ਇਨੋਵੇਸ਼ਨ ਲੈਬਾਂ ਨਾਲ ਨੌਜਵਾਨਾਂ ਦਾ ਹੁਨਰ ਵਿਕਾਸ
ਤਕਨੀਕੀ ਸਿੱਖਿਆ ਦਾ ਬਦਲਦਾ ਰੂਪ ਹੁਣ ਸਿਰਫ਼ ਕਿਤਾਬਾਂ ਅਤੇ ਰਵਾਇਤੀ ਪ੍ਰਯੋਗਸ਼ਾਲਾਵਾਂ ਤੱਕ ਹੀ ਸੀਮਤ ਨਹੀਂ ਰਿਹਾ। ਉਦਯੋਗਾਂ ਵਿੱਚ ਤੇਜ਼ੀ ਨਾਲ ਬਦਲਦੀਆਂ ਤਕਨੀਕਾਂ ਦੇ ਦੌਰ ਵਿੱਚ ਵਿਦਿਆਰਥੀਆਂ ਲਈ ਅਜਿਹੇ ਵਿਦਿਅਕ ਮਾਹੌਲ ਦੀ ਲੋੜ ਹੈ, ਜਿੱਥੇ ਉਹ ਖ਼ੁਦ ਤਜਰਬੇ ਕਰ ਸਕਣ, ਸਮੱਸਿਆਵਾਂ ਦੇ ਹੱਲ ਲੱਭ ਸਕਣ ਅਤੇ ਆਪਣੇ ਵਿਚਾਰਾਂ ਨੂੰ ਪ੍ਰੋਟੋਟਾਈਪ ਵਿੱਚ ਤਬਦੀਲ ਕਰ ਸਕਣ।
ਪੰਜਾਬ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਇਨੋਵੇਸ਼ਨ ਲੈਬਾਂ ਇਸ ਦਿਸ਼ਾ ਵਿੱਚ ਇੱਕ ਅਹਿਮ ਪਹਿਲ ਵਜੋਂ ਸਾਹਮਣੇ ਆਈਆਂ ਹਨ। ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸੂਬੇ ਦੇ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਖ਼ੂਨੀ ਮਾਜਰਾ, ਬਠਿੰਡਾ, ਫ਼ਿਰੋਜ਼ਪੁਰ, ਬਡਬਰ ਅਤੇ ਤਲਵਾੜਾ ਵਿੱਚ ਇਨੋਵੇਸ਼ਨ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ।
ਇਨ੍ਹਾਂ ਲੈਬਾਂ ਉੱਤੇ ਕੁੱਲ 1.5 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਅਤੇ ਮਸ਼ੀਨਰੀ ਤੱਕ ਅਮਲੀ ਪਹੁੰਚ ਮੁਹੱਈਆ ਕਰਵਾਉਣਾ ਅਤੇ ਤਕਨੀਕੀ ਸਿੱਖਿਆ ਨੂੰ ਤਜਰਬੇ ’ਤੇ ਆਧਾਰਿਤ ਬਣਾਉਣਾ ਹੈ।
ਕਿਤਾਬਾਂ ਤੋਂ ਅੱਗੇ ਪ੍ਰਯੋਗ ਵੱਲ: ਇਨ੍ਹਾਂ ਇਨੋਵੇਸ਼ਨ ਲੈਬਾਂ ਨੂੰ ‘ਪ੍ਰੈਕਟੀਕਲ ਮੇਕਰ ਸਪੇਸ’ ਵਜੋਂ ਤਿਆਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਸਿਰਫ਼ ਕਿਸੇ ਤਕਨੀਕ ਬਾਰੇ ਪੜ੍ਹਨਗੇ ਹੀ ਨਹੀਂ ਸਗੋਂ ਉਸ ਉੱਤੇ ਸਿੱਧੇ ਤੌਰ ’ਤੇ ਕੰਮ ਵੀ ਕਰ ਸਕਣਗੇ। ਕਿਸੇ ਵਿਚਾਰ ਨੂੰ ਵਿਕਸਿਤ ਕਰਨ, ਉਸ ਦਾ ਮਾਡਲ ਤਿਆਰ ਕਰਨ ਤੇ ਉਸ ਵਿੱਚੋਂ ਕਮੀਆਂ ਲੱਭ ਕੇ ਉਸ ਨੂੰ ਹੋਰ ਬਿਹਤਰ ਬਣਾਉਣ ਦੀ ਪ੍ਰਕਿਰਿਆ ਵਿਦਿਆਰਥੀਆਂ ਦੇ ਤਕਨੀਕੀ ਤਜਰਬੇ ਦਾ ਅਨਿੱਖੜਵਾਂ ਅੰਗ ਬਣ ਸਕਦੀ ਹੈ। ਤਕਨੀਕੀ ਸਿੱਖਿਆ ਵਿੱਚ ਇਸ ਤਰ੍ਹਾਂ ਦੇ ਤਜਰਬੇ ਵਾਲੇ ਪ੍ਰਬੰਧ ਦੀ ਅਹਿਮੀਅਤ ਇਸ ਕਰਕੇ ਵੀ ਵਧ ਗਈ ਹੈ ਕਿਉਂਕਿ ਰੁਜ਼ਗਾਰ ਮੰਡੀ ਵਿੱਚ ਕਿਤਾਬੀ ਗਿਆਨ ਦੇ ਨਾਲ-ਨਾਲ ਅਮਲੀ ਹੁਨਰ ਦੀ ਵੀ ਭਾਰੀ ਮੰਗ ਹੈ।
