ਡਿਜੀਟਲ ਸਕਰੀਨ ’ਤੇ ਪੰਜਾਬੀ ਦਾ ਭਵਿੱਖ
ਪੰਜਾਬੀ ਭਾਸ਼ਾ ਮਹਿਜ਼ ਚਡ਼੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਤੱਕ ਹੀ ਮਹਿਦੂਦ ਨਹੀਂ ਸਗੋਂ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਗੱਲ ਕੀ, ਜਿੱਥੇ ਕਿਤੇ ਵੀ ਪੰਜਾਬੀਆਂ ਨੇ ਪਰਵਾਸ ਕੀਤਾ ਹੈ, ਉੱਥੇ ਬੋਲੀ ਜਾਂਦੀ ਹੈ। ਹਥਲਾ ਲੇਖ ਰਵਾਇਤੀ ਛਾਪੇਖਾਨੇ ਤੋਂ ਲੈ ਕੇ ਅਜੋਕੇ ਡਿਜੀਟਲ ਯੁੱਗ ਵਿੱਚ ਪੰਜਾਬੀ ਦੇ ਪ੍ਰਚਾਰ-ਪਸਾਰ ਦੀਆਂ ਤਕਨੀਕਾਂ ਵਿੱਚ ਆਏ ਬਦਲਾਅ ਅਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਰੌਸ਼ਨੀ ਪਾਉਂਦਾ ਹੈ।
ਅੱਜ ਤੇਜ਼ੀ ਨਾਲ ਬਦਲਦੀ ਹੋਈ ਸੂਚਨਾ ਤਕਨੀਕ ਦੀ ਇਸ ਕ੍ਰਾਂਤੀ ਦੇ ਨਵੇਂ ਡਿਜੀਟਲ ਯੁੱਗ ਨੇ ਪੰਜਾਬੀ ਭਾਸ਼ਾ ਦੇ ਸਰੂਪ ਨੂੰ ਵੀ ਬਦਲ ਦਿੱਤਾ ਹੈ। ਪਹਿਲਾਂ ਪੰਜਾਬੀ ਦੀ ਤਾਕਤ ਦਾ ਮੁੱਖ ਆਧਾਰ ਕਿਤਾਬਾਂ ਅਤੇ ਅਖ਼ਬਾਰ ਸਨ। ਅੱਜ ਵੀ ਉਹ ਮਹੱਤਵਪੂਰਨ ਹਨ, ਪਰ ਨਵੀਂ ਪੀੜ੍ਹੀ ਪੰਜਾਬੀ ਨੂੰ ਵੀਡੀਓ, ਆਡੀਓ, ਪੌਡਕਾਸਟ, ਰੀਲ, ਸ਼ਾਰਟ ਵੀਡੀਓ ਅਤੇ ਲਾਈਵ ਸਟ੍ਰੀਮ ਰਾਹੀਂ ਤੇਜ਼ੀ ਨਾਲ ਗ੍ਰਹਿਣ ਕਰ ਰਹੀ ਹੈ। ਪਹਿਲਾਂ ਵੀ ਪੰਜਾਬੀ ਭਾਸ਼ਾ ਦੇ ਇਤਿਹਾਸ ਵਿੱਚ ਕਈ ਅਜਿਹੇ ਮੋੜ ਆਏ ਹਨ ਜਿਨ੍ਹਾਂ ਨੇ ਇਸ ਦੇ ਰੂਪ, ਪਸਾਰ ਅਤੇ ਵਰਤੋਂ ਨੂੰ ਬਦਲਿਆ ਹੈ। ਗੁਰਮੁਖੀ ਲਿਪੀ ਦੀ ਸਥਾਪਨਾ ਤੋਂ ਲੈ ਕੇ ਰਵਾਇਤੀ ਛਾਪਾਖਾਨੇ, ਟੈਲੀਵਿਜ਼ਨ ਅਤੇ ਸਿਨੇਮਾ ਤੱਕ ਪੰਜਾਬੀ ਨੇ ਹਰ ਨਵੇਂ ਮਾਧਿਅਮ ਨੂੰ ਆਪਣੇ ਪ੍ਰਗਟਾਵੇ ਦਾ ਸਾਧਨ ਬਣਾਇਆ ਪਰ ਇੰਟਰਨੈੱਟ ਅਤੇ ਹੁਣ ਮਸਨੂਈ ਬੁੱਧੀ(ਏ ਆਈ) ਦਾ ਆਗਮਨ ਪੰਜਾਬੀ ਦੇ ਸਾਹਮਣੇ ਅਜਿਹੀ ਸੰਭਾਵਨਾ ਲੈ ਕੇ ਆਇਆ ਹੈ ਜਿਸ ਦੀ ਤੁਲਨਾ ਪਿਛਲੇ ਕਿਸੇ ਵੀ ਮਾਧਿਅਮ ਨਾਲ ਕਰਨੀ ਮੁਸ਼ਕਿਲ ਹੈ। ਅੱਜ ਪੰਜਾਬੀ ਸਿਰਫ਼ ਕਾਗਜ਼ ਉੱਤੇ ਛਪਣ ਵਾਲੀ ਅੱਖਰਾਂ ਦੀ ਭਾਸ਼ਾ ਨਹੀਂ ਰਹੀ ਹੈ। ਹੁਣ ਉਹ ਮੋਬਾਈਲ ਦੀ ਸਕ੍ਰੀਨ, ਸੋਸ਼ਲ ਮੀਡੀਆ, ਯੂਟਿਊਬ, ਪੌਡਕਾਸਟ, ਡਿਜੀਟਲ ਅਖ਼ਬਾਰ, ਔਨਲਾਈਨ ਸਿੱਖਿਆ, ਈ-ਕਾਮਰਸ ਅਤੇ ਏ ਆਈ ਦੀ ਦੁਨੀਆ ਵਿੱਚ ਆਪਣੀ ਨਵੀਂ ਥਾਂ ਬਣਾ ਰਹੀ ਹੈ।
ਅੱਜ ਇਹ ਬਦਲਾਅ ਉਸ ਵੇਲੇ ਹੋ ਰਿਹਾ ਹੈ ਜਦੋਂ ਭਾਰਤ ਖ਼ੁਦ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਮੰਡੀਆਂ ਵਿੱਚੋਂ ਇੱਕ ਬਣ ਚੁੱਕਾ ਹੈ। ਇਸ ਤੋਂ ਪਹਿਲਾਂ 2024 ਵਿੱਚ 88.6 ਕਰੋੜ ਸਰਗਰਮ ਉਪਭੋਗਤਾ ਦਰਜ ਕੀਤੇ ਗਏ ਸਨ ਅਤੇ ਇਹ ਦੁਨੀਆ ਵਿੱਚ ਸਭ ਤੋਂ ਵੱਧ ਹਨ। ਇਸ ਡਿਜੀਟਲ ਕ੍ਰਾਂਤੀ ਦਾ ਸਭ ਤੋਂ ਮਹੱਤਵਪੂਰਨ ਪੱਖ ਭਾਸ਼ਾ ਹੈ। 