ਮੈਂ ਇੰਦਰਾ ਜੀ ਦੇ ਅੱਖਾਂ ‘ਚ ਹੰਝੂ ਦੇਖੇ ਸਨ’, ਸੋਨੀਆ ਗਾਂਧੀ ਨੇ ਆਤਮਕਥਾ ‘ਚ ‘ਆਪਰੇਸ਼ਨ ਬਲੂ ਸਟਾਰ’ ‘ਤੇ ਕੀਤਾ ਵੱਡਾ ਦਾਅਵਾ

ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਨਵੀਂ ਆਤਮਕਥਾ 'ਬਿਲੌਂਗਿੰਗ: ਏ ਜਰਨੀ ਆਫ਼ ਲਵ' ਇਸ ਸਮੇਂ ਦੇਸ਼ ਭਰ ਵਿੱਚ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਨਹਿਰੂ-ਗਾਂਧੀ ਪਰਿਵਾਰ ਦੇ ਅੰਦਰੂਨੀ ਰਿਸ਼ਤਿਆਂ, ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਰਤੀ ਸਿਆਸਤ ਦੇ ਕਈ ਅਹਿਮ ਮਸਲਿਆਂ ਦਾ ਖ਼ੁਲਾਸਾ ਕੀਤਾ ਹੈ।
ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਨਵੀਂ ਆਤਮਕਥਾ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਇਸ ਸਮੇਂ ਦੇਸ਼ ਭਰ ਵਿੱਚ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਨਹਿਰੂ-ਗਾਂਧੀ ਪਰਿਵਾਰ ਦੇ ਅੰਦਰੂਨੀ ਰਿਸ਼ਤਿਆਂ, ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਰਤੀ ਸਿਆਸਤ ਦੇ ਕਈ ਅਹਿਮ ਮਸਲਿਆਂ ਦਾ ਖ਼ੁਲਾਸਾ ਕੀਤਾ ਹੈ। ਪੁਸਤਕ ਵਿੱਚ 1984 ਦੇ ‘ਆਪਰੇਸ਼ਨ ਬਲੂ ਸਟਾਰ’ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਇਸ ਫ਼ੌਜੀ ਕਾਰਵਾਈ ਦੇ ਨਤੀਜਿਆਂ ਨੂੰ ਦੇਖ ਕੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬੇਹੱਦ ਦੁਖੀ ਸਨ ਅਤੇ ਉਨ੍ਹਾਂ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ।
ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ‘ਤੇ 1984 ਵਿੱਚ ਹੋਈ ਫ਼ੌਜੀ ਕਾਰਵਾਈ ਬਾਰੇ ਆਪਣੀ ਪੁਸਤਕ ਵਿੱਚ ਜ਼ਿਕਰ ਕਰਦਿਆਂ ਸੋਨੀਆ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਨ੍ਹਾਂ ਦੀ ਸੱਸ ਅਤੇ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਈ ਤਬਾਹੀ ਦੇ ਦ੍ਰਿਸ਼ ਦਿਖਾਏ ਗਏ ਤਾਂ ਉਹ ਆਪਣੇ ਜਜ਼ਬਾਤਾਂ ‘ਤੇ ਕਾਬੂ ਨਾ ਰੱਖ ਸਕੇ।
ਉਹ ਲਿਖਦੇ ਹਨ, “ਘਟਨਾ ਤੋਂ ਲਗਭਗ ਇੱਕ ਹਫ਼ਤੇ ਬਾਅਦ, ਇੱਕ ਖੁਫ਼ੀਆ ਅਧਿਕਾਰੀ ਨੇ ਇੰਦਰਾ ਜੀ ਨੂੰ ਕਾਰਵਾਈ ਤੋਂ ਬਾਅਦ ਦੀ ਸਥਿਤੀ ‘ਤੇ ਆਧਾਰਿਤ ਇੱਕ ਫ਼ਿਲਮ ਦਿਖਾਈ ਸੀ। ਉਸ ਫ਼ਿਲਮ ਵਿੱਚ ਜ਼ਮੀਨ ‘ਤੇ ਪਈਆਂ ਲਾਸ਼ਾਂ (ਜਿਨ੍ਹਾਂ ਵਿੱਚ ਇਸ ਟਕਰਾਅ ਦੌਰਾਨ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਾਮਲ ਸਨ), ਜ਼ਮੀਨਦੋਜ਼ ਬਣਾਏ ਗਏ ਮੋਰਚੇ (ਜਿੱਥੋਂ ਫ਼ੌਜ ‘ਤੇ ਗੋਲੀਬਾਰੀ ਕੀਤੀ ਗਈ ਸੀ), ਅਤੇ ਮੋਰਚਿਆਂ ਵਿੱਚ ਤਾਇਨਾਤ ਭਾਰੀ ਹਥਿਆਰ ਤੇ ਰਾਕੇਟ ਲਾਂਚਰ ਸਾਫ਼ ਦਿਖਾਈ ਦੇ ਰਹੇ ਸਨ।”
ਸੋਨੀਆ ਗਾਂਧੀ ਨੇ ਅੱਗੇ ਲਿਖਿਆ, “ਮੈਂ ਉਸ ਸਮੇਂ ਇੰਦਰਾ ਜੀ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਦੇਖ ਸਕਦੀ ਸੀ—ਉਨ੍ਹਾਂ ਦੀਆਂ ਅੱਖਾਂ ਵਿੱਚ ਡੂੰਘੇ ਦਰਦ ਅਤੇ ਪਛਤਾਵੇ ਦੇ ਅੱਥਰੂ ਸਨ। ਮੈਨੂੰ ਲੱਗਦਾ ਹੈ ਕਿ ਉਹ ਇਸ ਘੇਰਾਬੰਦੀ ਦੇ ਇਸ ਤਰ੍ਹਾਂ ਦੇ ਅੰਤ ਅਤੇ ਇਸ ਵਿੱਚ ਹੋਏ ਵੱਡੇ ਪੱਧਰ ਦੇ ਜਾਨੀ ਨੁਕਸਾਨ ਕਾਰਨ ਬਹੁਤ ਜ਼ਿਆਦਾ ਦੁਖੀ ਅਤੇ ਪਰੇਸ਼ਾਨ ਸਨ।”
