📰 11/11/2026
ਖੇਡਾਂ📍 ਪੰਜਾਬ

ਅਮਲੋਹ ਪਹੁੰਚੇ ਸੀਐਮ ਮਾਨ ਦਾ ਵੱਡਾ ਤੋਹਫ਼ਾ, ਸਮਰਪਿਤ ਕੀਤੇ 1000 ਆਧੁਨਿਕ ਖੇਡ ਮੈਦਾਨ; ਬਿਜਲੀ ਤਾਰਾਂ ਅੰਡਰਗ੍ਰਾਊਂਡ ਕਰਨ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡ ਸ਼ਾਹਪੁਰ ਵਿਖੇ ਨਵੇਂ ਬਣੇ ਆਧੁਨਿਕ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ।
ਅਮਲੋਹ ਪਹੁੰਚੇ ਸੀਐਮ ਮਾਨ ਦਾ ਵੱਡਾ ਤੋਹਫ਼ਾ, ਸਮਰਪਿਤ ਕੀਤੇ 1000 ਆਧੁਨਿਕ ਖੇਡ ਮੈਦਾਨ; ਬਿਜਲੀ ਤਾਰਾਂ ਅੰਡਰਗ੍ਰਾਊਂਡ ਕਰਨ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡ ਸ਼ਾਹਪੁਰ ਵਿਖੇ ਨਵੇਂ ਬਣੇ ਆਧੁਨਿਕ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਪਿੰਡਾਂ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 1000 ਨਵੇਂ ਆਧੁਨਿਕ ਖੇਡ ਮੈਦਾਨ ਸੂਬੇ ਦੀ ਜਵਾਨੀ ਨੂੰ ਸਮਰਪਿਤ ਕੀਤੇ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਕੁੱਲ 3,100 ਅਤਿ-ਆਧੁਨਿਕ ਖੇਡ ਮੈਦਾਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਪਹਿਲੇ ਪੜਾਅ ਵਿੱਚ 255 ਅਤੇ ਦੂਜੇ ਪੜਾਅ ਵਿੱਚ 509 ਗਰਾਊਂਡ ਦਿੱਤੇ ਗਏ ਸਨ ਅਤੇ ਅੱਜ 1000 ਹੋਰ ਗਰਾਊਂਡ ਸਮਰਪਿਤ ਕਰਨ ਨਾਲ ਹੁਣ ਤੱਕ ਕੁੱਲ 1,750 ਖੇਡ ਮੈਦਾਨ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਮੈਦਾਨਾਂ ਵਿੱਚ ਰਾਤ ਵੇਲੇ ਖੇਡਣ ਲਈ ਫਲੱਡ ਲਾਈਟਾਂ, ਦੌੜਨ ਲਈ ਟਰੈਕ, ਹਾਕੀ, ਵਾਲੀਬਾਲ, ਬਾਸਕਟਬਾਲ, ਕ੍ਰਿਕਟ ਪਿੱਚਾਂ ਅਤੇ ਬਾਥਰੂਮਾਂ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।

ਇਸ ਵਿਸ਼ੇਸ਼ ਸਮਾਗਮ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਵਿਧਾਇਕ ਲਖਬੀਰ ਸਿੰਘ ਰਾਏ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਦੇ 90 ਫ਼ੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਗਰਮੀਆਂ ਵਿੱਚ 18,000 ਮੈਗਾਵਾਟ ਦੇ ਰਿਕਾਰਡ ਲੋਡ ਦੇ ਬਾਵਜੂਦ ਬਿਨਾਂ ਕਿਸੇ ਕੱਟ ਦੇ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦਿੱਤੀ ਗਈ। ਝਾਰਖੰਡ ਵਿੱਚ ਸਥਿਤ ਪਛਵਾੜਾ ਕੋਲਾ ਖਾਣ ਨੂੰ ਮੁੜ ਚਾਲੂ ਕਰਵਾਉਣ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ 1100 ਕਰੋੜ ਰੁਪਏ ਵਿੱਚ ਸਰਕਾਰੀ ਤੌਰ ਤੇ ਖ਼ਰੀਦਣ ਨਾਲ ਪੰਜਾਬ ਬਿਜਲੀ ਖੇਤਰ ਵਿੱਚ ਆਤਮ-ਨਿਰਭਰ ਬਣਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਕਿ ਪਿੰਡਾਂ ਵਿੱਚੋਂ ਬਿਜਲੀ ਦੇ ਖੰਭਿਆਂ, ਢਿੱਲੀਆਂ ਤਾਰਾਂ ਅਤੇ ਅੱਗ ਲੱਗਣ ਦੇ ਖ਼ਤਰਿਆਂ ਤੋਂ ਪੱਕਾ ਛੁਟਕਾਰਾ ਦਿਵਾਉਣ ਲਈ ਸਮੁੱਚੇ ਪੰਜਾਬ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ (ਅੰਡਰਗ੍ਰਾਊਂਡ) ਕਰਨ ਦੀ ਯੋਜਨਾ ਲਾਗੂ ਕੀਤੀ ਜਾਵੇਗੀ, ਜਿਸ ਦਾ ਸਫ਼ਲ ਪਾਇਲਟ ਪ੍ਰੋਜੈਕਟ ਉਨ੍ਹਾਂ ਦੇ ਆਪਣੇ ਪਿੰਡ ਵਿੱਚ ਮੁਕੰਮਲ ਹੋ ਚੁੱਕਾ ਹੈ।