2024 ਦੇ ਅੰਕੜਿਆਂ ਅਨੁਸਾਰ 87 ਕਰੋੜ ਇੰਟਰਨੈੱਟ ਉਪਭੋਗਤਾਵਾਂ ਨੇ ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਵਰਤੀ ਜੋ ਕੁੱਲ ਇੰਟਰਨੈੱਟ ਉਪਭੋਗਤਾਵਾਂ ਦਾ ਲਗਪਗ 98 ਫ਼ੀਸਦੀ ਹੈ। ਸ਼ਹਿਰੀ ਭਾਰਤ ਵਿੱਚ 57 ਫ਼ੀਸਦੀ ਉਪਭੋਗਤਾ ਅੰਗਰੇਜ਼ੀ ਦੀ ਬਜਾਏ ਭਾਰਤੀ ਭਾਸ਼ਾਵਾਂ ਵਿੱਚ ਇੰਟਰਨੈੱਟ ਸਮੱਗਰੀ ਨੂੰ ਤਰਜੀਹ ਦੇਣ ਦੀ ਗੱਲ ਕਰਦੇ ਹਨ। ਹੁਣ ਭਾਰਤੀ ਭਾਸ਼ਾਵਾਂ ਵਿੱਚ ਵੀਡੀਓ ਦੇਖਣਾ 81 ਫ਼ੀਸਦੀ, ਸੰਗੀਤ ਸੁਣਨਾ 69 ਫ਼ੀਸਦੀ ਅਤੇ ਸੋਸ਼ਲ ਨੈੱਟਵਰਕਿੰਗ 36 ਫ਼ੀਸਦੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ।
ਅੱਜ ਇਹ ਅੰਕੜੇ ਪੰਜਾਬੀ ਲਈ ਇੱਕ ਵੱਡਾ ਸੰਦੇਸ਼ ਹਨ। ਹੁਣ ਭਾਸ਼ਾ ਦਾ ਭਵਿੱਖ ਸਿਰਫ਼ ਇਸ ਗੱਲ ਨਾਲ ਨਹੀਂ ਤੈਅ ਹੋਵੇਗਾ ਕਿ ਕਿੰਨੇ ਲੋਕ ਉਸ ਨੂੰ ਬੋਲਦੇ ਹਨ, ਹੁਣ ਇਹ ਇਸ ਗੱਲ ਨਾਲ ਵੀ ਤੈਅ ਹੋਵੇਗਾ ਕਿ ਕਿੰਨਾ ਡਿਜੀਟਲ ਗਿਆਨ ਉਸ ਭਾਸ਼ਾ ਵਿੱਚ ਉਪਲੱਬਧ ਹੈ। ਪੰਜਾਬੀ ਦੀ ਅਸਲ ਤਾਕਤ ਅੱਜ ਭਾਸ਼ਾ ਤੋਂ ਵੱਡਾ ਇਸ ਦਾ ਇੱਕ ਵਿਸ਼ਵ ਭਾਈਚਾਰਾ ਹੈ। ਹੁਣ ਪੰਜਾਬੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਭੂਗੋਲ ਪੰਜਾਬ ਦੀਆਂ ਸਰਹੱਦਾਂ ਨਾਲ ਖ਼ਤਮ ਨਹੀਂ ਹੁੰਦਾ। ਭਾਰਤ ਤੋਂ ਬਾਹਰ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਖਾੜੀ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਪੰਜਾਬੀ ਇੱਕ ਵਿਸ਼ਾਲ ਭਾਸ਼ਾਈ ਭਾਈਚਾਰੇ ਦੀ ਭਾਸ਼ਾ ਹੈ, ਭਾਵੇਂ ਉੱਥੇ ਇਸ ਨੂੰ ਲਿਖਣ ਲਈ ਮੁੱਖ ਤੌਰ ’ਤੇ ਸ਼ਾਹਮੁਖੀ ਵਰਤੀ ਜਾਂਦੀ ਹੈ। ਭਾਰਤ ਦੀ 2011 ਦੀ ਜਨਗਣਨਾ ਵਿੱਚ ਪੰਜਾਬੀ ਨੂੰ ਇੱਕ ਵੱਖਰੀ ਮਾਤ ਭਾਸ਼ਾ ਵਜੋਂ ਦਰਜ ਕੀਤਾ ਗਿਆ ਹੈ ਅਤੇ ਦੇਸ਼ ਪੱਧਰੀ ਮਾਤ-ਭਾਸ਼ਾ ਦੇ ਅੰਕੜੇ ਕੇਂਦਰੀ ਜਨਗਣਨਾ ਡੇਟਾਬੇਸ ਵਿੱਚ ਉਪਲਬਧ ਹਨ। ਅਗਲੀ ਪੂਰੀ ਜਨਗਣਨਾ ਦੇ ਅੰਕੜੇ ਆਉਣ ਤੱਕ 2011 ਦੇ ਇਹ ਅੰਕੜੇ ਹੀ ਸਰਕਾਰੀ ਤੌਰ ’ਤੇ ਤੁਲਨਾਤਮਕ ਆਧਾਰ ਹਨ। ਅੱਜ ਇੰਟਰਨੈੱਟ ਨੇ ਇਸ ਵਿਸ਼ਵ ਪੰਜਾਬੀ ਭਾਈਚਾਰੇ ਨੂੰ ਪਹਿਲੀ ਵਾਰ ਇੱਕੋ ਡਿਜੀਟਲ ਮੰਚ ’ਤੇ ਜੋੜ ਦਿੱਤਾ ਹੈ। ਪਹਿਲਾਂ ਪੰਜਾਬ ਦੇ ਕਿਸੇ ਪਿੰਡ ਵਿੱਚ ਹੋਣ ਵਾਲੀ ਘਟਨਾ ਨੂੰ ਵਿਦੇਸ਼ ਵਿੱਚ ਬੈਠੇ ਪੰਜਾਬੀ ਤੱਕ ਪਹੁੰਚਣ ਵਿੱਚ ਦਿਨ ਲੱਗ ਸਕਦੇ ਸਨ। ਅੱਜ ਕਿਸੇ ਪਿੰਡ ਦਾ ਮੇਲਾ, ਕਿਸੇ ਗੁਰਦੁਆਰੇ ਦਾ ਸਮਾਗਮ, ਕਿਸੇ ਕਵੀ ਦੀ ਕਵਿਤਾ, ਕਿਸੇ ਕਿਸਾਨ ਦੀ ਗੱਲ, ਕਿਸੇ ਗਾਇਕ ਦਾ ਗੀਤ ਜਾਂ ਪੰਜਾਬ ਦੀ ਰਾਜਨੀਤੀ ਬਾਰੇ ਕੋਈ ਵੀਡੀਓ ਕੁਝ ਸਕਿੰਟਾਂ ਵਿੱਚ ਹੀ ਦੁਨੀਆ ਭਰ ਦੇ ਪੰਜਾਬੀਆਂ ਤੱਕ ਪਹੁੰਚ ਸਕਦੀ ਹੈ। ਨਵੀਆਂ ਸੂਚਨਾ ਤਕਨੀਕਾਂ ਨਾਲ ਇਹ ਸਿਰਫ਼ ਸੰਚਾਰ ਦੀ ਗਤੀ ਨਹੀਂ ਸਗੋਂ ਇਹ ਪੰਜਾਬੀ ਦੀ ਭੂਗੋਲਿਕ ਮੁੜ ਰਚਨਾ ਹੈ। ਪਹਿਲਾਂ ਛਪਿਆ ਸਫ਼ਾ ਸੀਮਤ ਸੀ, ਹੁਣ ਡਿਜੀਟਲ ਸਫ਼ਾ ਬੇਹੱਦ ਸੰਭਾਵਨਾਵਾਂ ਭਰਪੂਰ ਹੈ। ਛਪੇ ਹੋਏ ਅਖ਼ਬਾਰ ਦੀ ਆਪਣੀ ਹੱਦ ਹੁੰਦੀ ਹੈ। ਇੱਕ ਕਿਤਾਬ ਤੇ ਇੱਕ ਰਸਾਲੇ ਦੀ ਸਰਕੁਲੇਸ਼ਨ ਹੁੰਦੀ ਹੈ ਪਰ ਡਿਜੀਟਲ ਸਮੱਗਰੀ ਲਈ ਪਾਠਕ ਦੀ ਗਿਣਤੀ ਦੀ ਕੋਈ ਅਜਿਹੀ ਭੌਤਿਕ ਸੀਮਾ ਨਹੀਂ ਹੈ। ਪੰਜਾਬੀ ਵਿਕੀਪੀਡੀਆ ਇਸ ਬਦਲਾਅ ਦਾ ਇੱਕ ਦਿਲਚਸਪ ਉਦਾਹਰਣ ਹੈ। 2012 ਵਿੱਚ ਇਸ ਉੱਤੇ ਲਗਪਗ 2,400 ਲੇਖ ਸਨ। ਅੱਜ ਦੇ ਅਧਿਐਨ ਅਨੁਸਾਰ ਇਸ ਵਿੱਚ 33,000 ਤੋਂ ਵੱਧ ਲੇਖ ਹਨ ਅਤੇ ਹਜ਼ਾਰਾਂ ਰਜਿਸਟਰਡ ਉਪਭੋਗਤਾ ਇਸ ਨਾਲ ਜੁੜੇ ਹੋਏ ਹਨ। ਇਸ ਦਾ ਅਰਥ ਇਹ ਹੈ ਕਿ ਪੰਜਾਬੀ ਦਾ ਗਿਆਨ ਹੁਣ ਸਿਰਫ਼ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਵਿੱਚ ਨਹੀਂ ਸਗੋਂ ਇਤਿਹਾਸ, ਭੂਗੋਲ, ਵਿਗਿਆਨ, ਸਾਹਿਤ, ਕਲਾ, ਸ਼ਖ਼ਸੀਅਤਾਂ ਅਤੇ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਪੰਜਾਬੀ ਵਿੱਚ ਡਿਜੀਟਲ ਰੂਪ ਵਿੱਚ ਸੰਭਾਲੀ ਜਾ ਰਹੀ ਹੈ।
ਅੱਜ ਹੋਰ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਗਿਆਨ ਨੂੰ ਕੋਈ ਇੱਕ ਸੰਪਾਦਕ ਨਹੀਂ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਠੇ ਲੋਕ ਮਿਲ ਕੇ ਤਿਆਰ ਕਰ ਰਹੇ ਹਨ। ਇਹ ਭਾਸ਼ਾ ਦੀ ਜਮਹੂਰੀ ਗਿਆਨ ਵਿਵਸਥਾ ਦਾ ਨਵਾਂ ਮਾਡਲ ਹੈ। ਹੁਣ ਪੰਜਾਬੀ ਸਿਰਫ਼ ਪੜ੍ਹੀ ਹੀ ਨਹੀਂ ਜਾਂਦੀ, ਸੁਣੀ ਅਤੇ ਦੇਖੀ ਵੀ ਜਾਂਦੀ ਹੈ। ਅੱਜ ਇੱਕ ਪੰਜਾਬੀ ਲੇਖਕ ਆਪਣੀ ਕਵਿਤਾ ਕਿਤਾਬ ਵਿੱਚ ਛਪਵਾਉਣ ਦੇ ਨਾਲ ਯੂਟਿਊਬ ’ਤੇ ਪੜ੍ਹ ਸਕਦਾ ਹੈ। ਇੱਕ ਇਤਿਹਾਸਕਾਰ ਆਪਣਾ ਲੈਕਚਰ ਪੌਡਕਾਸਟ ਬਣਾ ਸਕਦਾ ਹੈ। ਇੱਕ ਅਧਿਆਪਕ ਪੰਜਾਬੀ ਵਿੱਚ ਔਨਲਾਈਨ ਕਲਾਸ ਚਲਾ ਸਕਦਾ ਹੈ। ਇੱਕ ਪੱਤਰਕਾਰ ਆਪਣੇ ਵਿਚਾਰ ਨੂੰ ਅਖ਼ਬਾਰ ਤੋਂ ਇਲਾਵਾ ਵੀਡੀਓ ਅਤੇ ਡਿਜੀਟਲ ਪਲੈਟਫਾਰਮ ਰਾਹੀਂ ਲੱਖਾਂ ਲੋਕਾਂ ਤੱਕ ਪਹੁੰਚਾ ਸਕਦਾ ਹੈ। ਅੱਜ ਇਸ ਬਦਲਾਅ ਨੇ ਪੰਜਾਬੀ ਵਿੱਚ ਬੋਲਣ ਵਾਲੀ ਪੱਤਰਕਾਰੀ ਅਤੇ ਸੁਣਨ ਵਾਲੇ ਸਾਹਿਤ ਲਈ ਵੀ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
ਅੱਜ ਪੰਜਾਬੀ ਸਾਹਿਤ ਦੀ ਰਚਨਾ ਲਈ ਇੱਕ ਨਵੀਂ ਦੁਨੀਆ ਪੈਦਾ ਹੋ ਗਈ ਹੈ। ਪੰਜਾਬੀ ਸਾਹਿਤ ਸਾਹਮਣੇ ਡਿਜੀਟਲ ਯੁੱਗ ਦਾ ਸਭ ਤੋਂ ਵੱਡਾ ਮੌਕਾ ਹੈ- ਪੁਰਾਣੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਤੇ ਅਣਗਿਣਤ ਰਚਨਾਕਾਰਾਂ ਦੀ ਵਿਰਾਸਤ ਨੂੰ ਡਿਜੀਟਲ ਆਰਕਾਈਵਜ਼ ਰਾਹੀਂ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕਦਾ ਹੈ। ਅੱਜ ਕੋਈ ਲਾਇਬ੍ਰੇਰੀ ਵਿੱਚ ਪੁਰਾਣੀ ਕਿਤਾਬ ਲੱਭਣ ਦੀ ਬਜਾਏ ਮੋਬਾਈਲ ’ਤੇ ਕਿਸੇ ਕਵੀ ਦੀ ਰਚਨਾ ਲੱਭ ਸਕਦਾ ਹੈ, ਪਰ ਇੱਥੇ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਡਿਜੀਟਲ ਰੂਪਾਂਤਰਣ ਸਿਰਫ਼ ਪੀ ਡੀ ਐੱਫ ਬਣਾਉਣ ਦਾ ਨਾਮ ਨਹੀਂ। ਉਸ ਦਾ ਸਹੀ ਪਾਠ, ਸਹੀ ਲੇਖਕ, ਸਹੀ ਸਰੋਤ ਅਤੇ ਕਾਪੀਰਾਈਟ ਦਾ ਸਨਮਾਨ ਵੀ ਓਨਾ ਹੀ ਜ਼ਰੂਰੀ ਹੈ।
ਅੱਜ ਪੰਜਾਬੀ ਪੱਤਰਕਾਰੀ ਦਾ ਨਵਾਂ ਦੌਰ ਹੈ। ਪੰਜਾਬੀ ਪੱਤਰਕਾਰੀ ਲਈ ਇੰਟਰਨੈੱਟ ਵਰਦਾਨ ਵੀ ਹੈ ਅਤੇ ਇਮਤਿਹਾਨ ਵੀ ਹੈ। ਅੱਜ ਪੰਜਾਬੀ ਦੇ ਅਖ਼ਬਾਰਾਂ ਅਤੇ ਨਿਊਜ਼ ਪੋਰਟਲਾਂ ਕੋਲ ਆਪਣੀ ਪਹੁੰਚ ਵਧਾਉਣ ਦਾ ਮੌਕਾ ਹੈ। ਇੱਕ ਖ਼ਬਰ ਸਿਰਫ਼ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਜਾਂ ਚੰਡੀਗੜ੍ਹ ਤੱਕ ਸੀਮਿਤ ਨਹੀਂ ਰਹਿੰਦੀ। ਉਹ ਟੋਰਾਂਟੋ, ਵੈਨਕੂਵਰ, ਬਰਮਿੰਘਮ, ਨਿਊਯਾਰਕ ਜਾਂ ਮੈਲਬਰਨ ਵਿੱਚ ਬੈਠੇ ਪੰਜਾਬੀਆਂ ਤੱਕ ਵੀ ਸਕਿੰਟ ਵਿੱਚ ਪਹੁੰਚ ਸਕਦੀ ਹੈ ਪਰ ਡਿਜੀਟਲ ਪੱਤਰਕਾਰੀ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਵਿਊਜ਼ ਦੀ ਦੌੜ। ਜਿਹੜੀ ਸੁਰਖ਼ੀ ਉਤੇਜਕ ਹੋਵੇ, ਜਿਹੜੀ ਵੀਡੀਓ ਭਾਵਨਾਵਾਂ ਨੂੰ ਭੜਕਾਏ ਜਾਂ ਜਿਹੜੀ ਗੱਲ ਵਿਵਾਦ ਪੈਦਾ ਕਰੇ, ਉਹ ਤੇਜ਼ੀ ਨਾਲ ਫੈਲ ਸਕਦੀ ਹੈ। ਇਸ ਨਾਲ ਗੰਭੀਰ ਅਤੇ ਤੱਥ ਆਧਾਰਿਤ ਪੱਤਰਕਾਰੀ ਨੂੰ ਨੁਕਸਾਨ ਹੋ ਸਕਦਾ ਹੈ।
ਇਸ ਲਈ ਪੰਜਾਬੀ ਦੀ ਡਿਜੀਟਲ ਪੱਤਰਕਾਰੀ ਨੂੰ ਅਗਲੇ ਪੜਾਅ ਵਿੱਚ ਤੇਜ਼ ਹੋਣ ਦੇ ਨਾਲ-ਨਾਲ ਭਰੋਸੇਯੋਗ ਵੀ ਹੋਣਾ ਪਵੇਗਾ। ਇੰਟਰਨੈੱਟ ਨੇ ਹਰ ਵਿਅਕਤੀ ਨੂੰ ਬੋਲਣ ਦਾ ਮੰਚ ਦਿੱਤਾ ਹੈ, ਪਰ ਪੱਤਰਕਾਰੀ ਦੀ ਅਸਲ ਪਛਾਣ ਅਜੇ ਵੀ ਤੱਥ, ਪੜਤਾਲ ਅਤੇ ਜ਼ਿੰਮੇਵਾਰੀ ਹੀ ਰਹੇਗੀ। ਅੱਜ ਡਿਜੀਟਲ ਯੁੱਗ ਨੇ ਪੰਜਾਬੀ ਸਾਹਮਣੇ ਇੱਕ ਹੋਰ ਦਿਲਚਸਪ ਸਵਾਲ ਖੜ੍ਹਾ ਕੀਤਾ ਹੈ- ਗੁਰਮੁਖੀ ਜਾਂ ਰੋਮਨ? ਹੁਣ ਮੋਬਾਈਲ ’ਤੇ ਬਹੁਤ ਸਾਰੇ ਨੌਜਵਾਨ ਪੰਜਾਬੀ ਨੂੰ ਰੋਮਨ ਲਿਪੀ ਵਿੱਚ ਲਿਖਦੇ ਹਨ। ਇਸ ਨੂੰ ਸਿਰਫ਼ ਭਾਸ਼ਾ ਦਾ ਪਤਨ ਕਹਿ ਦੇਣਾ ਠੀਕ ਨਹੀਂ ਹੋਵੇਗਾ। ਇਹ ਡਿਜੀਟਲ ਸੰਚਾਰ ਦਾ ਇੱਕ ਨਵਾਂ ਰੂਪ ਹੈ ਪਰ ਜੇ ਪੰਜਾਬੀ ਦਾ ਭਵਿੱਖ ਸਿਰਫ਼ ਰੋਮਨ ਲਿਪੀ ਵਿੱਚ ਚਲਾ ਗਿਆ ਤਾਂ ਗੁਰਮੁਖੀ ਦੀ ਸਾਹਿਤਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਦੂਰੀ ਪੈਦਾ ਹੋ ਸਕਦੀ ਹੈ। ਇਸ ਲਈ ਹੱਲ ਟਕਰਾਅ ਨਹੀਂ, ਸਹਿ-ਅਸਤਿਤਵ ਹੈ। ਰੋਮਨ ਪੰਜਾਬੀ ਨੂੰ ਡਿਜੀਟਲ ਵਰਤੋਂ ਦਾ ਇੱਕ ਰੂਪ ਮੰਨਦੇ ਹੋਏ ਗੁਰਮੁਖੀ ਨੂੰ ਗਿਆਨ, ਸਾਹਿਤ, ਸਿੱਖਿਆ ਅਤੇ ਅਧਿਕਾਰਤ ਡਿਜੀਟਲ ਸਮੱਗਰੀ ਦੀ ਮਜ਼ਬੂਤ ਲਿਪੀ ਬਣਾਈ ਰੱਖਣਾ ਹੋਵੇਗਾ।
