📰 11/10/2026
ਪੰਜਾਬ📍 ਪੰਜਾਬ

1600 ਕਰੋੜ ‘ਤੇ ਭਖੀ ਸਿਆਸਤ, ਨਾਇਬ ਸੈਣੀ ਬੋਲੇ-ਕੇਂਦਰ ਨੇ ਦਿੱਤਾ ਸੀ ਹੜ੍ਹ ਦਾ ਮੁਆਵਜ਼ਾ; ਆਪ ਦਾ ਪਲਟਵਾਰ- ਸਿਰਫ ਕੀਤਾ ਗੁਮਰਾਹ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਨੂੰ ਪਿਛਲੇ ਸਾਲ ਕੇਂਦਰ ਵੱਲੋਂ ਜਾਰੀ ਕੀਤੇ ਗਏ ਹੜ੍ਹ ਰਾਹਤ ਫੰਡਾਂ ਦਾ ਮੁੱਦਾ ਚੁੱਕ ਕੇ ਸਿਆਸੀ ਤਪਸ਼ ਵਧਾ ਦਿੱਤੀ ਹੈ।
1600 ਕਰੋੜ ‘ਤੇ ਭਖੀ ਸਿਆਸਤ, ਨਾਇਬ ਸੈਣੀ ਬੋਲੇ-ਕੇਂਦਰ ਨੇ ਦਿੱਤਾ ਸੀ ਹੜ੍ਹ ਦਾ ਮੁਆਵਜ਼ਾ; ਆਪ ਦਾ ਪਲਟਵਾਰ- ਸਿਰਫ ਕੀਤਾ ਗੁਮਰਾਹ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਨੂੰ ਪਿਛਲੇ ਸਾਲ ਕੇਂਦਰ ਵੱਲੋਂ ਜਾਰੀ ਕੀਤੇ ਗਏ ਹੜ੍ਹ ਰਾਹਤ ਫੰਡਾਂ ਦਾ ਮੁੱਦਾ ਚੁੱਕ ਕੇ ਸਿਆਸੀ ਤਪਸ਼ ਵਧਾ ਦਿੱਤੀ ਹੈ। ਇਸ ਸੰਵੇਦਨਸ਼ੀਲ ਮੁੱਦੇ 'ਤੇ ਉਨ੍ਹਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹਰਿਆਣਾ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਡੀਬੀਟੀ (ਸਿੱਧੀ ਲਾਭ ਤਬਦੀਲੀ) ਰਾਹੀਂ ਰਾਸ਼ੀ ਟਰਾਂਸਫਰ ਕਰਨ ਦੇ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਸੈਣੀ ਨੇ ਇਸ ਮੁੱਦੇ ਨੂੰ ਹਵਾ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਹੜ੍ਹਾਂ ਦੀ ਮਾਰ ਦੌਰਾਨ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ, ਪਰ ਪੰਜਾਬ ਸਰਕਾਰ ਅੱਜ ਵੀ ਕੇਂਦਰ ਤੋਂ ਫੰਡ ਨਾ ਮਿਲਣ ਦਾ ਰੋਣਾ ਰੋ ਰਹੀ ਹੈ, ਜਦਕਿ ਹਕੀਕਤ ਇਹ ਹੈ ਕਿ ਇਸ ਰਾਸ਼ੀ ਨੂੰ ਹੋਰਨਾਂ ਕੰਮਾਂ ਵਿੱਚ ਵਰਤ ਲਿਆ ਗਿਆ ਹੈ।

ਸੈਣੀ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੌਰੇ ਦੌਰਾਨ ਸਥਾਨਕ ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਵੱਡੀ ਗਿਣਤੀ ਵਿੱਚ ਪੀੜਤ ਲੋਕ ਅਜੇ ਤੱਕ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਣ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਨਾ ਦੇਣ ਦੇ ਦੋਸ਼ ਲਾਏ।

ਹਰਿਆਣਾ ਦੇ ਮੁੱਖ ਮੰਤਰੀ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੜ੍ਹ ਰਾਹਤ ਪੈਕੇਜ ਦੇ ਨਾਂ ‘ਤੇ ਕੇਂਦਰ ਸਰਕਾਰ ਨੇ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਹੈ। ਚੀਮਾ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਜਿਨ੍ਹਾਂ ਨਿਯਮਤ ਸਕੀਮਾਂ ਦੀ ਵੰਡ ਨੂੰ ਵਿਸ਼ੇਸ਼ ਰਾਹਤ ਰਾਸ਼ੀ ਦੱਸ ਰਹੀ ਹੈ, ਉਹ ਫੰਡ ਹੜ੍ਹ ਨਾ ਆਉਣ ਦੀ ਸੂਰਤ ਵਿੱਚ ਵੀ ਨਿਯਮਾਂ ਅਨੁਸਾਰ ਰਾਜ ਨੂੰ ਮਿਲਣੇ ਹੀ ਸਨ।