ਸੀਐੱਮ ਮਾਨ ਨੇ ਦੱਸਿਆ ਕਿ ਕਿਸਾਨਾਂ ਦੇ ਟਿਊਬਵੈੱਲਾਂ ਲਈ ਦਫ਼ਤਰਾਂ ਵਾਂਗ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਿਨ ਵੇਲੇ ਬਿਜਲੀ ਯਕੀਨੀ ਬਣਾਈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਰਾਤ ਦੇ ਹਨੇਰੇ ਵਿੱਚ ਖੇਤਾਂ ਵਿੱਚ ਜਾਣ ਦੇ ਜ਼ੋਖ਼ਮਾਂ ਤੋਂ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਸਮੇਂ ਸਿਰਫ਼ 21-22% ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਸੀ, ਜਿਸ ਨੂੰ ਬੰਦ ਪਏ ਸੂਏ-ਕੱਸੀਆਂ ਖੋਲ੍ਹ ਕੇ ਅਤੇ ਅੰਡਰਗ੍ਰਾਊਂਡ ਪਾਈਪਾਂ ਰਾਹੀਂ 85 ਤੋਂ 88 ਫ਼ੀਸਦੀ ਤੱਕ ਪਹੁੰਚਾਇਆ ਗਿਆ ਹੈ। ਨਹਿਰੀ ਪਾਣੀ ਦੀ ਵਧੇਰੇ ਵਰਤੋਂ ਅਤੇ ਰੀਚਾਰਜਿੰਗ ਸਦਕਾ ਕੇਂਦਰ ਸਰਕਾਰ ਦੀ ਰਿਪੋਰਟ ਮੁਤਾਬਕ ਪੰਜਾਬ ਦਾ ਧਰਤੀ ਹੇਠਲਾ ਪਾਣੀ 1 ਤੋਂ 5 ਮੀਟਰ ਤੱਕ ਉੱਪਰ ਆਇਆ ਹੈ।

ਸੂਬੇ ਵਿੱਚ ਚੱਲ ਰਹੇ 1190 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ ਪੌਣੇ ਛੇ ਕਰੋੜ ਮਰੀਜ਼ ਮੁਫ਼ਤ ਇਲਾਜ, ਦਵਾਈਆਂ ਅਤੇ 46 ਪ੍ਰਕਾਰ ਦੇ ਮੁਫ਼ਤ ਟੈਸਟ ਕਰਵਾ ਕੇ ਲਾਭ ਉਠਾ ਚੁੱਕੇ ਹਨ। ਇਸ ਦੇ ਨਾਲ ਹੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 55 ਲੱਖ ਪਰਿਵਾਰਾਂ ਦੇ ਕਾਰਡ ਬਣ ਚੁੱਕੇ ਹਨ ਅਤੇ ਬਾਕੀ ਰਹਿੰਦੇ 10-11 ਲੱਖ ਪਰਿਵਾਰਾਂ ਦੇ ਕਾਰਡ ਪਿੰਡਾਂ ਵਿੱਚ ਕੈਂਪ ਲਗਾ ਕੇ ਬਣਾਏ ਜਾ ਰਹੇ ਹਨ। ਸਿੱਖਿਆ ਖੇਤਰ ਦੀ ਪ੍ਰਾਪਤੀ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿੱਚੋਂ 15 ਹੋਣਹਾਰ ਵਿਦਿਆਰਥੀ ਇਕੱਲੇ ਅਮਲੋਹ ਹਲਕੇ ਦੇ ਗ਼ਰੀਬ ਪਰਿਵਾਰਾਂ ਨਾਲ ਸੰਬੰਧਿਤ ਹਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਹੁਣ ਤੱਕ 71,777 ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਦੇ ਨਿਰੋਲ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ। ਆਮ ਜਨਤਾ ਦੀ ਜੇਬ ‘ਤੇ ਪੈਂਦਾ ਬੋਝ ਘਟਾਉਣ ਲਈ ਸੂਬੇ ਵਿੱਚ ਮਿਆਦ ਪੁਗਾ ਚੁੱਕੇ 19 ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ, ਜਿਸ ਨਾਲ ਰੋਜ਼ਾਨਾ ਲੋਕਾਂ ਦੇ ਲਗਭਗ 62 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਹਲਕਾ ਅਮਲੋਹ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵੱਲੋਂ ਸਾਢੇ 450 ਕਰੋੜ ਰੁਪਏ ਦੇ ਵਿਕਾਸ ਫ਼ੰਡ ਮੁਹੱਈਆ ਕਰਵਾਏ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਨਸ਼ਿਆਂ ਅਤੇ ਮਾਫ਼ੀਆ ਰਾਜ ਵਿੱਚ ਧੱਕਿਆ ਅਤੇ ਧਰਮ ਦੇ ਨਾਂ ‘ਤੇ ਸਿਆਸਤ ਕੀਤੀ। ਉਨ੍ਹਾਂ ਭਾਜਪਾ-ਅਕਾਲੀ ਦਲ ਦੇ ਆਪਸੀ ਤਾਲਮੇਲ ਅਤੇ ਕਾਂਗਰਸ ਦੀ ਅੰਦਰੂਨੀ ਫੁੱਟ ‘ਤੇ ਵਿਅੰਗ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਵਰਕਰਾਂ ਨਾਲੋਂ ਮੁੱਖ ਮੰਤਰੀ ਦੇ ਦਾਅਵੇਦਾਰ ਜ਼ਿਆਦਾ ਹਨ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਆੜੇ ਹੱਥੀਂ ਲੈਂਦਿਆਂ ਆਪਣੀ ਮਸ਼ਹੂਰ ਵਿਅੰਗਾਤਮਕ ‘ਕਿੱਕਲੀ’ ਸੁਣਾ ਕੇ ਪੰਡਾਲ ਵਿੱਚ ਹਾਜ਼ਰ ਲੋਕਾਂ ਤੋਂ ਖ਼ੂਬ ਤਾੜੀਆਂ ਬਟੋਰੀਆਂ।

ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੋਣਾਂ ਨੇੜੇ ਆਉਣ ‘ਤੇ ਜੇਕਰ ਵਿਰੋਧੀ ਪਾਰਟੀਆਂ ਵੋਟਾਂ ਖ਼ਰੀਦਣ ਲਈ ਪੈਸੇ ਵੰਡਣ ਆਉਣ ਤਾਂ ਪੈਸੇ ਜ਼ਰੂਰ ਰੱਖ ਲਓ ਕਿਉਂਕਿ ਉਹ ਜਨਤਾ ਦਾ ਹੀ ਲੁੱਟਿਆ ਹੋਇਆ ਧਨ ਹੈ, ਪ੍ਰੰਤੂ ਪੋਲਿੰਗ ਬੂਥ ਅੰਦਰ ਵੋਟ ਪਾਉਣ ਵੇਲੇ ਆਪਣੀ ਜ਼ਮੀਰ ਦੀ ਸੁਣ ਕੇ ਇਮਾਨਦਾਰੀ ਨਾਲ ‘ਝਾੜੂ’ ਦਾ ਬਟਨ ਹੀ ਦਬਾਇਆ ਜਾਵੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਕਪਾਲ ਮੋਚਨ ਮੇਲੇ ‘ਚ ਦਿਖਾਈ ਜਾਵੇਗੀ ਸਿੱਖ ਇਤਿਹਾਸ ਦੀ ਝਲਕ, ਡਰੋਨ ਸ਼ੋਅ ਰਹੇਗਾ ਮੁੱਖ ਆਕਰਸ਼ਣਪੜ੍ਹੋ →
ਆਊਟਸੋਰਸਿੰਗ ਤੇ ਮੁਲਾਜ਼ਮਾਂ ਦੇ ਠੇਕੇ ਦੀ ਮਿਆਦ 2 ਮਹੀਨੇ ਵਧੀਪੜ੍ਹੋ →
ਦੱਖਣੀ ਕੋਰੀਆ ‘ਚ ਯਾਤਰੀ ਬੱਸ ਨੇ 30 ਤੋਂ ਵੱਧ ਵਾਹਨਾਂ ਨੂੰ ਮਾਰੀ ਟੱਕਰ , 57 ਜ਼ਖਮੀ , 9 ਗੰਭੀਰਪੜ੍ਹੋ →
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 11 ਨਵੰਬਰ 2026ਪੜ੍ਹੋ →
ਚੰਡੀਗੜ੍ਹ ਨੇ ਸਵੱਛ ਸਰਵੇਖਣ 2025-26 ਵਿੱਚ ਮੁੜ ਹਾਸਲ ਕੀਤਾ ਦੂਜਾ ਸਥਾਨਪੜ੍ਹੋ →
ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ, 2 ਔਰਤਾਂ ਸਮੇਤ 3 ਦੀ ਮੌਤ, 26 ਜ਼ਖ਼ਮੀਪੜ੍ਹੋ →