ਹੁਣ ਪੰਜਾਬੀ ਦੇ ਭਵਿੱਖ ਦਾ ਸਭ ਤੋਂ ਵੱਡਾ ਮੋੜ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ। 2024 ਦੇ ਅਧਿਐਨ ਅਨੁਸਾਰ ਭਾਰਤ ਦੇ 10 ਵਿੱਚੋਂ ਲਗਪਗ 9 ਇੰਟਰਨੈੱਟ ਉਪਭੋਗਤਾ ਏ ਆਈ-ਸੁਵਿਧਾਵਾਂ ਵਾਲੀਆਂ ਐਪਲੀਕੇਸ਼ਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸੰਪਰਕ ਕਰ ਚੁੱਕੇ ਸਨ। ਅੱਜ ਇਸ ਦਾ ਪੰਜਾਬੀ ਉੱਤੇ ਪ੍ਰਭਾਵ ਅਸਾਧਾਰਨ ਹੋ ਸਕਦਾ ਹੈ। ਕਲਪਨਾ ਕਰੋ ਕਿ ਇੱਕ ਕਿਸਾਨ ਪੰਜਾਬੀ ਵਿੱਚ ਮੋਬਾਈਲ ਨੂੰ ਪੁੱਛੇ, “ਕੱਲ੍ਹ ਮੇਰੇ ਇਲਾਕੇ ਵਿੱਚ ਮੀਂਹ ਪੈਣ ਦੀ ਕਿੰਨੀ ਸੰਭਾਵਨਾ ਹੈ?” ਅਤੇ ਜਵਾਬ ਪੰਜਾਬੀ ਵਿੱਚ ਮਿਲੇ। ਇੱਕ ਵਿਦਿਆਰਥੀ ਪੰਜਾਬੀ ਵਿੱਚ ਸਵਾਲ ਕਰੇ ਅਤੇ ਏ ਆਈ ਉਸ ਨੂੰ ਸਮਝਾ ਕੇ ਜਵਾਬ ਦੇਵੇ। ਇੱਕ ਬਜ਼ੁਰਗ ਵਿਅਕਤੀ ਟਾਈਪ ਕਰਨ ਦੀ ਬਜਾਏ ਪੰਜਾਬੀ ਵਿੱਚ ਬੋਲੇ ਅਤੇ ਮਸ਼ੀਨ ਉਸ ਦੀ ਗੱਲ ਸਮਝ ਲਵੇ। ਇੱਕ ਪੱਤਰਕਾਰ ਪੰਜਾਬੀ ਇੰਟਰਵਿਊ ਦੀ ਆਵਾਜ਼ ਨੂੰ ਲਿਖਤ ਵਿੱਚ ਬਦਲ ਸਕੇ। ਇੱਕ ਅਧਿਆਪਕ ਪੰਜਾਬੀ ਵਿੱਚ ਪਾਠ ਸਮੱਗਰੀ ਤਿਆਰ ਕਰ ਸਕੇ। ਹੁਣ ਇਹ ਸਿਰਫ਼ ਸੁਵਿਧਾ ਨਹੀਂ, ਇਹ ਭਾਸ਼ਾਈ ਸਮਾਨਤਾ ਵੱਲ ਕਦਮ ਹੋਵੇਗਾ ਪਰ ਇਸ ਲਈ ਏ ਆਈ ਨੂੰ ਪੰਜਾਬੀ ਦਾ ਵੱਡਾ ਅਤੇ ਗੁਣਵੱਤਾਪੂਰਨ ਡੇਟਾ ਚਾਹੀਦਾ ਹੈ। ਸ਼ਬਦਕੋਸ਼, ਵਿਆਕਰਣ, ਸਾਹਿਤ, ਅਖ਼ਬਾਰ, ਲੋਕ ਗੀਤ, ਬੋਲੀ, ਆਡੀਓ ਰਿਕਾਰਡਿੰਗ, ਇਤਿਹਾਸਕ ਦਸਤਾਵੇਜ਼ ਅਤੇ ਆਧੁਨਿਕ ਲਿਖਤ- ਇਹ ਸਭ ਏ ਆਈ ਲਈ ਭਾਸ਼ਾਈ ਸਰੋਤ ਬਣ ਸਕਦੇ ਹਨ। ਅੱਜ ਜਿਹੜੀ ਭਾਸ਼ਾ ਡਿਜੀਟਲ ਡੇਟਾ ਵਿੱਚ ਗ਼ਰੀਬ ਹੋਵੇਗੀ, ਏ ਆਈ ਦੇ ਯੁੱਗ ਵਿੱਚ ਉਹ ਭਾਸ਼ਾ ਵੀ ਪਿੱਛੇ ਰਹਿ ਸਕਦੀ ਹੈ। ਇਸ ਲਈ ਪੰਜਾਬੀ ਦਾ ਭਵਿੱਖ ਹੁਣ ਸਿਰਫ਼ ਸਾਹਿਤਕਾਰਾਂ ਦੀ ਜ਼ਿੰਮੇਵਾਰੀ ਨਹੀਂ। ਇਸ ਵਿੱਚ ਯੂਨੀਵਰਸਿਟੀਆਂ, ਸਰਕਾਰ, ਤਕਨੀਕੀ ਸੰਸਥਾਵਾਂ, ਮੀਡੀਆ, ਉਦਯੋਗ, ਸੌਫਟਵੇਅਰ ਮਾਹਿਰਾਂ ਅਤੇ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਨੂੰ ਇਕੱਠੇ ਕੰਮ ਕਰਨਾ ਪਵੇਗਾ।
ਹੁਣ ਪੰਜਾਬੀ ਲਈ ਡਿਜੀਟਲ ਸ਼ਬਦ ਭੰਡਾਰ ਦੀ ਲੋੜ ਹੈ ਤੇ ਪੰਜਾਬੀ ਲਈ ਆਉਣ ਵਾਲੇ ਸਮੇਂ ਦੀ ਇੱਕ ਵੱਡੀ ਲੋੜ ਇੱਕ ਵਿਸ਼ਾਲ ਡਿਜੀਟਲ ਭਾਸ਼ਾ ਭੰਡਾਰ ਤਿਆਰ ਕਰਨਾ ਹੈ। ਇੱਕ ਅਜਿਹਾ ਭੰਡਾਰ ਜਿਸ ਵਿੱਚ ਪੰਜਾਬੀ ਦੇ ਪੁਰਾਣੇ ਅਤੇ ਨਵੇਂ ਸ਼ਬਦ ਹੋਣ, ਮੁਹਾਵਰੇ ਹੋਣ, ਲੋਕ ਬੋਲੀਆਂ ਹੋਣ, ਮਾਲਵੇ, ਮਾਝੇ ਅਤੇ ਦੁਆਬੇ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ ਹੋਣ, ਪੇਂਡੂ ਸ਼ਬਦਾਵਲੀ ਹੋਵੇ, ਵਿਗਿਆਨਕ ਤੇ ਤਕਨੀਕੀ ਸ਼ਬਦਾਵਲੀ ਹੋਵੇ ਅਤੇ ਆਧੁਨਿਕ ਪੱਤਰਕਾਰੀ ਦੀ ਭਾਸ਼ਾ ਵੀ ਹੋਵੇ। ਅੱਜ ਜੇ ਕੋਈ ਏ ਆਈ ਸਿਸਟਮ ਪੰਜਾਬੀ ਵਿੱਚ ‘ਖੇਤ’, ‘ਵੱਟ’, ‘ਖਾਲ਼’, ‘ਮੋਘਾ’, ‘ਟਿੱਬਾ’, ‘ਚੋਅ’, ‘ਸਾਂਝੀ’, ‘ਛੱਪੜ’ ਜਾਂ ‘ਚਰ੍ਹੀ’ ਵਰਗੇ ਸ਼ਬਦਾਂ ਦਾ ਸਹੀ ਸੱਭਿਆਚਾਰਕ ਅਰਥ ਨਹੀਂ ਸਮਝਦਾ ਤਾਂ ਉਹ ਪੰਜਾਬ ਦੀ ਪੂਰੀ ਜ਼ਿੰਦਗੀ ਨੂੰ ਨਹੀਂ ਸਮਝ ਸਕਦਾ। ਇਸ ਲਈ ਪੰਜਾਬੀ ਏ ਆਈ ਦਾ ਅਰਥ ਸਿਰਫ਼ ਪੰਜਾਬੀ ਵਿੱਚ ਅਨੁਵਾਦ ਨਹੀਂ। ਪੰਜਾਬੀ ਏ ਆਈ ਦਾ ਅਰਥ ਪੰਜਾਬੀ ਸਮਾਜ ਦੀ ਯਾਦ, ਭਾਸ਼ਾ ਅਤੇ ਸੱਭਿਆਚਾਰ ਨੂੰ ਮਸ਼ੀਨ ਦੀ ਸਮਝ ਵਿੱਚ ਲਿਆਉਣਾ ਹੈ।
ਪੰਜਾਬੀ ਦੇ ਡਿਜੀਟਲ ਭਵਿੱਖ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਅੱਜ ਪੰਜਾਬੀ ਵਿਕੀਪੀਡੀਆ ਦੀ ਕਹਾਣੀ ਦੱਸਦੀ ਹੈ ਕਿ ਜਦੋਂ ਵਿਦਿਆਰਥੀ ਅਤੇ ਭਾਸ਼ਾ ਪ੍ਰੇਮੀ ਇਕੱਠੇ ਹੁੰਦੇ ਹਨ ਤਾਂ ਡਿਜੀਟਲ ਸਮੱਗਰੀ ਦਾ ਵੱਡਾ ਭੰਡਾਰ ਤਿਆਰ ਹੋ ਸਕਦਾ ਹੈ। ਹੁਣ ਇਸ ਮਾਡਲ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਣ ਦੀ ਲੋੜ ਹੈ। ਅੱਜ ਪੰਜਾਬੀ ਦਾ ਭਵਿੱਖ ਸਿਰਫ਼ ਪੰਜਾਬ ਵਿੱਚ ਨਹੀਂ ਹੈ। ਇੰਟਰਨੈੱਟ ਨੇ ਇੱਕ ਹੋਰ ਵੱਡੀ ਸੰਭਾਵਨਾ ਪੈਦਾ ਕੀਤੀ ਹੈ- ਵਿਸ਼ਵ ਭਰ ਵਿੱਚ ਪੰਜਾਬੀ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਹੈ। ਹੁਣ ਕੈਨੇਡਾ ਵਿੱਚ ਬੈਠਾ ਪੰਜਾਬੀ ਅਧਿਆਪਕ ਪੰਜਾਬ ਦੇ ਵਿਦਿਆਰਥੀਆਂ ਨੂੰ ਪੜ੍ਹਾ ਸਕਦਾ ਹੈ। ਲੁਧਿਆਣਾ ਦਾ ਡਿਜ਼ਾਈਨਰ ਕੈਲੀਫੋਰਨੀਆ ਦੇ ਗਾਹਕ ਲਈ ਕੰਮ ਕਰ ਸਕਦਾ ਹੈ। ਅੰਮ੍ਰਿਤਸਰ ਦਾ ਲੇਖਕ ਲੰਡਨ ਵਿੱਚ ਆਪਣੀ ਕਿਤਾਬ ਵੇਚ ਸਕਦਾ ਹੈ। ਮੋਗਾ ਦੀ ਕੋਈ ਮਹਿਲਾ ਆਪਣੇ ਘਰ ਬਣੇ ਉਤਪਾਦ ਨੂੰ ਔਨਲਾਈਨ ਦੁਨੀਆ ਭਰ ਵਿੱਚ ਵੇਚ ਸਕਦੀ ਹੈ। ਇਸ ਲਈ ਪੰਜਾਬੀ ਡਿਜੀਟਲ ਮੰਡੀ ਸਿਰਫ਼ ਭਾਸ਼ਾ ਦਾ ਮਾਮਲਾ ਹੀ ਨਹੀਂ, ਇਹ ਇੱਕ ਆਰਥਿਕ ਮੌਕਾ ਵੀ ਹੈ। ਹੁਣ ਪੰਜਾਬੀ ਵਿੱਚ ਈ-ਕਾਮਰਸ, ਸਥਾਨਕ ਕਾਰੋਬਾਰ, ਖੇਤੀਬਾੜੀ ਸਲਾਹ, ਟੂਰਿਜ਼ਮ, ਧਾਰਮਿਕ ਯਾਤਰਾ, ਸੱਭਿਆਚਾਰਕ ਉਤਪਾਦ ਅਤੇ ਸਿੱਖਿਆ ਲਈ ਡਿਜੀਟਲ ਪਲੈਟਫਾਰਮ ਬਣ ਸਕਦੇ ਹਨ, ਪਰ ਇੱਕ ਵੱਡਾ ਖ਼ਤਰਾ ਵੀ ਹੈ- ਪੰਜਾਬੀ ਸਿਰਫ਼ ਮਨੋਰੰਜਨ ਤੇ ਘਟੀਆ ਕਾਮੇਡੀ ਦੀ ਭਾਸ਼ਾ ਨਾ ਬਣ ਜਾਵੇ।