ਇਨ੍ਹਾਂ ਲੈਬਾਂ ਜ਼ਰੀਏ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਿਕ ਸੋਚ ਨੂੰ ਤਕਨੀਕੀ ਪ੍ਰੋਜੈਕਟਾਂ ਵਜੋਂ ਅੱਗੇ ਵਧਾਉਣ ਦਾ ਸੁਨਹਿਰੀ ਮੌਕਾ ਦੇਣ ਦੀ ਯੋਜਨਾ ਉਲੀਕੀ ਗਈ ਹੈ। ਸੂਬੇ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਮੁਤਾਬਿਕ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀ ਪੰਜਾਬ ਦੀ ਆਉਣ ਵਾਲੀ ਤਕਨੀਕੀ ਕਿਰਤ ਸ਼ਕਤੀ ਦਾ ਅਹਿਮ ਹਿੱਸਾ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੌਜਵਾਨਾਂ ਨੂੰ ਤਕਨੀਕੀ ਹੁਨਰ ਨਾਲ ਲੈਸ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਪਰਾਲੇ ਤਹਿਤ ਵਿਦਿਆਰਥੀਆਂ ਨੂੰ ਤਕਨੀਕ-ਆਧਾਰਿਤ ਮੁਕਾਬਲਿਆਂ ਅਤੇ ਪ੍ਰੋਟੋਟਾਈਪ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕੌਮੀ ਪੱਧਰ ਦਾ ਮੰਚ ਦਿੱਤਾ ਜਾ ਰਿਹਾ ਹੈ। ਇਸ ਨਾਲ ਕਾਲਜਾਂ ਦਾ ਧਿਆਨ ਹੁਣ ਸਿਰਫ਼ ਸਿਲੇਬਸ ਖ਼ਤਮ ਕਰਨ ਅਤੇ ਇਮਤਿਹਾਨ ਦੇਣ ਤੋਂ ਹਟ ਕੇ ਪ੍ਰੋਜੈਕਟ ਆਧਾਰਿਤ ਸਿੱਖਿਆ ਉੱਤੇ ਕੇਂਦਰਿਤ ਹੋ ਰਿਹਾ ਹੈ। ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਨਾ ਸਿਰਫ਼ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਸੋਚ ਅਤੇ ਨਵੀਨਤਾ ਨੂੰ ਹੱਲਾਸ਼ੇਰੀ ਦੇ ਰਹੀ ਹੈ ਸਗੋਂ ਸੂਬੇ ਵਿੱਚ ਇੱਕ ਨਵਾਂ ‘ਸਟਾਰਟਅੱਪ ਅਤੇ ਇਨੋਵੇਸ਼ਨ ਕਲਚਰ’ ਵੀ ਸਿਰਜ ਰਹੀ ਹੈ। ਜਦੋਂ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬੀ ਗਿਆਨ ਦੇ ਨਾਲ-ਨਾਲ ਹੁਨਰ ਵੀ ਹੋਵੇਗਾ ਤਾਂ ਪੰਜਾਬ ਦਾ ਤਕਨੀਕੀ ਭਵਿੱਖ ਯਕੀਨਨ ਹੋਰ ਵੀ ਰੌਸ਼ਨ ਹੋ ਉੱਠੇਗਾ।
