📰 10/04/2026
ਪੰਜਾਬ📍 ਪੰਜਾਬ

ਕੇ ਐੱਲ ਗਰਗ ਦੀਆਂ ਗੱਲਾਂ ਕਰਦਿਆਂ

ਬਹੁ-ਪੱਖੀ ਪੰਜਾਬੀ ਲੇਖਕ ਕੇ ਐੱਲ ਗਰਗ ਦੇ ਤੁਰ ਜਾਣ ਦੀ ਖ਼ਬਰ ਨੇ ਮਨ ਉਦਾਸ ਕਰ ਦਿੱਤਾ। ਉਨ੍ਹਾਂ ਦਾ ਫੋਨ ਹਫ਼ਤੇ ਵਿੱਚ ਇੱਕ-ਦੋ ਵਾਰ ਆਉਂਦਾ ਹੀ ਸੀ। ਗਰਗ ਸਾਬ੍ਹ ਨੂੰ ਗੱਲ ਬੜੀ ਅਹੁੜਦੀ ਸੀ।
ਕੇ ਐੱਲ ਗਰਗ ਦੀਆਂ ਗੱਲਾਂ ਕਰਦਿਆਂ

ਬਹੁ-ਪੱਖੀ ਪੰਜਾਬੀ ਲੇਖਕ ਕੇ ਐੱਲ ਗਰਗ ਦੇ ਤੁਰ ਜਾਣ ਦੀ ਖ਼ਬਰ ਨੇ ਮਨ ਉਦਾਸ ਕਰ ਦਿੱਤਾ। ਉਨ੍ਹਾਂ ਦਾ ਫੋਨ ਹਫ਼ਤੇ ਵਿੱਚ ਇੱਕ-ਦੋ ਵਾਰ ਆਉਂਦਾ ਹੀ ਸੀ।