ਅੱਜ ਪੰਜਾਬੀ ਦੀ ਡਿਜੀਟਲ ਮੌਜੂਦਗੀ ਵਧ ਰਹੀ ਹੈ, ਪਰ ਇਸ ਦੀ ਗੁਣਵੱਤਾ ਬਾਰੇ ਗੰਭੀਰ ਸੋਚ ਦੀ ਲੋੜ ਹੈ। ਜੇ ਪੰਜਾਬੀ ਇੰਟਰਨੈੱਟ ਉੱਤੇ ਸਿਰਫ਼ ਗੀਤ, ਮਜ਼ਾਕ, ਰੀਲਾਂ, ਵਿਵਾਦ ਅਤੇ ਛੋਟੀਆਂ ਵੀਡੀਓਜ਼ ਤੱਕ ਸੀਮਿਤ ਰਹਿ ਗਈ ਤਾਂ ਇਸ ਦੀ ਸੰਭਾਵਨਾ ਅਧੂਰੀ ਰਹੇਗੀ। ਕਿਸੇ ਭਾਸ਼ਾ ਦੀ ਅਸਲ ਤਾਕਤ ਉਸ ਦੇ ਮਨੋਰੰਜਨ ਨਾਲ ਨਹੀਂ, ਉਸ ਦੇ ਗਿਆਨ ਨਾਲ ਮਾਪੀ ਜਾਂਦੀ ਹੈ। ਕੀ ਪੰਜਾਬੀ ਵਿੱਚ ਵਿਸ਼ਵ-ਪੱਧਰੀ ਵਿਗਿਆਨਕ ਸਮੱਗਰੀ ਹੈ? ਕੀ ਅੱਜ ਪੰਜਾਬੀ ਵਿੱਚ ਵਿਸ਼ਵ ਇਤਿਹਾਸ, ਅਰਥਸ਼ਾਸਤਰ, ਰਾਜਨੀਤੀ ਅਤੇ ਦਰਸ਼ਨ ਦਾ ਵਿਸ਼ਾਲ ਡਿਜੀਟਲ ਸਾਹਿਤ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਹੀ ਪੰਜਾਬੀ ਦੇ ਡਿਜੀਟਲ ਭਵਿੱਖ ਦੀ ਅਸਲ ਤਸਵੀਰ ਤਿਆਰ ਕਰਨਗੇ।
ਅੱਜ ਪੰਜਾਬੀ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ ਨੌਜਵਾਨ ਕਰਨਗੇ। ਅੱਜ ਦੀ ਜੈੱਨ ਜ਼ੀ ਅਤੇ ਆਉਣ ਵਾਲੀ ਜੈੱਨ ਅਲਫਾ ਪੀੜ੍ਹੀ ਪੰਜਾਬੀ ਨੂੰ ਕਿਵੇਂ ਵਰਤੇਗੀ, ਇਹ ਬਹੁਤ ਮਹੱਤਵਪੂਰਨ ਹੈ। ਜੇ ਪੰਜਾਬੀ ਨੂੰ ਸਿਰਫ਼ ਘਰ ਵਿੱਚ ਬੋਲਣ ਦੀ ਭਾਸ਼ਾ ਅਤੇ ਅੰਗਰੇਜ਼ੀ ਨੂੰ ਗਿਆਨ ਤੇ ਰੁਜ਼ਗਾਰ ਦੀ ਭਾਸ਼ਾ ਸਮਝਿਆ ਗਿਆ ਤਾਂ ਡਿਜੀਟਲ ਯੁੱਗ ਵਿੱਚ ਪੰਜਾਬੀ ਦੀ ਭੂਮਿਕਾ ਸੀਮਿਤ ਹੋ ਸਕਦੀ ਹੈ ਪਰ ਜੇ ਨੌਜਵਾਨ ਪੰਜਾਬੀ ਵਿੱਚ ਕੋਡਿੰਗ ਸਿੱਖਣ, ਡਿਜੀਟਲ ਕਾਰੋਬਾਰ ਚਲਾਉਣ ਅਤੇ ਏ ਆਈ ਮਾਡਲਾਂ ਲਈ ਡੇਟਾ ਤਿਆਰ ਕਰਨ ਲੱਗ ਪੈਣ ਤਾਂ ਤਸਵੀਰ ਪੂਰੀ ਤਰ੍ਹਾਂ ਬਦਲ ਸਕਦੀ ਹੈ। ਇੱਥੇ ਇੱਕ ਨਵਾਂ ਵਿਚਾਰ ਪੈਦਾ ਕਰਨਾ ਹੋਵੇਗਾ- ਪੰਜਾਬੀ ਪੁਰਾਣੀ ਭਾਸ਼ਾ ਨਹੀਂ, ਨਵੀਂ ਤਕਨਾਲੋਜੀ ਦੀ ਭਾਸ਼ਾ ਵੀ ਹੋ ਸਕਦੀ ਹੈ। ਹੁਣ ਭਵਿੱਖ ਵਿੱਚ ਪੰਜਾਬੀ ਨੂੰ ਡਿਜੀਟਲ ਤੌਰ ’ਤੇ ਮਜ਼ਬੂਤ ਕਰਨ ਲਈ ਕੁਝ ਵੱਡੇ ਕਦਮ ਲਾਜ਼ਮੀ ਹਨ। ਪਹਿਲਾ, ਪੰਜਾਬੀ ਦੀਆਂ ਪੁਰਾਣੀਆਂ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ, ਹੱਥ ਲਿਖਤਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਦਾ ਵੱਡੇ ਪੱਧਰ ’ਤੇ ਡਿਜੀਟਲੀਕਰਨ ਹੋਵੇ। ਦੂਜਾ, ਪੰਜਾਬੀ ਲਈ ਮਿਆਰੀ ਏ ਆਈ ਅਤੇ ਤਿਆਰ ਕੀਤਾ ਜਾਵੇ। ਤੀਜਾ, ਗੁਰਮੁਖੀ ਲਈ ਵਧੀਆ, ਅਤੇ ਪ੍ਰਣਾਲੀਆਂ ਬਣਾਈਆਂ ਜਾਣ। ਚੌਥਾ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਡਿਜੀਟਲ ਸਾਖਰਤਾ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਪੰਜਵਾਂ, ਪੰਜਾਬੀ ਵਿੱਚ ਵਿਗਿਆਨ, ਤਕਨਾਲੋਜੀ, ਕਾਨੂੰਨ, ਸਿਹਤ, ਅਰਥਵਿਵਸਥਾ ਅਤੇ ਨਾਗਰਿਕ ਸੇਵਾਵਾਂ ਦੀ ਗੁਣਵੱਤਾ ਵਾਲੀ ਸਮੱਗਰੀ ਵਧਾਈ ਜਾਵੇ। ਛੇਵਾਂ, ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਨੂੰ ਇੱਕ ਡਿਜਟਲ ਨੈੱਟਵਰਕ ਵਿੱਚ ਜੋੜਿਆ ਜਾਵੇ ਅਤੇ ਸਭ ਤੋਂ ਵੱਧ- ਪੰਜਾਬੀ ਨੂੰ ਕੇਵਲ ਭਾਵਨਾ ਨਹੀਂ, ਤਕਨਾਲੋਜੀ ਅਤੇ ਗਿਆਨ ਦੀ ਭਾਸ਼ਾ ਬਣਾਉਣ ਦਾ ਸੰਕਲਪ ਲਿਆ ਜਾਵੇ।
