ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ
ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਬੁੱਧਵਾਰ ਨੂੰ ਘਰੇਲੂ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (ਐੱਮਸੀਐਕਸ) ’ਤੇ ਚਾਂਦੀ ਦੀ ਕੀਮਤ ਵਿੱਚ 5,000 ਰੁਪਏ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ, ਜਦੋਂਕਿ ਸੋਨਾ ਵੀ 1,200 ਰੁਪਏ ਤੋਂ ਵੱਧ ਮਹਿੰਗਾ ਹੋ ਗਿਆ। ਦੁਪਹਿਰ 12 ਵਜੇ ਦੇ ਅੰਕੜਿਆਂ ਅਨੁਸਾਰ 4 ਦਸੰਬਰ ਦੀ ਡਿਲਿਵਰੀ ਵਾਲਾ ਸੋਨਾ 1,41,816 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਵਿੱਚ ਪਿਛਲੇ ਬੰਦ ਭਾਅ ਦੇ ਮੁਕਾਬਲੇ 1,291 ਰੁਪਏ ਦਾ ਵਾਧਾ ਹੋਇਆ।
ਚਾਂਦੀ ਦੀ 4 ਦਸੰਬਰ ਦੀ ਡਿਲਿਵਰੀ ਵਾਲੀ ਕੀਮਤ 1,87,692 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਇਸ ਵਿੱਚ ਪਿਛਲੇ ਬੰਦ ਭਾਅ ਦੇ ਮੁਕਾਬਲੇ 5,116 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਸੋਮਵਾਰ ਨੂੰ ਸੋਨਾ 1,40,525 ਰੁਪਏ ਅਤੇ ਚਾਂਦੀ 1,82,576 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।
ਕਾਰੋਬਾਰ ਦੌਰਾਨ ਸੋਨੇ ਦੀ ਕੀਮਤ 1,41,958 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚੇ ਪੱਧਰ ਤੱਕ ਪਹੁੰਚ ਗਈ, ਜਦੋਂਕਿ ਇਸ ਦਾ ਹੇਠਲਾ ਪੱਧਰ 1,41,120 ਰੁਪਏ ਰਿਹਾ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 1,87,770 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚੇ ਪੱਧਰ ਤੱਕ ਪਹੁੰਚੀ। ਇਸ ਦਾ ਦਿਨ ਦਾ ਹੇਠਲਾ ਪੱਧਰ 1,85,290 ਰੁਪਏ ਰਿਹਾ। ਕੌਮਾਂਤਰੀ ਬਾਜ਼ਾਰ ਵਿੱਚ ਵੀ ਦੋਵਾਂ ਧਾਤਾਂ ਦੀਆਂ ਕੀਮਤਾਂ ਵਧੀਆਂ। ਕਾਮੈਕਸ ’ਤੇ ਸੋਨਾ ਲਗਪਗ 0.6 ਫ਼ੀਸਦੀ ਅਤੇ ਚਾਂਦੀ 2.9 ਫ਼ੀਸਦੀ ਚੜ੍ਹ ਕੇ ਕਾਰੋਬਾਰ ਕਰ ਰਹੀ ਸੀ।
ਮਾਹਿਰਾਂ ਅਨੁਸਾਰ ਸੋਨੇ ਦੀਆਂ ਕੀਮਤਾਂ ਵਿੱਚ ਇਹ ਵਾਧਾ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਆਈ ਵੱਡੀ ਗਿਰਾਵਟ ਤੋਂ ਬਾਅਦ ਹੋਈ ਖਰੀਦਦਾਰੀ ਦਾ ਨਤੀਜਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਪਿਛਲੇ ਸੈਸ਼ਨ ਦੌਰਾਨ ਸੋਨੇ ਦੀ ਕੀਮਤ ਲਗਪਗ ਤਿੰਨ ਫ਼ੀਸਦੀ ਡਿੱਗ ਗਈ ਸੀ। ਇਸ ਦੌਰਾਨ ਅਮਰੀਕਾ ਵਿੱਚ ਉਮੀਦ ਨਾਲੋਂ ਵੱਧ ਮਹਿੰਗਾਈ ਦੇ ਅੰਕੜਿਆਂ ਅਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀਆਂ ਸੰਭਾਵਨਾਵਾਂ ਨੇ ਸੋਨੇ ਦੀ ਤੇਜ਼ੀ ਨੂੰ ਸੀਮਤ ਕੀਤਾ।
ਮਾਹਿਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿੱਚ ਵਾਧੇ ਨਾਲ ਸੋਨੇ ਵਰਗੀਆਂ ਅਜਿਹੀਆਂ ਜਾਇਦਾਦਾਂ ਵਿੱਚ ਨਿਵੇਸ਼ ਦੀ ਖਿੱਚ ਘਟ ਸਕਦੀ ਹੈ, ਜਿਨ੍ਹਾਂ ਤੋਂ ਨਿਯਮਤ ਵਿਆਜ ਨਹੀਂ ਮਿਲਦਾ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਤੇ ਕੌਮਾਂਤਰੀ ਆਰਥਿਕ ਹਾਲਾਤ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਫ਼ੈਸਲਿਆਂ ਦਾ ਅਸਰ ਰਹੇਗਾ।