ਗਰਗ ਸਾਬ੍ਹ ਨੂੰ ਗੱਲ ਬੜੀ ਅਹੁੜਦੀ ਸੀ। ਵਿਅੰਗਕਾਰ ਹੋਣ ਕਰਕੇ ਉਹ ਆਪਣੇ ਹਰੇਕ ਜਾਣੂੰ-ਪਛਾਣੂੰ ਨੂੰ ਮੱਠੀ-ਮੱਠੀ ਟਕੋਰ ਕਰੀ ਜਾਂਦੇ। ਚਿੱਟੇ ਦੰਦ ਤੇ ਹੱਸਦਾ ਚਿਹਰਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਪਿਆਰਾ ਬਣਾ ਦਿੰਦਾ। ਦੇਰ ਦੀ ਗੱਲ ਹੈ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਪਰਦੇਸੋਂ ਆਪਣੇ ਪਿੰਡ ਆਇਆ ਤੇ ਅਖੰਡ ਪਾਠ ਕਰਵਾਇਆ। ਉਨ੍ਹਾਂ ਆਪਣੇ ਆੜੀ ਕਲਾਕਾਰ ਤੇ ਲਿਖਾਰੀ ਸੱਦੇ, ਕੁਲਦੀਪ ਮਾਣਕ ਵੀ ਆਇਆ। ਇੱਧਰੋਂ ਅਸੀਂ ਕਾਫੀ ਜਣੇ ਗਏ ਸਾਂ, ਗਰਗ ਸਾਬ੍ਹ ਨੇ ਮਾਣਕ ਦੇ ਗਲ਼ ਵਿੱਚ ਸੋਨੇ ਦੀ ਮੋਟੀ ਚੇਨੀ ਤੇ ਉਂਗਲਾਂ ਵਿੱਚ ਪਾਈਆਂ ਮੁੰਦੀਆਂ ਦੇਖ ਕੇ ਵਿਅੰਗ ਕੱਸਿਆ, ‘‘ਓ ਭਾਈ ਮਾਣਕਾ, ਆਹ ਅਸਲੀ ਐ ਸਾਰੀਆਂ ਕਿ ਨਕਲੀ ਹੀ ਪਾਈ ਫਿਰਦਾ ਐਂ? ਜਿਹੜੀ ਨਕਲੀ ਐ ਸਾਡੇ ਵਰਗਿਆਂ ਨੂੰ ਦੇ ਛੱਡ ਯਾਰ..!’’ ਇਹ ਗੱਲ ਮਾਣਕ ਨੂੰ ਚੰਗੀ ਨਾ ਲੱਗੀ। ਗਰਗ ਸਾਬ੍ਹ ਨੇ ਉਸੇ ਦਿਨ ਤੋਂ ਸਹੁੰ ਖਾ ਲਈ ਕਿ ਅਗਾਂਹ ਤੋਂ ਕਿਸੇ ਨੂੰ ਅਜਿਹੀ ਟਿੱਚਰ ਨਹੀਂ ਕਰਨੀ। ਗਰਗ ਹੋਰਾਂ ਦਾ ਲਿਖਿਆ ਵਿਅੰਗ ਏਨਾ ਤਿੱਖਾ ਹੁੰਦਾ ਸੀ ਕਿ ਸਾਡੇ ਵਿਗੜੇ-ਤਿਗੜੇ ਸਮਾਜਿਕ ਢਾਂਚੇ ਤੇ ਭੈੜੀਆਂ ਅਲਾਮਤਾਂ ਨੂੰ ਖ਼ਤਮ ਕਰਨ ਦਾ ਸੁਨੇਹਾ ਵੀ ਖ਼ੂਬ ਦਿੰਦਾ ਸੀ। ਉਹ ਸਮਾਜਿਕ ਸੁਧਾਰ ਲਈ ਲਗਾਤਾਰ ਆਪਣੀ ਕਲਮ ਚਲਾਉਂਦੇ ਰਹੇ। ਵੱਡੇ ਪੰਜਾਬੀ ਵਿਅੰਗ ਲੇਖਕਾਂ ਕਨ੍ਹੱਈਆ ਲਾਲ ਕਪੂਰ, ਸੂਬਾ ਸਿੰਘ, ਪਿਆਰਾ ਸਿੰਘ ਦਾਤਾ ਤੇ ਸ਼ੇਰ ਜੰਗ ਜਾਂਗਲੀ ਨਾਲ ਉਨ੍ਹਾਂ ਦੀ ਵਾਹਵਾ ਨੇੜਤਾ ਰਹੀ। ਉਨ੍ਹਾਂ ਵਿਅੰਗ ਅਕਾਦਮੀ ਬਣਾ ਕੇ ਦਾਤਾ ਜੀ ਦੇ ਪਰਿਵਾਰ ਪਾਸੋਂ ਵਿਅੰਗ ਪੁਰਸਕਾਰ ਸ਼ੁਰੂ ਕਰਵਾਇਆ। ਦਸ ਸਾਲ ਦਾ ਚੋਣਵਾਂ ਹਾਸ-ਵਿਅੰਗ ਸੰਪਾਦਿਤ ਕਰ ਗਏ। ਗਰਗ ਹੋਰਾਂ ਨੇ ਆਪਣੇ ਨੇੜਲੇ ਕੁਝ ਵਿਅਕਤੀਆਂ ਦੇ ਰੇਖਾ ਚਿੱਤਰ ਵੀ ਲਿਖੇ, ਜਿਨ੍ਹਾਂ ਵਿੱਚ ਜਾਂਗਲੀ, ਕਪੂਰ, ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਕਈ ਹੋਰ ਹਨ। ਗਰਗ ਦਾ ਮਨ ਮੋਗੇ ਆਪਣੇ ਨਿੱਕੇ ਜਿਹੇ ਖੂਬਸੂਰਤ ਘਰ ਵਿੱਚ ਹੀ ਲੱਗਦਾ ਸੀ ਤੇ ਪਰਦੇਸ ਉਹ ਬੱਚਿਆਂ ਕੋਲ ਵੀ ਜਾ ਆਏ ਸੀ ਪਰ ਠੰਢੇ ਮੁਲਕਾਂ ਦੀ ਤਪਦੀ ਧਰਤੀ ਨੇ ਉਨ੍ਹਾਂ ਨੂੰ ਉਦਾਸ ਕਰ ਦਿੱਤਾ ਸੀ। ਉਨ੍ਹਾਂ ਦੋ ਸਫ਼ਰਨਾਮੇ ‘ਵਾਟਾਂ ਦੇਸੋਂ ਦੂਰ ਦੀਆਂ’ ਤੇ ‘ਧਰਤੀ ਦਾ ਦੂਜਾ ਪਾਸਾ ਵੀ ਲਿਖੇ।’ ਉਨ੍ਹਾਂ ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਕਈ ਰਚਨਾਵਾਂ ਰਚੀਆਂ।

ਮੋਗੇ ਜਾਂ ਨੇੜੇ ਤੇੜੇ ਕੋਈ ਸਾਹਿਤਕ ਸਮਾਗਮ ਹੁੰਦਾ ਤਾਂ ਉਹ ਸਕੂਟਰੀ ਉੱਤੇ ਚੜ੍ਹ ਕੇ ਚਲੇ ਜਾਂਦੇ ਸਨ। ਜੇ ਥੋੜ੍ਹੀ ਦੂਰ ਜਾਣਾ ਹੁੰਦਾ ਤਾਂ ਗੁਰਮੀਤ ਕੜਿਆਲਵੀ ਲੈ ਜਾਂਦਾ। ਬਲਦੇਵ ਸਿੰਘ ‘ਸੜਕਨਾਮਾ’ ਤੇ ਉਹ ਅਕਸਰ ਹੀ ਇਕੱਠੇ ਜਾਂਦੇ ਸਨ। ਸਾਲ 2024 ਵਿੱਚ ਮੈਂ ਫਰੀਦਕੋਟ ਬੁਲਾਇਆ, ਕੈਨੇਡਾ ਤੋਂ ਮਰਹੂਮ ਲੇਖਕ ਇਕਬਾਲ ਰਾਮੂਵਾਲੀਆ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਗਰਗ ਹੋਰਾਂ ਨੂੰ ਪੁਰਸਕਾਰ ਭੇਟ ਕੀਤਾ ਗਿਆ। ਪ੍ਰੋਗਰਾਮ ਡੀ ਸੀ ਦਫਤਰ ਵਿੱਚ ਸੀ। ਕੜਿਆਲਵੀ ਨੇ ਗਰਗ ਦੀ ਸਾਹਿਤਕ ਦੇਣ ਉੱਤੇ ਚਾਨਣਾ ਪਾਇਆ, ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਖ਼ੁਸ਼ ਹੋ ਕੇ ਆਖਿਆ ਸੀ ਕਿ ਗਰਗ ਹੋਰਾਂ ਦੇ ਰੌਸ਼ਨ ਚਿਹਰੇ ਵਾਂਗ ਇਨ੍ਹਾਂ ਦੀਆਂ ਲਿਖਤਾਂ ਵੀ ਰੌਸ਼ਨੀ ਵੰਡਣ ਵਾਲੀਆਂ ਹਨ।

