📰 11/01/2026
ਵਿਦੇਸ਼📍 ਪੰਜਾਬ

ਰੰਗਾਂ ਦੀ ਲੀਲ੍ਹਾ: ਕੈਨੇਡਾ ਦੀ ਪੱਤਝੜ ਤੇ ਪੰਜਾਬ ਦੀ ਬਹਾਰ

ਨੌਕਰੀ ਤੋਂ ਸੇਵਾਮੁਕਤ ਹੋ ਕੇ ਮੈਂ ਸੱਤ ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ ’ਚ ਬਿਤਾਉਂਦਾ ਆ ਰਿਹਾ ਹਾਂ। ਇਸ ਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿੱਚ ਹੋਣਾ ਤੇ ਛੋਟੇ ਦਾ ਕੈਨੇਡਾ ’ਚ।
ਰੰਗਾਂ ਦੀ ਲੀਲ੍ਹਾ: ਕੈਨੇਡਾ ਦੀ ਪੱਤਝੜ ਤੇ ਪੰਜਾਬ ਦੀ ਬਹਾਰ

ਨੌਕਰੀ ਤੋਂ ਸੇਵਾਮੁਕਤ ਹੋ ਕੇ ਮੈਂ ਸੱਤ ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ ’ਚ ਬਿਤਾਉਂਦਾ ਆ ਰਿਹਾ ਹਾਂ। ਇਸ ਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿੱਚ ਹੋਣਾ ਤੇ ਛੋਟੇ ਦਾ ਕੈਨੇਡਾ ’ਚ।

ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਬੇਹੱਦ ਹੁਸੀਨ ਹੁੰਦੇ ਨੇ। ਰੰਗਾਂ ਦੀ ਛਹਿਬਰ ਲੱਗ ਜਾਂਦੀ ਹੈ। ਪੱਤਝੜ ਦੇ ਰੰਗ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾ ਦਿੰਦੇ ਨੇ। ਰੰਗਾਂ ਦਾ ਜਲੌਅ ਵੀ ਚੜ੍ਹਦੇ ਤੋਂ ਚੜ੍ਹਦਾ, ਸ਼ੋਖ ਤੋਂ ਸ਼ੋਖ ਤੇ ਸੋਹਣੇ ਤੋਂ ਸੋਹਣਾ। ਮੈਂ ਅਕਤੂਬਰ ਦੀਆਂ ਸ਼ਾਮਾਂ ਨੂੰ ਛਿਪਦੇ ਸੂਰਜ ਦੀ ਲਾਲੀ ’ਚ ਪਾਰਕਾਂ ਤੇ ਰੱਖਾਂ ਦੀਆਂ ਪਹੀਆਂ ’ਤੇ ਸੈਰ ਕਰਦਿਆਂ ਰੁੱਖਾਂ/ਝਾੜੀਆਂ ਉੱਤੇ ਅਤੇ ਹੇਠਾਂ ਧਰਤੀ ’ਤੇ ਰਚੀ ਰੰਗਾਂ ਦੀ ਅਪਾਰ ਲੀਲ੍ਹਾ ਵੇਖਦਾ ਹਾਂ। ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ-ਫੂਸ, ਰੁੱਖਾਂ-ਬੂਟਿਆਂ ਤੇ ਆਲੇ-ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ ਅਨੇਕ ਰੰਗ ਹੁੰਦੇ ਨੇ। ਖੜ੍ਹ-ਖੜ੍ਹ ਵੇਖੀਦਾ ਤੇ ਵੇਖ-ਵੇਖ ਤੁਰੀਦਾ ਹੈ। ਕੁਦਰਤ ਦੇ ਬਲਿਹਾਰੇ ਜਾਈਦਾ ਹੈ। ਖਿੜਨ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਲੱਗੇ ਵੀ ਟਹਿਕਦੇ ਨੇ!

ਧਰਤੀ ਦੇ ਰੰਗ ਵੇਖਦਿਆਂ ਕਦੇ-ਕਦੇ ਨਿਗ੍ਹਾ ਅੰਬਰ ਵੱਲ ਵੀ ਉੱਠਦੀ ਹੈ। ਅੰਬਰ ’ਚ ਤੈਰਦੀਆਂ ਤਿੱਤਰ-ਖੰਭੀਆਂ ਬੱਦਲੀਆਂ ਕਦੇ ਬੱਗੀਆਂ, ਕਾਲੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਨੇ। ਕਦੇ ਸੂਰਜ ਦੀ ਲਿਸ਼ਕੋਰ ’ਚ ਸੰਤਰੀ ਭਾਹ ਮਾਰਦੀਆਂ ਨੇ। ਲੱਗਦੈ ਜਿਵੇਂ ਬੱਦਲੀਆਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ-ਕਿਨਾਰੀ ਲੱਗੀ ਹੋਵੇ। ਉੱਡਦੇ ਪੰਖੇਰੂਆਂ ਦੇ ਖੰਭ ਪਲ-ਪਲ ਰੰਗ ਵਟਾਉਂਦੇ ਲੱਗਦੇ ਨੇ। ਕਦੇ ਕਾਲੇ, ਚਿੱਟੇ, ਕੇਸਰੀ ਤੇ ਕਦੇ ਕਪਾਹੀ ਦਿਸਦੇ ਹਨ। ਕਦੇ ਉੱਘੜਵੇਂ, ਮੱਧਮ, ਨਿੱਖਰੇ ਤੇ ਕਦੇ ਘਸਮੈਲੇ। ਹੇਠਾਂ ਰੁੱਖਾਂ ਤੇ ਵੇਲਾਂ ’ਤੇ ਰੰਗ ਖੇਡਦੇ ਨੇ, ਉੱਤੇ ਬੱਦਲਾਂ ਅਤੇ ਪੰਛੀਆਂ ਦੇ ਖੰਭਾਂ ’ਤੇ ਰੰਗ ਕਲੋਲਾਂ ਕਰਦੇ ਨੇ।

ਮੈਨੂੰ ਪੰਜਾਬ ਦੇ ਧਰਤ-ਦ੍ਰਿਸ਼ ਵੀ ਚੇਤੇ ਆਉਣ ਲੱਗਦੇ ਨੇ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾ ਸਰਸ਼ਾਰ ਕਰਦੀ ਰਹੀ ਹੈ। ਪੰਜਾਬ ਦੀਆਂ ਪੈਲੀਆਂ ਦੇ ਰੰਗ ਵੀ ਕਮਾਲ ਦੇ ਨੇ। ਦੂਰ-ਦਿਸਹੱਦਿਆਂ ਤੱਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ-ਰੰਗੀਆਂ ਧਾਰਾਂ ਦਾ ਵਹਿਣਾ, ਸੁਨਹਿਰੀ ਕਣਕਾਂ ਦਾ ਝੂਮਣਾ ਤੇ ਸੂਰਜਮੁਖੀ ਦੇ ਫੁੱਲਾਂ ਦਾ ਦਗ਼ਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ ਮੈਨੂੰ ਕਦੇ ਨਹੀਂ ਭੁੱਲਿਆ। ਸਰ੍ਹੋਂ ਦੇ ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ। ਤਦੇ ਤਾਂ ਲੋਕ ਗੀਤ ਜੁੜਿਆ: ਨਣਦ ਚੱਲੀ ਮੁਕਲਾਵੇ ਅਲਸੀ ਦੇ ਫੁੱਲ ਵਰਗੀ।

ਮੈਨੂੰ ਉਹ ਦ੍ਰਿਸ਼ ਮੁੜ-ਮੁੜ ਦਿਖਾਈ ਦਿੰਦੇ ਨੇ ਜਦੋਂ ਟਿੱਬਿਆਂ ਉੱਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਰੁੱਖ ਦੇ ਦੁਸਾਂਗ ਉੱਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਲਿਸ਼ਕਦੀਆਂ ਕਿਰਨਾਂ ਵਿੱਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਅਨੇਕਾਂ ਰੰਗਾਂ ’ਚ ਚਮਕਦੇ। ਕਦੇ ਉਹ ਹੀਰੇ ਮੋਤੀ ਬਣ ਜਾਂਦੇ ਤੇ ਉਨ੍ਹਾਂ ’ਚ ਪਈਆਂ ਸਤਰੰਗੀਆਂ ਪੀਂਘਾਂ ਦੇ ਹੁਲਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ ’ਤੇ ਮੋਰ ਦੀ ਧੌਣ ਤੇ ਕਲਗੀ ਵਰਗੀ ਸਾਵੀ-ਸੁਨਹਿਰੀ ਭਾਹ ਲਿਸ਼ਕਦੀ। ਲਵੀਆਂ ਕਣਕਾਂ ਤੋਤੇਰੰਗੀ ਸ਼ਨੀਲ ਦੀ ਭਾਹ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿੱਚ ਇਹ ਭਾਹ ਮੇਰੇ ਨਾਲ-ਨਾਲ ਤੁਰੀ ਜਾਂਦੀ।

ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਮੈਂ ਕੈਨੇਡਾ ਦੀ ਪੱਤਝੜ ਦੇ ਅਨੰਤ ਰੰਗ ਵੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ। ਬਾਬੇ ਦੀ ਬਾਣੀ ਵੀ ਕਹਿੰਦੀ ਹੈ: ਬਲਿਹਾਰੀ ਕੁਦਰਤਿ ਵਸਿਆ।। ਇੱਥੇ ਕਿਸੇ ਉੱਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਤੇ ਢਲਵਾਣਾਂ ’ਤੇ ਝਾਤ ਮਾਰਦਾ ਹਾਂ ਤਾਂ ਰੰਗਾਂ ਦੀ ਦੀਵਾਲੀ ਜਗਦੀ ਜਾਪਦੀ ਹੈ। ਅਨੇਕ ਰੰਗਾਂ ਦੀਆਂ ਫੁੱਲਝੜੀਆਂ ਚੱਲਦੀਆਂ ਮਲੂਮ ਹੁੰਦੀਆਂ ਨੇ। ਰੰਗਾਂ ਦੀ ਆਤਿਸ਼ਬਾਜ਼ੀ, ਉੱਪਰ ਆਕਾਸ਼ ’ਚ ਨਹੀਂ, ਧਰਤੀ ’ਤੇ ਹੋ ਰਹੀ ਲੱਗਦੀ ਹੈ। ਕਦੇ-ਕਦੇ ਮੈਂ ਰੁੱਖਾਂ ਬੂਟਿਆਂ ਤੇ ਫੁੱਲਾਂ ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਦਾ ਹਾਂ ਕਿ ਕੁਦਰਤ ਨੇ ਏਨੇ ਰੰਗ ਬਖ਼ਸ਼ੇ ਕਿੱਥੋਂ ਨੇ? ਕਿਹਾ ਜਾਂਦਾ ਹੈ ਕਿ ਹਰਾ, ਲਾਲ ਤੇ ਨੀਲਾ ਮੁੱਖ ਰੰਗ ਹਨ। ਓਲੰਪਿਕ ਖੇਡਾਂ ਦੇ ਝੰਡੇ ’ਤੇ ਵੀ ਇਨ੍ਹਾਂ ਰੰਗਾਂ ਦੇ ਹੀ ਚੱਕਰ ਪਰੋਏ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ ’ਚੋਂ ਹੀ ਨਿਕਲੇ ਹਨ ਤੇ ਉਹ ਏਨੇ ਰੰਗ ਬਣ ਗਏ ਨੇ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ ’ਚ ਇਨ੍ਹਾਂ ਰੰਗਾਂ ਦੇ ਵੱਖ-ਵੱਖ ਨਾਂ ਰੱਖੇ ਗਏ ਨੇ। ਰੰਗਾਂ ਦੀ ਸ਼ਨਾਖ਼ਤ ਕਰਨ ’ਚ ਪੰਜਾਬੀ ਬੋਲੀ ਵੀ ਕਿਸੇ ਤੋਂ ਘੱਟ ਨਹੀਂ।