ਅੱਜ ਸਾਨੂੰ ਯਾਦ ਰੱਖਣਾ ਹੋਵੇਗਾ ਕਿ ਪੰਜਾਬੀ ਦਾ ਅਗਲਾ ਸਫ਼ਾ ਕਾਗਜ਼ ’ਤੇ ਨਹੀਂ, ਕੋਡ ਵਿੱਚ ਲਿਖਿਆ ਜਾਵੇਗਾ। ਪੰਜਾਬੀ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਹ ਭਾਸ਼ਾ ਸਮੇਂ ਦੇ ਨਾਲ ਚੱਲਣ ਦੀ ਸਮਰੱਥਾ ਰੱਖਦੀ ਹੈ। ਇਸ ਨੇ ਮੌਖਿਕ ਪਰੰਪਰਾ ਤੋਂ ਲਿਖਤ ਤੱਕ, ਹੱਥ ਲਿਖਤ ਤੋਂ ਛਾਪਾਖਾਨੇ ਤੱਕ ਅਤੇ ਅਖ਼ਬਾਰ ਤੋਂ ਟੈਲੀਵਿਜ਼ਨ ਤੱਕ ਦੀ ਯਾਤਰਾ ਕੀਤੀ ਹੈ। ਹੁਣ ਇਸ ਦੀ ਸਭ ਤੋਂ ਵੱਡੀ ਯਾਤਰਾ ਡਿਜੀਟਲ ਦੁਨੀਆ ਵਿੱਚ ਹੋ ਰਹੀ ਹੈ।
ਅੱਜ ਭਾਰਤ ਵਿੱਚ 95.8 ਕਰੋੜ ਇੰਟਰਨੈੱਟ ਉਪਭੋਗਤਾ ਅਤੇ ਉਨ੍ਹਾਂ ਵਿੱਚੋਂ 54.8 ਕਰੋੜ ਪੇਂਡੂ ਉਪਭੋਗਤਾ ਇਹ ਦੱਸਦੇ ਹਨ ਕਿ ਡਿਜੀਟਲ ਭਾਰਤ ਹੁਣ ਸਿਰਫ਼ ਮਹਾਨਗਰਾਂ ਦੀ ਕਹਾਣੀ ਨਹੀਂ। ਜਦੋਂ ਭਾਰਤ ਦੇ 98 ਫ਼ੀਸਦੀ ਇੰਟਰਨੈੱਟ ਉਪਭੋਗਤਾ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਭਾਸ਼ਾਵਾਂ ਦੀ ਸਮੱਗਰੀ ਨਾਲ ਜੁੜ ਰਹੇ ਹਨ ਤਾਂ ਪੰਜਾਬੀ ਲਈ ਮੌਕਾ ਵੀ ਵਿਸ਼ਾਲ ਹੈ ਪਰ ਮੌਕਾ ਆਪਣੇ ਆਪ ਭਵਿੱਖ ਨਹੀਂ ਬਣਾਉਂਦਾ।
ਪੰਜਾਬੀ ਦਾ ਭਵਿੱਖ ਉਦੋਂ ਮਜ਼ਬੂਤ ਹੋਵੇਗਾ ਜਦੋਂ ਪੰਜਾਬੀ ਵਿੱਚ ਸਿਰਫ਼ ਹਜ਼ਾਰਾਂ ਨਵੀਆਂ ਰੀਲਾਂ ਨਹੀਂ, ਹਜ਼ਾਰਾਂ ਨਵੇਂ ਗਿਆਨ ਸਰੋਤ ਵੀ ਬਣਨਗੇ; ਜਦੋਂ ਪੰਜਾਬੀ ਸਿਰਫ਼ ਗੀਤ ਸੁਣਨ ਦੀ ਨਹੀਂ, ਵਿਗਿਆਨ ਸਮਝਣ ਦੀ ਭਾਸ਼ਾ ਹੋਵੇਗੀ ਜਦੋਂ ਬੱਚਾ ਪੰਜਾਬੀ ਵਿੱਚ ਏ ਆਈ ਨਾਲ ਗੱਲ ਕਰ ਸਕੇਗਾ, ਜਦੋਂ ਕਿਸਾਨ ਪੰਜਾਬੀ ਵਿੱਚ ਡਿਜੀਟਲ ਸਲਾਹ ਲੈ ਸਕੇਗਾ ਤੇ ਜਦੋਂ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠਾ ਪੰਜਾਬੀ ਆਪਣੀ ਮਾਂ ਬੋਲੀ ਵਿੱਚ ਗਿਆਨ ਹਾਸਲ ਕਰ ਸਕੇਗਾ।
ਅੱਜ ਪੰਜਾਬੀ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਪੰਜਾਬੀ ਬਚੇਗੀ ਜਾਂ ਨਹੀਂ। ਅਸਲ ਸਵਾਲ ਇਹ ਹੈ ਕਿ ਕੀ ਅਸੀਂ ਪੰਜਾਬੀ ਨੂੰ ਆਉਣ ਵਾਲੀ ਡਿਜੀਟਲ ਸੱਭਿਅਤਾ ਦੀਆਂ ਮੁੱਖ ਭਾਸ਼ਾਵਾਂ ਵਿੱਚ ਸ਼ਾਮਲ ਕਰਵਾ ਸਕਾਂਗੇ ਕਿਉਂਕਿ ਪੰਜਾਬੀ ਦਾ ਅਗਲਾ ਸਫ਼ਾ ਹੁਣ ਸਿਰਫ਼ ਛਪੇ ਹੋਏ ਸਫ਼ਿਆਂ ਉੱਤੇ ਨਹੀਂ ਲਿਖਿਆ ਜਾ ਰਿਹਾ। ਅੱਜ ਉਹ ਮੋਬਾਈਲ ਦੀ ਸਕਰੀਨ ਉੱਤੇ, ਡਿਜੀਟਲ ਡੇਟਾ ਵਿੱਚ, ਏ ਆਈ ਦੀ ਯਾਦ ਵਿੱਚ ਅਤੇ ਦੁਨੀਆ ਭਰ ਦੇ ਪੰਜਾਬੀਆਂ ਦੀਆਂ ਉਂਗਲਾਂ ਨਾਲ ਲਿਖਿਆ ਜਾ ਰਿਹਾ ਹੈ। ਹੁਣ ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਡਿਜੀਟਲ ਸਫ਼ੇ ਉੱਤੇ ਪੰਜਾਬੀ ਦੀ ਸਿਰਫ਼ ਮੌਜੂਦਗੀ ਨਾ ਹੋਵੇ- ਉਸ ਦੀ ਆਪਣੀ ਆਵਾਜ਼, ਆਪਣਾ ਗਿਆਨ, ਆਪਣੀ ਲਿਪੀ ਅਤੇ ਆਪਣੀ ਰੂਹ ਵੀ ਮੌਜੂਦ ਹੋਵੇ।
