ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ, 2 ਔਰਤਾਂ ਸਮੇਤ 3 ਦੀ ਮੌਤ, 26 ਜ਼ਖ਼ਮੀ

ਚੰਡੀਗੜ੍ਹ ਜਾ ਰਹੀ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਬੁੱਧਵਾਰ ਤੜਕੇ ਸੰਗਰੂਰ ਵਿੱਚ ਓਵਰਬ੍ਰਿਜ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਹਾਦਸੇ ਵਿੱਚ 2 ਔਰਤਾਂ ਸਮੇਤ 3 ਸਵਾਰੀਆਂ ਦੀ ਮੌਤ ਹੋ ਗਈ, ਜਦਕਿ 26 ਲੋਕ ਜ਼ਖ਼ਮੀ ਹੋ ਗਏ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਨਿਰਧਾਰਤ ਸਮੇਂ ਤੋਂ ਲੇਟ ਹੋ ਗਿਆ ਸੀ। ਇਸ ਦੀ ਭਰਪਾਈ ਕਰਨ ਲਈ ਉਹ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਇਸੇ ਕਾਰਨ ਬੱਸ ਬੇਕਾਬੂ ਹੋ ਗਈ।
ਪੁਲਿਸ ਨੇ ਜ਼ਖ਼ਮੀ ਵਿਦਿਆਰਥੀ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਹਾਦਸੇ ਦੀ ਹੋਰ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਵਾਪਰੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ।
ਪੁਲਿਸ ਮੁਤਾਬਕ ਪੀਆਰਟੀਸੀ ਦੀ ਬੱਸ ਸੰਗਰੂਰ ਤੋਂ ਪਟਿਆਲਾ ਹੁੰਦੇ ਹੋਏ ਚੰਡੀਗੜ੍ਹ ਤੱਕ ਚੱਲਦੀ ਹੈ। ਬੱਸ ਦੇ ਸੰਗਰੂਰ ਤੋਂ ਰਵਾਨਾ ਹੋਣ ਦਾ ਸਮਾਂ ਤੜਕੇ 4:30 ਵਜੇ ਨਿਰਧਾਰਤ ਹੈ। ਪਰ ਬੁੱਧਵਾਰ ਤੜਕੇ ਡਰਾਈਵਰ 10 ਮਿੰਟ ਲੇਟ ਹੋ ਗਿਆ। ਇਸ ਕਾਰਨ ਬੱਸ ਸਵੇਰੇ 4:40 ਵਜੇ ਸੰਗਰੂਰ ਬੱਸ ਸਟੈਂਡ ਤੋਂ ਰਵਾਨਾ ਹੋਈ।
ਜਦੋਂ ਬੱਸ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸੰਗਰੂਰ ਦੇ ਧੂਰੀ ਵਾਲੇ ਪਾਸੇ ਤੋਂ ਪਟਿਆਲਾ ਵੱਲ ਆ ਰਹੀ ਸੀ ਤਾਂ ਇਹ ਬੇਕਾਬੂ ਹੋ ਗਈ। ਡਰੀਮਲੈਂਡ ਕਾਲੋਨੀ ਤੋਂ ਅੱਗੇ ਮਸਤੂਆਣਾ ਸਾਹਿਬ ਨੇੜੇ ਬੱਸ ਸੱਜੇ ਪਾਸੇ ਪੁਲ ਦੀ ਕੰਧ ਨਾਲ ਟਕਰਾ ਗਈ। ਇਸ ਤੋਂ ਬਾਅਦ ਡਰਾਈਵਰ ਨੇ ਸਟੀਅਰਿੰਗ ਖੱਬੇ ਪਾਸੇ ਮੋੜਿਆ ਤਾਂ ਬੱਸ ਕੱਚੇ ਰਸਤੇ ‘ਤੇ ਉਤਰ ਗਈ।
ਇਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਖੱਬੇ ਪਾਸੇ ਖੇਤਾਂ ਵਿੱਚ ਪਲਟ ਗਈ। ਪਲਟਦੀ ਹੋਈ ਬੱਸ ਝਾੜੀਆਂ ਵਿੱਚ ਜਾ ਵੜੀ ਅਤੇ ਇੱਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਰੁਕ ਗਈ। ਇਸ ਦੌਰਾਨ ਬੱਸ ਦੇ ਸ਼ੀਸ਼ੇ ਟੁੱਟ ਗਏ। ਸੀਟਾਂ ‘ਤੇ ਬੈਠੀਆਂ ਸਵਾਰੀਆਂ ਉਛਲ ਕੇ ਇੱਕ-ਦੂਜੇ ਉੱਤੇ ਜਾ ਡਿੱਗੀਆਂ। ਹਾਦਸੇ ਤੋਂ ਬਾਅਦ ਬੱਸ ਵਿੱਚ ਚੀਕ-ਚਿਹਾੜਾ ਮਚ ਗਿਆ।