ਸੈਰ ਕਰਦਾ ਮੈਂ ਵੇਖਦਾ ਹਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਕਿਸੇ ਦਾ ਦਾਖੀ, ਕਿਸੇ ਦਾ ਅੰਬਰੀ ਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਕੋਈ ਦਾਲਚੀਨੀ, ਕੋਈ ਮੂੰਗੀਆ, ਕੋਈ ਫਿਰੋਜ਼ੀ ਤੇ ਕੋਈ ਅੰਡਰਈ। ਕਿਸੇ ਦਾ ਗੁਲਾਬਾਸੀ, ਦੂਧੀਆ, ਰਾਣੀ ਕਲਰ, ਕਰੀਮ ਕਲਰ, ਕੱਚਾ ਪੀਲਾ, ਪੱਕਾ ਪੀਲਾ, ਸ਼ਬਨਮੀ, ਸੰਦਲੀ, ਲੂਸਣੀ, ਲਾਖਾ, ਸਾਵਾ, ਬੱਗਾ, ਬੂਰਾ, ਚਿਤਕਬਰਾ, ਮਟਮੈਲਾ, ਘਸਮੈਲਾ ਤੇ ਕੋਈ ਅਰਬੀ ਐ। ਕਿਸੇ ਦਾ ਰੰਗ ਮੋਰਪੰਖੀਆ, ਗੁਲਮੋਹਰੀ, ਯਾਕੂਤੀ ਤੇ ਕਿਸੇ ਦਾ ਸ਼ਰਬਤੀ!

ਖਿੱਲਰੇ ਪੱਤਿਆਂ ਤੇ ਖਿੜੇ ਫੁੱਲਾਂ ਦੀਆਂ ਪੱਤੀਆਂ ਤੇ ਫਲਾਂ ਦੇ ਰੰਗ ਰਾਹ ਜਾਂਦਿਆਂ ਨੂੰ ਰੋਕਦੇ ਨੇ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਫਲ ਦਿਸਦੇ ਨੇ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਬਦਾਮੀ, ਬਿਸਕੁਟੀ, ਗਾਜਰੀ ਤੇ ਕਿਸੇ ਦਾ ਸੰਤਰੀ। ਮਧਰੀਆਂ ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਬੇਰਾਂ ਵਰਗੇ ਨਿੱਕੇ ਸੁਰਖ਼ ਫਲ ਖਾਣ ਨੂੰ ਜੀਅ ਕਰਦਾ ਹੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਨੇ। ਕਦੇ-ਕਦੇ ਤੋੜ ਵੀ ਬੈਠਦੇ ਹਾਂ। ਝਾੜੀਆਂ ਦੇ ਪੱਤੇ ਭਾਵੇਂ ਨਿੱਕੇ ਹੁੰਦੇ ਨੇ ਪਰ ਉਨ੍ਹਾਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਾਹਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਨੇ। ਕਿਸੇ ਦੀ ਪੱਤੀ ਦਾ ਰੰਗ ਮੋਤੀਆ, ਬਡਮੋਤੀਆ, ਕੱਦੂਮੋਤੀਆ, ਕਪੂਰੀ, ਘਿਉਕਪੂਰੀ, ਕਿਸੇ ਦਾ ਪਿਆਜ਼ੀ ਤੇ ਕਿਸੇ ਦਾ ਹਵਾਪਿਆਜ਼ੀ।

