ਸਰਕਾਰੀ ਸਕੂਲ ਦੇ ਖਾਣੇ ’ਚੋਂ ਮਿਲੀ ਮਰੀ ਹੋਈ ਕਿਰਲੀ, ਵਿਗੜੀ 40 ਬੱਚਿਆਂ ਦੀ ਸਿਹਤ, ਇਲਾਕੇ ’ਚ ਚਿੰਤਾ ਦਾ ਮਾਹੌਲ

ਮਰੀ ਹੋਈ ਕਿਰਲੀ ਵਾਲਾ ਸਾਂਬਰ ਖਾਣ ਤੋਂ ਬਾਅਦ ਕਰੀਬ 40 ਵਿਦਿਆਰਥੀਆਂ ਨੇ ਚੱਕਰ ਆਉਣ ਤੇ ਉਲਟੀਆਂ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸਾਰੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਕੇ ਇਲਾਜ ਕੀਤਾ ਜਾ ਰਿਹਾ ਹੈ।
ਤਾਮਿਲਨਾਡੂ ਦੇ ਤਿਰੁਵੱਲੂਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ’ਚ ਮੁਫ਼ਤ ਨਾਸ਼ਤਾ ਯੋਜਨਾ ਤਹਿਤ ਪਰੋਸੇ ਗਏ ਭੋਜਨ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਡੰਬੱਤੂਰ ਪੰਚਾਇਤ ਯੂਨੀਅਨ ਅਧੀਨ ਆਉਂਦੇ ਕੋੱਟੈਯੂਰ ਪਿੰਡ ਦੇ ਪੰਚਾਇਤ ਯੂਨੀਅਨ ਮਿਡਲ ਸਕੂਲ ਵਿਚ ਪਰੋਸੇ ਗਏ ਨਾਸ਼ਤੇ ਦੇ ਸਾਂਬਰ ਵਿਚ ਮਰੀ ਹੋਈ ਕਿਰਲੀ ਮਿਲੀ।
ਸਾਂਬਰ ਵਿੱਚ ਮਰੀ ਹੋਈ ਕਿਰਲੀ ਮਿਲਣ ਦੀ ਜਾਣਕਾਰੀ ਤੋਂ ਬਾਅਦ ਇਲਾਕੇ ਵਿਚ ਵੀ ਚਿੰਤਾ ਦਾ ਮਾਹੌਲ ਹੈ ਅਤੇ ਸਕੂਲ ਵਿੱਚ ਨਾਸ਼ਤਾ ਤਿਆਰ ਕਰਨ ਅਤੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਜ਼ਿਲ੍ਹਾ ਕਲੈਕਟਰ ਕਵਿਤਾ ਨੇ ਹਸਪਤਾਲ ਅਤੇ ਸਕੂਲ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ। ਹਾਲਾਂਕਿ, ਵਿਦਿਆਰਥੀਆਂ ਦੀ ਸਿਹਤ ਵਿਗੜਨ ਦੀ ਅਸਲ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ। ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਸਾਂਬਰ ਵਿੱਚ ਕਿਰਲੀ ਮਿਲਣ ਦੀ ਘਟਨਾ ਦੀ ਅਧਿਕਾਰਤ ਪੁਸ਼ਟੀ ਹੋ ਸਕੇਗੀ। ਮੈਡੀਕਲ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