ਆਸ-ਪਾਸ ਦੇ ਲੋਕਾਂ ਨੇ ਜਦੋਂ ਰੌਲਾ ਸੁਣਿਆ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਲੱਗੇ। ਜਿਨ੍ਹਾਂ ਸਵਾਰੀਆਂ ਨੂੰ ਘੱਟ ਸੱਟਾਂ ਲੱਗੀਆਂ ਸਨ, ਉਹ ਖ਼ੁਦ ਹੀ ਬਾਹਰ ਨਿਕਲ ਆਈਆਂ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ 26 ਜ਼ਖ਼ਮੀ ਸਵਾਰੀਆਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ। ਇਨ੍ਹਾਂ ਵਿੱਚੋਂ ਗੰਭੀਰ ਜ਼ਖ਼ਮੀਆਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਹਸਪਤਾਲ ਵਿੱਚ ਦਾਖ਼ਲ ਇੱਕ ਜ਼ਖ਼ਮੀ ਮਹਿਲਾ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਬੱਸ ਕਿਸ ਚੀਜ਼ ਨਾਲ ਟਕਰਾਈ ਸੀ। ਬੱਸ ਦੀ ਟੱਕਰ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ। ਫਿਰ ਬੱਸ ਨੂੰ 2-3 ਜ਼ੋਰਦਾਰ ਝਟਕੇ ਲੱਗੇ ਅਤੇ ਉਹ ਪਲਟ ਗਈ। ਇਸ ਹਾਦਸੇ ਵਿੱਚ ਬੱਸ ਅੰਦਰ ਬੈਠੇ ਕਈ ਲੋਕ ਜ਼ਖ਼ਮੀ ਹੋ ਗਏ।
ਪੁਲਿਸ ਮੁਤਾਬਕ ਇਸ ਹਾਦਸੇ ਵਿੱਚ ਧੂਰੀ ਦੀਆਂ ਰਹਿਣ ਵਾਲੀਆਂ 2 ਮਹਿਲਾ ਸਵਾਰੀਆਂ ਅਤੇ ਥਲੇਸ ਦੇ ਰਹਿਣ ਵਾਲੇ 55 ਸਾਲਾ ਮਨਜੀਤ ਸਿੰਘ ਦੀ ਮੌਤ ਹੋ ਗਈ ਹੈ। ਕੁੱਲ 26 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 15 ਸਵਾਰੀਆਂ ਨੂੰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।
ਬਾਕੀ 11 ਜ਼ਖ਼ਮੀਆਂ ਦਾ ਇਲਾਜ ਧੂਰੀ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਮੁਤਾਬਕ ਚੰਡੀਗੜ੍ਹ ਦੇ ਕੋਚਿੰਗ ਵਿਦਿਆਰਥੀ ਵਿਨੈ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸੰਗਰੂਰ ਦੇ ਦਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਡਰਾਈਵਰ ਬੱਸ ਲੈ ਕੇ ਧੂਰੀ ਤੋਂ ਦੇਰੀ ਨਾਲ ਰਵਾਨਾ ਹੋਇਆ ਸੀ। ਉਸ ਨੂੰ ਸਮੇਂ ਦੀ ਇਸ ਦੇਰੀ ਦੀ ਭਰਪਾਈ ਕਰਨੀ ਸੀ, ਜਿਸ ਕਾਰਨ ਉਹ ਬੱਸ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸੇ ਕਾਰਨ ਬੱਸ ਪੁਲ ਦੀ ਕੰਧ ਨਾਲ ਟਕਰਾਉਣ ਤੋਂ ਬਾਅਦ ਖੇਤਾਂ ਵਿੱਚ ਪਲਟ ਗਈ।
ਧੁੰਦ ਨਹੀਂ ਸੀ, ਡਰਾਈਵਰ ਨੇ ਗੁਆਇਆ ਕੰਟਰੋਲ: ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਮੇਹਰ ਸਿੰਘ ਨੇ ਦੱਸਿਆ ਕਿ ਤੜਕੇ ਧੁੰਦ ਨਹੀਂ ਸੀ। ਸਵਾਰੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਇਸ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਹਾਦਸਾ ਵਾਪਰ ਗਿਆ।
ਹਾਦਸੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਸੰਗਰੂਰ ਵਿੱਚ ਪੀਆਰਟੀਸੀ ਬੱਸ ਦੇ ਦਰਦਨਾਕ ਹਾਦਸੇ ਦੀ ਖ਼ਬਰ ਬੇਹੱਦ ਦੁਖਦਾਈ ਹੈ। ਇਸ ਹਾਦਸੇ ਵਿੱਚ 3 ਕੀਮਤੀ ਜਾਨਾਂ ਚਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