ਕੈਨੇਡਾ ਦਾ ਰਾਸ਼ਟਰੀ ਰੁੱਖ ਮੇਪਲ ਟ੍ਰੀ ਹੈ। ਮੇਪਲ ਦਾ ਪੱਤਾ ਕੈਨੇਡਾ ਦੇ ਰਾਸ਼ਟਰੀ ਝੰਡੇ ’ਤੇ ਅੰਕਿਤ ਹੈ। ਕੈਨੇਡਾ ’ਚ ਉਂਜ ਵੀ ਮੇਪਲ ਰੁੱਖਾਂ ਦੀ ਭਰਮਾਰ ਹੈ। ਰੁੱਖ ਭਾਵੇਂ ਕੋਈ ਵੀ ਹੈ ਪੱਤੇ ਉਹਦੇ ਮੇਪਲ ਵਰਗੇ ਹੀ ਲੱਗਦੇ ਨੇ। ਪੱਤਝੜ ’ਚ ਮੇਪਲ ਦੇ ਪੱਤੇ ਵੀ ਅਨੇਕ ਰੰਗ ਵਟਾਉਂਦੇ ਨੇ। ਮੇਪਲ ਜਦੋਂ ਹਰਿਆ ਭਰਿਆ ਹੋਵੇ ਤਾਂ ਤੋਤੇਰੰਗਾ ਹੁੰਦੈ ਜਿਨ੍ਹਾਂ ’ਚ ਤੋਤੇ ਲੁਕ ਵੀ ਸਕਦੇ ਨੇ। ਇਹਦੇ ਪੱਤੇ ਕਦੇ ਤਰਬੂਜ਼ੀਆ, ਬੈਂਗਣੀ, ਜਾਮਣੀ, ਮਹਿੰਦੀਰੰਗੇ, ਨਸਵਾਰੀ ਤੇ ਕਦੇ ਲਾਜਵਰੀ ਰੰਗਾਂ ’ਚ ਰੰਗੇ ਜਾਂਦੇ ਨੇ। ਪੱਤਝੜ ਦੀ ਰੁੱਤੇ ਪੱਤੇ ਤੇ ਫੁੱਲ, ਰੁੱਖਾਂ ਤੇ ਬੂਟਿਆਂ ਉੱਤੇ ਹੀ ਰੰਗ ਵਟਾਉਂਦੇ ਰਹਿੰਦੇ ਨੇ। ਰੁੱਖ ਇੰਜ ਲੱਗਦੇ ਨੇ ਜਿਵੇਂ ਰੰਗ ਬਰੰਗੀਆਂ ਚੀਨੀ/ਜਪਾਨੀ ਛਤਰੀਆਂ ਤਾਣੀਆਂ ਹੋਣ। ਧਰਤੀ ’ਤੇ ਡਿੱਗੇ ਪਏ ਪੱਤਿਆਂ ਤੇ ਫੁੱਲ-ਪੱਤੀਆਂ ’ਤੇ ਝਾਤ ਮਾਰੀਏ ਤਾਂ ਇਉਂ ਲੱਗਦੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ ’ਚ ਅਸਮਾਨੀ ਰੰਗ ਵੀ ਹੁੰਦੇ ਨੇ, ਸਰ੍ਹੋਂ-ਫੁੱਲੇ ਵੀ, ਊਦੇ ਵੀ, ਮੋਰਪੰਖੀਏ ਵੀ, ਗਿੱਦੜਰੰਗੇ ਵੀ ਤੇ ਘੁੱਗੀਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦੈ, ਭਗਵਾਂ, ਗੇਰੂਆ, ਗੁਲਾਨਾਰੀ, ਉਨਾਭੀ, ਜਾਮਣੀ, ਗੁਲਾਬੀ, ਕਬੂਤਰੀ ਤੇ ਕਿਸੇ ਦਾ ਕਿਰਮਚੀ।

ਮੈਂ ਬਾਰੀ ’ਚੋਂ ਬਾਹਰ ਵੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ ’ਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫੇਰੇ ਚਿੱਟਾ ਚਾਨਣ ਹੋ ਗਿਆ। ਸੂਰਜ ਦੀਆਂ ਧੁਪੀਲੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ ’ਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਲੱਗਾ ਜਿਵੇਂ ਹਵਾ ਬਾਰੀਆਂ ’ਚੋਂ ਬਣ ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ ’ਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆ, ਅੰਬਰਸੀਆ, ਗਾਜਰੀ, ਲਸੂੜੀਆ, ਨਾਸ਼ਪਾਤੀ ਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਇੰ ਦਾਖੀ ਤੇ ਖਾਕੀ ਜਿਹੀ ਸੀ। ਛੰਭ ਦਾ ਪਾਣੀ ਭਾਵੇਂ ਸਾਂਵਲਾ ਸੀ ਪਰ ਝੀਲ ਦਾ ਪਾਣੀ ਨੀਲਾ ਤੇ ਨਿਰਮਲ ਸੀ। ਫੁਹਾਰਿਆਂ ’ਚੋਂ ਚਾਂਦੀਰੰਗੇ, ਤਾਂਬੇਰੰਗੇ ਤੇ ਸੋਨਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ ਸੀ ਤੇ ਛਾਂ ਸਾਂਵਲੀ। ਲੰਮ-ਸਲੰਮੀਆਂ ਝਾੜੀਆਂ ਹਰੀਆਂ ਚੁੰਨੀਆਂ ਲਈ ਘੁੰਡ ਕੱਢੀ ਖੜ੍ਹੀਆਂ ਸਨ। ਪੱਤਿਆਂ ’ਚ ਟਹਿਕ ਸੀ ਤੇ ਫੁੱਲਾਂ ’ਚ ਮਹਿਕ।

