ਦਲਜੀਤ ਸਿੰਘ ਦਾ ਅੰਤਿਮ ਸਸਕਾਰ ਕਿਉਂ ਰੁਕਿਆ? ਮਾਂ-ਪਤਨੀ ਧਰਨੇ 'ਚ ਪਹੁੰਚ ਕੇ ਰੱਖੀ ਇਹ ਮੰਗ
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਦੇ ਰਹਿਣ ਵਾਲੇ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦਲਜੀਤ ਸਿੰਘ ਦੀ ਪਤਨੀ ਅਤੇ ਮਾਂ ਇਨਸਾਫ਼ ਦੀ ਮੰਗ ਲੈ ਕੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਸਮਰਥਨ ਵਿੱਚ ਚੱਲ ਰਹੇ ਪੱਕੇ ਧਰਨੇ ਵਿੱਚ ਪਹੁੰਚ ਗਈਆਂ ਹਨ। ਪਰਿਵਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਰੱਦ ਨਹੀਂ ਕੀਤੇ ਜਾਂਦੇ ਅਤੇ ਲੱਖਾ ਸਿਧਾਣਾ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਪਿੰਡ ਭੰਮੇ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਕਾਲਾ ਸਿੰਘ ਅਤੇ ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਦੇ ਪਿਤਾ ਘਰ ਵਿੱਚ ਹਨ, ਜਦਕਿ ਉਸ ਦੀ ਪਤਨੀ, ਮਾਂ ਅਤੇ ਭੈਣ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਦੇ ਧਰਨੇ ਵਿੱਚ ਡਟੀਆਂ ਹੋਈਆਂ ਹਨ। ਸਮਾਜ ਸੇਵੀ ਅਤੇ ਪੰਚਾਇਤ ਦੇ ਨੁਮਾਇੰਦੇ ਪਰਿਵਾਰ ਨਾਲ ਮੁਲਾਕਾਤ ਕਰਨ ਅਤੇ ਅੰਤਿਮ ਸਸਕਾਰ ਸਬੰਧੀ ਗੱਲਬਾਤ ਕਰਨ ਪਹੁੰਚੇ ਸਨ। ਇਸ ਦੌਰਾਨ ਪਰਿਵਾਰ ਨੇ ਆਪਣੀ ਪਹਿਲੀ ਮੰਗ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਦੱਸੀ।
ਪਿੰਡ ਭੰਮੇ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਮਾਨਸਾ ਦੇ ਧਰਨੇ ਵਿੱਚ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੇ ਫ਼ੈਸਲੇ ਦਾ ਸਮਰਥਨ ਕੀਤਾ।
ਪਰਿਵਾਰ ਦੀ ਮੰਗ ਹੈ ਕਿ ਮੋਨਜੀਤ ਸ਼ੇਰੋਂ, ਲੱਖਾ ਸਿਧਾਣਾ ਸਮੇਤ ਹਿਰਾਸਤ ਵਿੱਚ ਲਏ ਗਏ ਹੋਰ ਸਾਰੇ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਇਸ ਘਟਨਾਕ੍ਰਮ ਦੌਰਾਨ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ। ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
