ਸਿੰਧੂ ਤੇ ਉੱਨਤੀ ਦੀ ਹਾਰ ਨਾਲ ਟੁੱਟੀਆਂ ਮੈਡਲ ਦੀਆਂ ਉਮੀਦਾਂ, ਚੀਨ ਤੇ ਜਾਪਾਨੀ ਖਿਡਾਰੀਆਂ ਤੋਂ ਹਾਰ ਕੇ ਬੈਡਮਿੰਟਨ ਟੀਮ ਨਾਗੋਯਾ ਤੋਂ ਖ਼ਾਲੀ ਹੱਥ ਪਰਤੇਗੀ

ਸਿੰਧੂ ਨੇ ਮੈਚ ਤੋਂ ਬਾਅਦ ਕਿਹਾ ਕਿ ਸ਼ਾਇਦ ਮੈਂ ਦੂਜੇ ਸੈੱਟ ’ਚ ਹੀ ਮੈਚ ਖ਼ਤਮ ਕਰ ਸਕਦੀ ਸੀ ਪਰ ਨਹੀਂ ਕਰ ਸਕੀ। ਇਹ ਮੈਚ ਆਸਾਨ ਨਹੀਂ ਸੀ, ਇਸ ਵਿਚ ਕਾਫੀ ਲੰਬੀਆਂ ਰੈਲੀਆਂ ਹੋਈਆਂ। ਥੋੜ੍ਹਾ ਦਰਦ ਭਰਿਆ ਹੈ ਪਰ ਮੈਨੂੰ ਇਸ ਤੋਂ ਰਿਕਵਰ ਕਰਨਾ ਹੋਵੇਗਾ
ਨਾਗੋਯਾ: ਪੀਵੀ ਸਿੰਧੂ ਤੇ ਉੱਨਤੀ ਹੁੱਡਾ ਦੀ ਹਾਰ ਦੇ ਨਾਲ ਹੀ ਏਸ਼ਿਆਈ ਖੇਡਾਂ ਦੀ ਸਿੰਗਲਜ਼ ਮੁਕਾਬਲੇਬਾਜ਼ੀ ’ਚ ਭਾਰਤੀ ਬੈਡਮਿੰਟਨ ਟੀਮ ਦਾ ਸਫ਼ਰ ਬਿਨਾਂ ਮੈਡਲ ਦੇ ਹੀ ਖ਼ਤਮ ਹੋਇਆ। ਦੋਵਾਂ ਖਿਡਾਰੀਆਂ ਨੂੰ ਕੁਆਰਟਰ ਫਾਈਨਲ ’ਚ ਹਾਰ ਮਿਲੀ। ਹਾਰ ਤੋਂ ਬਾਅਦ ਸਿੰਧੂ ਨੇ ਪ੍ਰੋਗਰਾਮ ਨਾਲ ਨਾਰਾਜ਼ਗੀ ਵੀ ਜ਼ਾਹਿਰ ਕੀਤੀ, ਜਿਥੇ 24 ਘੰਟਿਆਂ ’ਚ ਉਨ੍ਹਾਂ ਨੂੰ ਤਿੰਨ ਮੈਚ ਖੇਡਣੇ ਪਏ।
ਹਾਂਗਝੂ ’ਚ ਹੋਏ ਪਿਛਲੇ ਐਡੀਸ਼ਨ ’ਚ ਭਾਰਤੀ ਖਿਡਾਰੀਆਂ ਨੇ ਬੈਡਮਿੰਟਨ ’ਚ ਅੱਠ ਮੈਡਲ ਜਿੱਤੇ ਸੀ। ਮਰਦਾਂ ਦੀ ਟੀਮ ਮੁਕਾਬਲੇ ’ਚ ਸਿਲਵਰ, ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਡਬਲਜ਼ ’ਚ ਗੋਲਡ, ਜਦਕਿ ਐੱਚਐੱਸ ਪ੍ਰਣਯ ਨੇ ਸਿੰਗਲਜ਼ ’ਚ ਕਾਂਸੀ ਤਮਗਾ ਜਿੱਤਿਆ ਸੀ। ਹਾਲਾਂਕਿ, ਆਇਚੀ-ਨਾਗੋਯਾ 2026 ਏਸ਼ਿਆਈ ਖੇਡਾਂ ’ਚ ਭਾਰਤ ਦੇ ਹਿੱਸੇ ਸਿਰਫ ਮਰਦ ਟੀਮ ਮੁਕਾਬਲੇਬਾਜ਼ੀ ਦਾ ਕਾਂਸੀ ਤਮਗਾ ਹੀ ਆਇਆ। ਇਨ੍ਹਾਂ ਤੋਂ ਇਲਾਵਾ ਕੋਈ ਵੀ ਭਾਰਤੀ ਬੈਡਮਿੰਟਨ ਖਿਡਾਰੀ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਪਾਇਆ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੂੰ ਟੋਕੀਓ ਓਲੰਪਿਕ ਚੈਂਪੀਅਨ ਚੇਨ ਯੂ ਫੇਈ ਨੇ 21-11, 18-21 ਤੇ 10-21 ਨਾਲ ਮਾਤ ਦਿੱਤੀ। ਪਹਿਲਾ ਸੈੱਟ ਜਿੱਤਣ ਤੋਂ ਬਾਅਦ ਫੇਈ ਤੋਂ ਹਾਰੀ ਸਿੰਧੂ ਨੇ ਮੈਚ ਤੋਂ ਬਾਅਦ ਕਿਹਾ ਕਿ ਸ਼ਾਇਦ ਮੈਂ ਦੂਜੇ ਸੈੱਟ ’ਚ ਹੀ ਮੈਚ ਖ਼ਤਮ ਕਰ ਸਕਦੀ ਸੀ ਪਰ ਨਹੀਂ ਕਰ ਸਕੀ। ਇਹ ਮੈਚ ਆਸਾਨ ਨਹੀਂ ਸੀ, ਇਸ ਵਿਚ ਕਾਫੀ ਲੰਬੀਆਂ ਰੈਲੀਆਂ ਹੋਈਆਂ। ਥੋੜ੍ਹਾ ਦਰਦ ਭਰਿਆ ਹੈ ਪਰ ਮੈਨੂੰ ਇਸ ਤੋਂ ਰਿਕਵਰ ਕਰਨਾ ਹੋਵੇਗਾ। ਸੈਮੀਫਾਈਨਲ ਤੱਕ ਜਾਣਾ ਚੰਗਾ ਰਹਿੰਦਾ ਪਰ ਕੋਈ ਗੱਲ ਨਹੀਂ, ਇਹ ਹੁੰਦਾ ਰਹਿੰਦਾ ਹੈ।
ਇਸ ਤੋਂ ਮਜ਼ਬੂਤ ਵਾਪਸੀ ਕਰਨਾ ਜ਼ਿਆਦਾ ਅਹਿਮ ਹੋਵੇਗਾ। ਦੂਜੇ ਪਾਸੇ, 19 ਸਾਲਾ ਉੱਨਤੀ ਨੂੰ 16-21, 21-14 ਤੇ 17-21 ਨਾਲ ਹਾਰ ਮਿਲੀ। ਉਸ ਨੂੰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਨੇ ਹਰਾਇਆ। ਯਾਮਾਗੁਚੀ ਨੂੰ ਚੰਗੀ ਟੱਕਰ ਦੇਣ ਦੇ ਬਾਵਜੂਦ ਹੁੱਡਾ ਹੱਥ ਨਿਰਾਸ਼ਾ ਹੀ ਲੱਗੀ ਤੇ ਉਹ ਜਾਪਾਨ ਤੋਂ ਖਾਲੀ ਹੱਥ ਪਰਤੇਗੀ। ਮਹਿਲਾ ਡਬਲਜ਼ ’ਚ ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਨੂੰ 18-21, 9-21 ਨਾਲ, ਜਦਕਿ ਮਿਕਸਡ ਡਬਲਜ਼ ’ਚ ਧਰੁਵ ਕਪਿਲਾ ਤੇ ਤਨੀਸ਼ਾ ਕ੍ਰਾਸਟੋ ਨੂੰ 14-21, 21-18, 18-21 ਨਾਲ ਹਾਰ ਮਿਲੀ।