ਵਿੱਤ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਕੇਂਦਰ ਵੱਲੋਂ ਪ੍ਰਾਪਤ ਹੋਈ 240 ਕਰੋੜ ਰੁਪਏ ਦੀ ਰਕਮ ਐੱਸ.ਡੀ.ਆਰ.ਐੱਫ਼. (ਸਟੇਟ ਡਿਜ਼ਾਸਟਰ ਰਿਸਪਾਂਸ ਫੰਡ) ਦੀ ਰੁਟੀਨ ਕਿਸ਼ਤ ਸੀ, ਨਾ ਕਿ ਕੋਈ ਵੱਖਰਾ ਵਿਸ਼ੇਸ਼ ਰਾਹਤ ਪੈਕੇਜ। ਉਨ੍ਹਾਂ ਕਿਹਾ ਕਿ 1600 ਕਰੋੜ ਰੁਪਏ ਦੇ ਐਲਾਨ ਦਾ ਪ੍ਰਚਾਰ ਸੂਬੇ ਦੇ ਹੋਏ ਵਿਆਪਕ ਨੁਕਸਾਨ ਦੇ ਮੁਕਾਬਲੇ ਬਹੁਤ ਹੀ ਤੁੱਛ ਹੈ। ਚੀਮਾ ਅਨੁਸਾਰ ਪੰਜਾਬ ਸਰਕਾਰ ਨੇ ਕੇਂਦਰ ਤੋਂ 20 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਸੈਣੀ ਨੂੰ ਨਸੀਹਤ ਦਿੱਤੀ ਕਿ ਉਹ ਪੰਜਾਬ ਬਾਰੇ ਬੋਲਣ ਤੋਂ ਪਹਿਲਾਂ ਹਰਿਆਣਾ ਦੇ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਧਿਆਨ ਦੇਣ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਵੀ ਹਰਿਆਣਾ ਦੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਾਇਬ ਸਿੰਘ ਸੈਣੀ ਦੇ ਬਿਆਨ ਜ਼ਮੀਨੀ ਤੱਥਾਂ ਤੋਂ ਕੋਹਾਂ ਦੂਰ ਹਨ। ਢਾਂਡਾ ਨੇ ਕਿਹਾ ਕਿ ਸੈਣੀ ਵਿਕਾਸ ਮਾਡਲ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਨਾਕਾਮੀਆਂ ਅਤੇ ਘੁਟਾਲੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਹੀ ਸੂਬੇ ਵਿੱਚ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਸਕੀ, ਉਸ ਨੂੰ ਦੂਜੇ ਰਾਜਾਂ ਨੂੰ ਨਸੀਹਤਾਂ ਦੇਣ ਦਾ ਕੋਈ ਨੈਤਿਕ ਹੱਕ ਨਹੀਂ ਹੈ। ਢਾਂਡਾ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਮੌਜੂਦਾ ਭਾਜਪਾ ਪ੍ਰਸ਼ਾਸਨ ਨੇ ਮੁਹੱਲਾ ਕਲੀਨਿਕਾਂ ਦੀਆਂ ਸਹੂਲਤਾਂ ਠੱਪ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਸਿਰ ਲਗਾਤਾਰ ਵੱਧ ਰਹੇ ਕਰਜ਼ੇ ਦੇ ਬੋਝ ਨੂੰ ਲੈ ਕੇ ਵੀ ਮੁੱਖ ਮੰਤਰੀ ਸੈਣੀ ਕੋਲੋਂ ਜਵਾਬ ਮੰਗਿਆ।

ਇਸ ਅੰਕ ਦੀਆਂ ਹੋਰ ਖ਼ਬਰਾਂ

ਦੀਵਾਲੀ ਤੋਂ ਬਾਅਦ ਹਵਾ ਜ਼ਹਿਰੀਲੀ — ਪੰਜਾਬ 'ਚ ਸਾਹ ਘੁੱਟਿਆਪੜ੍ਹੋ →
ਸਾਂਸਦਾਂ ਦੇ ਚੋਣਾਂ ਲੜਨ ‘ਤੇ ਹਾਈਕਮਾਨ ਲਏਗੀ ਫੈਸਲਾ’, ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਬੋਲੇ ਪਰਗਟ ਸਿੰਘਪੜ੍ਹੋ →
ਅੰਮ੍ਰਿਤਸਰ ‘ਚ ਵੱਡਾ ਹਥਿਆਰ ਤਸਕਰੀ ਨੈੱਟਵਰਕ ਬੇਨਕਾਬ, 14 ਵਿਦੇਸ਼ੀ ਪਿਸਤੌਲ ਬਰਾਮਦ; 6 ਤਸਕਰ ਗ੍ਰਿਫ਼ਤਾਰਪੜ੍ਹੋ →
6 ਮਹੀਨਿਆਂ ‘ਚ ਵਿਦੇਸ਼ਾਂ ਤੋਂ 17 ਗੈਂਗਸਟਰ ਡਿਪੋਰਟ, ਮਾਨ ਸਰਕਾਰ ਨੇ ਦੁਹਰਾਇਆ ਪੰਜਾਬ ਨੂੰ ਅਪਰਾਧ-ਮੁਕਤ ਬਣਾਉਣ ਦਾ ਟੀਚਾਪੜ੍ਹੋ →
ਜਲੰਧਰ ‘ਚ ਜਵਾਈ ਨੇ ਸਹੁਰੇ ਪਰਿਵਾਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ, ਗੱਡੀ ਦੇਣ ਤੋਂ ਇਨਕਾਰ ਕਰਨ ‘ਤੇ ਕੀਤੀ ਫਾਇਰਿੰਗਪੜ੍ਹੋ →
ਭੀਖੀ ‘ਚ ਆਪ ਕੌਂਸਲਰ ਦੇ ਪਤੀ ਨਾਲ ਕੁੱਟਮਾਰ, ਨਸ਼ਾ ਕਰਨ ਤੋਂ ਰੋਕਣ ‘ਤੇ ਨੌਜਵਾਨਾਂ ਵੱਲੋਂ ਹਮਲਾ ਕਰਨ ਦੇ ਆਰੋਪਪੜ੍ਹੋ →