਮਨਾਉਣਾ ਜਾਂ ਉਸ ਨੂੰ 'ਗੰਦਗੀ ਸਾਫ਼ ਹੋਣਾ' ਕਹਿਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਮੈਡ ਸੰਧੂ ਵੀ ਇੱਕ ਇਨਸਾਨ ਸੀ ਅਤੇ ਉਹ ਆਪਣਾ ਕੰਮ ਕਰ ਰਿਹਾ ਸੀ।
ਸਹਿਜ ਅਰੋੜਾ ਨੇ ਆਪਣੇ ਤਜਰਬੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਹੌਲ ਨੇ ਉਨ੍ਹਾਂ ਨੂੰ ਵੀ ਸੂਬਾ ਛੱਡਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਨੌਜਵਾਨਾਂ ਨੂੰ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਦੀ ਸਲਾਹ ਦਿੰਦੇ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰ ਮਹੀਨੇ ਕਰੀਬ 40 ਤੋਂ 60 ਹਜ਼ਾਰ ਰੁਪਏ ਭਰਦੇ ਸਨ ਪਰ ਇਸ ਦੇ ਬਾਵਜੂਦ ਕਰੀਬ ਢਾਈ ਸਾਲ ਤੱਕ ਉਨ੍ਹਾਂ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਸਹਿਜ ਨੇ ਦਾਅਵਾ ਕੀਤਾ ਕਿ ਕਈ ਵਾਰ ਉਨ੍ਹਾਂ ਕੋਲੋਂ ਫਿਰੌਤੀ ਮੰਗੀ ਗਈ ਅਤੇ ਕਥਿਤ ਤੌਰ 'ਤੇ ਝੂਠੇ ਮਾਮਲਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਕੁਝ ਮੌਕਿਆਂ 'ਤੇ ਪੁਲਸ ਵੱਲੋਂ ਵੀ ਸਮਝੌਤਾ ਕਰਵਾਉਣ ਲਈ ਵਿਚੋਲੇ ਦੀ ਭੂਮਿਕਾ ਨਿਭਾਈ ਗਈ। ਸਹਿਜ ਨੇ ਕਿਹਾ ਕਿ ਅਜਿਹੇ ਹਾਲਾਤਾਂ ਕਾਰਨ ਉਨ੍ਹਾਂ ਨੂੰ ਪੰਜਾਬ ਛੱਡਣ ਦਾ ਫੈਸਲਾ ਲੈਣਾ ਪਿਆ। ਸਹਿਜ ਅਰੋੜਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਘਟਨਾ ਕਿਸੇ ਹੋਰ ਨਾਲ ਹੋਈ ਹੈ, ਕੱਲ੍ਹ ਕਿਸੇ ਹੋਰ ਦੀ ਵਾਰੀ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਹਿੰਸਾ ਨੂੰ ਵਧਾਵਾ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਹ ਸਭ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ।