ਕੈਨੇਡਾ ਦੀਆਂ ਚਾਰ ਰੁੱਤਾਂ ’ਚੋਂ ਸਭ ਤੋਂ ਸਖ਼ਤ ਰੁੱਤ ਸਰਦੀ ਦੀ ਗਿਣੀ ਜਾਂਦੀ ਹੈ। ਬਾਹਰ ਨਿਕਲਦਿਆਂ ਹੱਡ ਪੈਰ ਠਰਨ ਲੱਗਦੇ ਨੇ। ਉਦੋਂ ਬਾਰੀਆਂ ’ਚੋਂ ਬਾਹਰ ਬਰਫ਼ਾਂ ਦਾ ਸਫ਼ੈਦ ਰੰਗ ਦਿਸਦੈ ਜਾਂ ਸੁੱਕੇ ਰੁੱਖਾਂ ਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਰੰਗ ਬਹਾਰ ’ਚ ਉਗਮਦੇ ਨੇ ਤੇ ਗਰਮੀਆਂ ’ਚ ਪੱਕਦੇ ਨੇ। ਬਹਾਰ ਸੋਹਣੀ ਹੈ ਤੇ ਗਰਮੀ ਸੁਖਾਵੀਂ, ਪਰ ਪੱਤਝੜ ਵੀ ਕਿਸੇ ਤੋਂ ਘੱਟ ਨਹੀਂ। ਤਦੇ ਤਾਂ ਸ਼ੁਰੂ ’ਚ ਕਿਹਾ ਸੀ ਕਿ ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ’ਚ ਰੰਗਾਂ ਦੇ ਨਾਂ ਰੱਖਣ ਵਾਲਿਆਂ ਦੇ ਵੀ ਕਿਆ ਕਹਿਣੇ! ਰੰਗਾਂ ਦੇ ਸੌ ਕੁ ਨਾਂ ਤਾਂ ਰੱਖੇ ਹੀ ਗਏ ਨੇ ਤੇ ਹੋਰ ਵੀ ਰੱਖੇ ਜਾ ਰਹੇ ਨੇ। ਮੈਂ ਕੈਨੇਡਾ ਦੀ ਪੱਤਝੜ ਨੂੰ ਸਿਰ ਨਿਵਾਉਂਦਾ ਹਾਂ, ਜਿਸ ਨੇ ਮੈਨੂੰ ਮੇਰੀ ਮਾਂ-ਬੋਲੀ ਪੰਜਾਬੀ ਦੇ ਭੁੱਲ ਰਹੇ ਰੰਗ ਮੁੜ ਚੇਤੇ ਕਰਾ ਦਿੱਤੇ ਨੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤਪੜ੍ਹੋ →
ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ; ਸੀਐਮ ਮਾਨ ਨੇ ਕੀਤੇ ਹੋਰ ਵੱਡੇ ਐਲਾਨਪੜ੍ਹੋ →
ਸਮਾਣਾ ਤੋਂ ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕੀਤਾ ਐਲਾਨਪੜ੍ਹੋ →
ਖੇਮਕਰਨ ਗੋਲੀਕਾਂਡ ਦੀ ਨਵੀਂ ਵੀਡੀਓ ਵਾਇਰਲ, ਥਾਰ ‘ਚ ਬੈਠੇ ਮਨਜੀਤ ਸਿੰਘ ਕੱਟਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾਈ ਗਈ ਵੀਡੀਓ ਆਈ ਸਾਹਮਣੇਪੜ੍ਹੋ →
ਪਹਾੜਾਂ ਦੀਆਂ ਵਾਦੀਆਂ ‘ਚ ਕੁੜੀ ਨੇ ਕੀਤਾ ਅਜਿਹਾ ਡਾਂਸ, ਦਿਲਕਸ਼ ਅਦਾਵਾਂ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾਪੜ੍ਹੋ →
ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਵੱਡੀ ਆਰਥਿਕ ਮਦਦ ਦੀ ਕੀਤੀ ਘੋਸ਼ਣਾਪੜ੍ਹੋ →