ਪ੍ਰੋਗਰਾਮ ਮੁੱਕਿਆ ਤਾਂ ਗਰਗ ਹੋਰੀਂ ਬੜੇ ਖੁਸ਼ ਸਨ, ਨਾਲ ਆਈ ਆਪਣੀ ਪਤਨੀ ਨੂੰ ਟਕੋਰ ਕਰਕੇ ਬੋਲੇ, ਡੀ ਸੀ ਨੇ ਤੇਰੇ ਬੰਦੇ ਦੀ ਕਿੰਨੀ ਸ਼ੋਭਾ ਕੀਤੀ ਐ, ਜੇ ਕਿਤੇ ਏਨੀ ਸ਼ੋਭਾ ਬੰਦੇ ਦੀ ਘਰੇ ਹੁੰਦੀ ਹੋਵੇ ਤਾਂ ਬੰਦਾ ਕਦੇ ਨ੍ਹੀਂ ਮਰਦਾ।’’ ਇਹ ਸੁਣ ਸਾਰੇ ਹੱਸ ਪਏ। ਫਰੀਦਕੋਟ ਉਨ੍ਹਾਂ ਦੀ ਬੇਟੀ ਵਿਆਹੀ ਹੋਈ ਹੈ, ਜਦੋਂ ਉਨ੍ਹਾਂ ਪਾਸ ਗੇੜਾ ਮਾਰਦੇ ਤਾਂ ਫੋਨ ਕਰਕੇ ਪੁੱਛਦੇ, ‘‘ਜੇ ਵਿਹਲ ਐ ਤਾਂ ਮਿਲ ਜਾ ਆ ਕੇ।’’ ਹੁਣ ਜਦੋਂ ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਆਈ ਹੈ ਤਾਂ ਮਹਿਸੂਸ ਹੋਇਆ ਕਿ ਬੰਦੇ ਨੂੰ ਮਿਲਦੇ ਗਿਲਦੇ ਰਹਿਣਾ ਚਾਹੀਦਾ ਹੈ, ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਵੇ! ਗਰਗ ਹੋਰਾਂ ਦੀਆਂ ਲਿਖਤਾਂ ਤੇ ਨੇਕ ਵਿਅਕਤਿਤਵ ਹਮੇਸ਼ਾ ਯਾਦ ਰਹੇਗਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ 'ਚ ਮਸ਼ਹੂਰ ਇਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲਪੜ੍ਹੋ →
ਬਿਹਾਰ ‘ਚ 11.246 ਕਿਲੋਗ੍ਰਾਮ ਚਰਸ ਸਮੇਤ ਇੱਕ ਵਿਅਕਤੀ ਕਾਬੂਪੜ੍ਹੋ →
ਮੈਡ ਸੰਧੂ ਕਤਲਕਾਂਡ ‘ਚ ਪੁਲਿਸ ਦਾ ਵੱਡਾ ਦਾਅਵਾ, ਸਾਜ਼ਿਸ਼ਕਰਤਾਵਾਂ ਦੀ ਪਛਾਣ ਹੋਈ ਸਪੱਸ਼ਟ; ਜਲਦੀ ਨਤੀਜੇ ਹੋਣਗੇ ਸਭ ਦੇ ਸਾਹਮਣੇਪੜ੍ਹੋ →
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਐਮ.ਐਨ.ਐਸ. ਵਲੋਂ ਸਾਂਝਾ ਰੋਸ ਮਾਰਚਪੜ੍ਹੋ →
ਗੁਰਦਾਸਪੁਰ ‘ਚ ਮੰਦਰ ‘ਚੋਂ 15 ਕਿਲੋ ਵਜ਼ਨ ਵਾਲੀ ਪਿੱਤਲ ਦੀ ਘੰਟੀ ਚੋਰ ਕਰ ਚੋਰ ਹੋਏ ਫਰਾਰਪੜ੍ਹੋ →
ਮੈਡ ਸੰਧੂ ਦੀ ਮੌਤ ਤੋਂ ਬਾਅਦ ਕੁੱਲ੍ਹੜ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਦੱਸਿਆ ਕਿਉਂ ਛੱਡਿਆ ਪੰਜਾਬਪੜ੍ਹੋ →