ਜ਼ਿਕਰਯੋਗ ਹੈ ਕਿ ਜੂਨ 1984 ਦੇ ਪਹਿਲੇ ਹਫ਼ਤੇ ਸ੍ਰੀ ਦਰਬਾਰ ਸਾਹਿਬ ਵਿਖੇ ‘ਆਪਰੇਸ਼ਨ ਬਲੂ ਸਟਾਰ’ ਚਲਾਇਆ ਗਿਆ ਸੀ, ਜਿੱਥੇ ਖ਼ਾਲਿਸਤਾਨ ਪੱਖੀ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀ ਮੋਰਚਾਬੰਦੀ ਕਰਕੇ ਡਟੇ ਹੋਏ ਸਨ ਅਤੇ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਫ਼ੌਜੀ ਕਾਰਵਾਈ ਕੀਤੀ ਗਈ ਸੀ। ਇਸ ਫ਼ੌਜੀ ਐਕਸ਼ਨ ਕਾਰਨ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਅਤੇ ਭਾਰੀ ਨਾਰਾਜ਼ਗੀ ਪੈਦਾ ਹੋਈ, ਜਿਸ ਦੇ ਸਿੱਟੇ ਵਜੋਂ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਆਪਣੇ ਹੀ ਸਿੱਖ ਸੁਰੱਖਿਆ ਗਾਰਡਾਂ ਵੱਲੋਂ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਸਿੱਖ ਵਿਰੋਧੀ ਦੰਗੇ ਭੜਕ ਉੱਠੇ ਸਨ।
ਦੰਗਿਆਂ ਦੇ ਦੌਰ ਅਤੇ ਉਸ ਤੋਂ ਬਾਅਦ ਹੋਈਆਂ ਜਾਂਚਾਂ ਬਾਰੇ ਸੋਨੀਆ ਗਾਂਧੀ ਨੇ ਲਿਖਿਆ, “ਉਸ ਵੇਲੇ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕਾਂਗਰਸ ਅਤੇ ਗ਼ੈਰ-ਕਾਂਗਰਸੀ ਦੋਵਾਂ ਤਰ੍ਹਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਕਈ ਜਾਂਚ ਕਮਿਸ਼ਨ ਗਠਿਤ ਕੀਤੇ ਗਏ। ਕਈ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈਆਂ ਵੀ ਸ਼ੁਰੂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਕਈ ਕਾਂਗਰਸ ਪਾਰਟੀ ਦੇ ਆਗੂ ਤੇ ਮੈਂਬਰ ਸਨ, ਜਿਨ੍ਹਾਂ ‘ਤੇ ਹਿੰਸਾ ਭੜਕਾਉਣ ਜਾਂ ਨਿਰਦੇਸ਼ ਦੇਣ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੰਗਿਆਂ ਦੌਰਾਨ ਹੋਈਆਂ ਹੱਤਿਆਵਾਂ ਵਿੱਚ ਸ਼ਾਮਲ ਆਰ.ਐੱਸ.ਐੱਸ. ਨਾਲ ਜੁੜੇ ਲੋਕਾਂ ਖ਼ਿਲਾਫ਼ ਵੀ ਕਈ ਮਾਮਲੇ ਦਰਜ ਕੀਤੇ ਗਏ। ਪੁਲਿਸ ਕੋਲ ਦਰਜ ਹੋਈਆਂ ਸੈਂਕੜੇ ਐਫ਼.ਆਈ.ਆਰਜ਼. ਵਿੱਚੋਂ ਚਾਰ-ਪੰਜ ਕੇਸਾਂ ਵਿੱਚ ਕਾਂਗਰਸੀ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਅਜੇ ਵੀ ਆਪਣੀ ਕੈਦ ਕੱਟ ਰਿਹਾ ਹੈ।”
ਸੋਨੀਆ ਗਾਂਧੀ ਦੀ ਇਹ ਆਤਮਕਥਾ ਹਾਰਪਰਕਾਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 526 ਪੰਨਿਆਂ ਦੀ ਇਸ ਪੁਸਤਕ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਵਿੱਚ ਬੀਤਿਆ ਉਨ੍ਹਾਂ ਦਾ ਬਚਪਨ, ਨਹਿਰੂ-ਗਾਂਧੀ ਪਰਿਵਾਰ ਵਿੱਚ ਵਿਆਹ, ਦੇਸ਼ ਵਿੱਚ ਐਮਰਜੈਂਸੀ ਦਾ ਦੌਰ, ਪਤੀ ਰਾਜੀਵ ਗਾਂਧੀ ਦਾ ਬੇਰਹਿਮੀ ਨਾਲ ਕਤਲ, ਦੇਵਰਾਣੀ ਮੇਨਕਾ ਗਾਂਧੀ ਨਾਲ ਰਿਸ਼ਤਿਆਂ ਦੇ ਉਤਰਾਅ-ਚੜ੍ਹਾਅ ਅਤੇ ਅੰਤ ਵਿੱਚ ਸਰਗਰਮ ਰਾਜਨੀਤੀ ਵਿੱਚ ਦਾਖ਼ਲੇ ਸਮੇਤ ਕਈ ਅਣਗੌਲੇ ਅਤੇ ਸੰਵੇਦਨਸ਼ੀਲ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
